ਮੂਰਤੀ ਦਰਸ਼ਨ ਯਾਤਰਾ ਅੱਜ ਜਲੰਧਰ ‘ਚ 

-ਪੰਜਾਬੀਲੋਕ ਬਿਊਰੋ
ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦਰਸ਼ਨ ਯਾਤਰਾ ਲੁਧਿਆਣਾ ਤੋਂ ਚੱਲ ਕੇ ਅੱਜ ਜਲੰਧਰ ਜਿਲੇ ਵਿਚ ਪ੍ਰਵੇਸ਼ ਕਰੇਗੀ, ਜਿਸ ਦੌਰਾਨ ਸਤਲੁਜ ਦਰਿਆ ਉੱਪਰ ਬਣੇ ਪੁਲ ਨੇੜੇ ਇਸ ਯਾਤਰਾ ਦਾ ਜਲੰਧਰ ਜਿਲੇ ਵਿਚ ਪ੍ਰਵੇਸ਼ ਕਰਨ  ‘ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਯਾਤਰਾ ਦੇ ਭਰਪੂਰ ਸਵਾਗਤ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂÎ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਫਿਲੌਰ ਤੋਂ ਇਲਾਵਾ ਗੁਰਾਇਆ ਵਿਖੇ ਵੀ ਯਾਤਰਾ ਦਾ ਭਰਵਾਂ ਸਵਾਗਤ ਹੋਵੇਗਾ, ਜਿਥੋਂ ਫਗਵਾੜਾ ਤੋਂ ਹੁੰਦੀ ਹੋਈ ਇਹ ਯਾਤਰਾ ਹੁਸ਼ਿਆਰਪੁਰ ਜਿਲੇ ਵਿਚ ਪ੍ਰਵੇਸ਼ ਕਰੇਗੀ। 25 ਨਵੰਬਰ ਨੂੰ ਹੁਸ਼ਿਆਰਪੁਰ ਤੋਂ ਆਦਮਪੁਰ-ਜਲੰਧਰ ਛਾਉੁਣੀ  ਹੁੰਦੇ ਹੋਏ ਯਾਤਰਾ ਦਾ ਜਲੰਧਰ ਵਿਖੇ ਰਾਤ ਨੂੰ ਪੜਾਅ ਹੋਵੇਗਾ। ਅਗਲੇ ਦਿਨ 26 ਨਵੰਬਰ ਨੂੰ ਯਾਤਰਾ ਜਲੰਧਰ-ਨਕੋਦਰ-ਸ਼ਾਹਕੋਟ ਹੁੰਦੇ ਹੋਏ ਸੁਲਤਾਨਪੁਰ ਲੋਧੀ ਤੋਂ ਜਿਲਾ ਕਪੂਰਥਲਾ ਵਿਚ ਪ੍ਰਵੇਸ਼ ਕਰੇਗੀ।  ਉਹਨਾਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੀ ਇਹ ਪ੍ਰਤਿਮਾ ਸ਼ੋਭਾ ਯਾਤਰਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਦੀ ਗੁਜ਼ਰ ਕੇ ਅੰਮ੍ਰਿਤਸਰ ਵਿਖੇ ਪਹੁੰਚੇਗੀ ਅਤੇ 1 ਦਸੰਬਰ, 2016 ਨੂੰ ਭਗਵਾਨ ਸ੍ਰੀ ਵਾਲਮੀਕਿ ਸਥਲ (ਰਾਮ ਤੀਰਥ) ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਭਗਵਾਨ ਵਾਲਮੀਕਿ ਜੀ ਦੀ ਇਹ ਪਵਿੱਤਰ ਪ੍ਰਤਿਮਾ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਸੁਸ਼ੋਭਿਤ ਕੀਤੀ ਜਾਵੇਗੀ।