ਨੋਟਬੰਦੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਜ਼ੋਰਦਾਰ ਹੱਲੇ

ਡਾ ਮਨਮੋਹਨ ਸਿੰਘ ਨੇ ਪੀ ਐਮ ਨੂੰ ਕੀਤੇ ਤਿੱਖੇ ਸਵਾਲ
-ਪੰਜਾਬੀਲੋਕ ਬਿਊਰੋ
”ਉਹ ਕਿਹੜਾ ਦੇਸ਼ ਹੈ ਜਿੱਥੇ ਪੈਸੇ ਜਮਾਂ ਕਰਾਏ ਜਾ ਸਕਦੇ ਹਨ ਪਰ ਕੱਢਵਾਏ ਨਹੀਂ ਜਾ ਸਕਦੇ?” ਇਹ ਤਿੱਖਾ ਸਵਾਲ ਅੱਜ ਰਾਜ ਸਭਾ ਵਿੱਚ ਸਾਬਕਾ ਪੀ ਐਮ ਡਾ ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਲੈ ਕੇ ਪੀ ਐਮ ਮੋਦੀ ਨੂੰ ਮੁਖਾਤਬ ਹੋ ਕੇ ਕੀਤਾ। ਡਾ ਸਿੰਘ  ਨੇ ਕਿਹਾ ਕਿ ਨੋਟਬੰਦੀ ਦੇ ਮਕਸਦ ‘ਤੇ ਕੋਈ ਸਵਾਲ ਨਹੀਂ ਪਰ ਇਸ ਨੂੰ ਲਾਗੂ ਕਰਨ ਦਾ ਢੰਗ ਸਹੀ ਨਹੀਂ ਹੈ। ਨੋਟਬੰਦੀ ਲਈ ਪੂਰੀ ਯੋਜਨਾ ਨਾ ਹੋਣ ਕਰਾਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੇਸ਼ ਦੀ ਵਿਕਾਸ ਦਰ ਦੋ ਫੀਸਦੀ ਤੱਕ ਡਿੱਗ ਸਕਦੀ ਹੈ। ਨੋਟਬੰਦੀ ਕਰਕੇ ਦੇਸ਼ ਵਿੱਚ 65 ਮੌਤਾਂ ਹੋ ਚੁੱਕੀਆਂ ਹਨ। ਲੋਕ ਆਪਣਾ ਹੀ ਪੈਸਾ ਨਹੀਂ ਕੱਢਵਾ ਸਕਦੇ। ਉਹ ਜ਼ਰੂਰੀ ਕੰਮਾਂ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੋਟਬੰਦੀ ਦੇ ਫੈਸਲੇ ਨੂੰ ਲਾਗੂ ਕਰਨ ਵਿੱਚ ਪੂਰੀ ਤਰਾਂ ਫੇਲ ਰਹੀ ਹੈ। ਉਹਨਾਂ ਕਿਹਾ ਕਿ ਨੋਟਬੰਦੀ ਲੁੱਟ ਵਾਂਗ ਹੈ।
ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਸ ਦੇ ਕੀ ਫਾਇਦੇ ਹੋਣਗੇ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਵਾਰ-ਵਾਰ ਨਿਯਮ ਬਦਲੇ ਹਨ। ਇਸ ਤੋਂ ਸਪਸ਼ਟ ਹੈ ਕਿ ਪੀ.ਐਮ.ਓ., ਵਿੱਤ ਮੰਤਰਾਲੇ ਤੇ ਆਰ.ਬੀ.ਆਈ. ਕੋਲ ਕੋਈ ਪੁਖਤਾ ਯੋਜਨਾ ਨਹੀਂ ਸੀ ਤੇ ਸਰਕਾਰ ਇਸ ਨੂੰ ਲਾਗੂ ਕਰਨ ਵਿੱਚ ਬੁਰੀ ਤਰਾਂ ਫੇਲ ਹੀ ਹੈ।
ਸਦਨ ‘ਚ ਪ੍ਰਧਾਨ ਮੰਤਰੀ ਦੀ ਹਾਜ਼ਰੀ ਨੂੰ ਲੈ ਕੇ ਵਿਰੋਧੀ ਧਿਰ ਨੇ ਰਾਜ ਸਭਾ ‘ਚ ਹੰਗਾਮਾ ਜਾਰੀ ਰੱਖਿਆ। ਵਿਰੋਧੀ ਧਿਰ ਨੇ ਦੋਸ਼ ਲਗਾਇਆ ਕਿ ਸਰਵ ਪਾਰਟੀ ਮੀਟਿੰਗ ‘ਚ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਸਦਨ ‘ਚ ਹਾਜ਼ਰੀ ਦੀ ਗੱਲ ਮੰਨੀ ਸੀ ਪਰ ਹੁਣ ਪ੍ਰਧਾਨ ਮੰਤਰੀ ਸਦਨ ‘ਚੋਂ ਗ਼ਾਇਬ ਹੋ ਰਹੇ ਹਨ। ਰਾਜ ਸਭਾ ਨੂੰ ਕੱਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ।
ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੋਸ਼ ਲਗਾਇਆ ਕਿ ਵਿਰੋਧੀ ਧਿਰ ਜਾਣਬੁੱਝ ਕੇ ਸੰਸਦ ਦੀ ਕਾਰਵਾਈ ਰੋਕ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਨੋਟ ਬੰਦੀ ਦੇ ਮੁੱਦੇ ‘ਤੇ ਚਰਚਾ ਲਈ ਤਿਆਰ ਹੈ ਪਰ ਵਿਰੋਧੀ ਧਿਰ ਬਹਾਨੇ ਲੱਭ ਰਹੀ ਹੈ, ਸਰਕਾਰ ਨੇ 70 ਸਾਲਾਂ ਦੇ ਕਾਲੇ ਧਨ ਨੂੰ ਸਾਹਮਣੇ ਲਿਆਉਣ ਲਈ ਨੋਟ ਬੰਦੀ ਦਾ ਫ਼ੈਸਲਾ ਕੀਤਾ ਗਿਆ ਹੈ।
ਓਧਰ ਭਾਜਪਾ ਦੇ ਐਮ ਪੀ ਸ਼ਤਰੂਘਨ ਸਿਨਹਾ ਨੇ ਲਗਾਤਾਰ ਤਿੰਨ ਟਵੀਟ ਕਰ ਨੋਟਬੰਦੀ ਲਈ ਪੀ ਐਮ ਐਪ ਜ਼ਰੀਏ ਕਰਵਾਏ ਗਏ ਸਰਵੇ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ‘ਭਰਮ ਭੁਲੇਖੇ ਦੀ ਦੁਨੀਆਂ ‘ਚ ਜਿਉਣਾ ਬੰਦ ਕਰੋ। ਇਹ ਮਨਘੜਤ ਕਹਾਣੀਆਂ ਅਤੇ ਸਰਵੇ ਨਿੱਜੀ ਜਿੱਤ ਲਈ ਕਰਵਾਏ ਗਏ ਹਨ। ”
ਯਾਦ ਰਹੇ ਪੀ ਐਮ ਮੋਦੀ ਨੇ ਨੋਟਬੰਦੀ ‘ਤੇ ਟਵੀਟ ਕਰ ਲੋਕਾਂ ਤੋਂ ਰਾਇ ਮੰਗੀ ਸੀ। ਇਸ ਸਰਵੇ ਦਾ ਰਿਜ਼ਲਟ ਆ ਗਿਆ ਹੈ। ਸਰਵੇ ਮੁਤਾਬਕ ਐਪ ‘ਤੇ 5 ਲੱਖ ਲੋਕਾਂ ਨੇ ਆਪਣੀ ਰਾਇ ਦਿੱਤੀ ਹੈ। ਇਹਨਾਂ ‘ਚ ਕਰੀਬ 93 ਪ੍ਰਤੀਸ਼ਤ ਲੋਕਾਂ ਨੇ ਨੋਟਬੰਦੀ ਦਾ ਸਮਰਥਨ ਕੀਤਾ ਹੈ। ਇਹ ਸਰਵੇ ਨਰੇਂਦਰ ਮੋਦੀ ਐਪ ‘ਤੇ ਕੀਤਾ ਗਿਆ ਹੈ।
ਨੋਟ ਬੰਦੀ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਤ 8 ਵਜੇ ਕੈਬਿਨਟ ਦੀ ਮੀਟਿੰਗ ਬੁਲਾਈ ਹੈ।