ਡਾ ਬਲਬੀਰ ਕਰਨਗੇ ਆਪ ਵਲੋਂ ਕੈਪਟਨ ਦਾ ਮੁਕਾਬਲਾ

ਨਰਸਾਂ ਦੀ ਗ੍ਰਿਫਤਾਰੀ ਦੀ ਕੇਜਰੀਵਾਲ ਵਲੋਂ ਨਿੰਦਾ
ਵਕੀਲ ਮੁਹੱਈਆ ਕਰਵਾ ਕੇ ਦੇਣ ਦਾ ਵਾਅਦਾ
-ਪੰਜਾਬੀਲੋਕ ਬਿਊਰੋ
ਸਮਾਣਾ ਵਿੱਚ ਰੈਲੀ ‘ਚ ਅਰਵਿੰਦ ਕੇਜਰੀਵਾਲ ਨੇ ਪਟਿਆਲਾ ਹਲਕੇ ਤੋਂ ਡਾ ਬਲਬੀਰ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਤੇ ਹਲਕਾ ਵਾਸੀਆਂ ਨੂੰ ਆਮ ਆਦਮੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਡਾ ਬਲਬੀਰ ਸਿੰਘ ਡਾ ਧਰਮਵੀਰ ਗਾਂਧੀ ਦੇ ਕਰੀਬੀ ਰਹੇ ਹਨ, ਪਰ ਗਾਂਧੀ ਦੇ ਪਾਰਟੀ ਨਾਲ ਵਖਰੇਵੇਂ ਮਗਰੋਂ ਡਾ ਬਲਬੀਰ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਸੀ, ਜਿਸ ਮਗਰੋਂ ਚਰਚਾ ਹੋ ਰਹੀ ਸੀ ਕਿ ਉਹੀ ਪਾਰਟੀ ਉਮੀਦਵਾਰ ਹੋਣਗੇ।
ਨਰਸਾਂ ਦੀ ਗ੍ਰਿਫਤਾਰੀ ਦੀ ਕੇਜਰੀਵਾਲ ਵਲੋਂ ਨਿੰਦਾ
ਪਿਛਲੇ ਕਈ ਦਿਨਾਂ ਤੋਂ ਪਟਿਆਲਾ ਵਿੱਚ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਵਲੋਂ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ। ਇਹਨਾਂ ਵਿਚੋਂ ਇਕ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਇਹਨਾਂ ਸੰਘਰਸ਼ ਕਰ ਰਹੀਆਂ ਨਰਸਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲੀਂ ਡੱਕਿਆ ਹੋਇਆ ਹੈ, ਗ੍ਰਿਫਤਾਰ ਕੀਤੀਆਂ ਕਈ ਨਰਸਾਂ ਗਰਭਵਤੀ ਹਨ। ਇਹਨਾਂ ਦੇ ਵਾਰਸ ਮਾਪੇ ਤੇ ਬੱਚੇ ਰਜਿੰਦਰਾ ਹਸਪਤਾਲ ਮੂਹਰੇ ਧਰਨੇ ‘ਤੇ ਬੈਠੇ ਨੇ, ਜਿਹਨਾਂ ਨੂੰ ਅੱਜ ਕੇਜਰੀਵਾਲ ਮਿਲਣ ਜਾ ਪੁੱਜੇ, ਕੇਜਰੀਵਾਲ ਦੇ ਆਉਣ ਦੀ ਭਿਣਕ ਪੈਂਦਿਆਂ ਹੀ ਪ੍ਰਸ਼ਾਸਨ ਧਰਨਾਕਾਰੀਆਂ ਨੂੰ ਜਬਰੀ ਉਠਾਉਣ ਲੱਗਿਆ, ਪਰ ਕੇਜਰੀਵਾਲ ਜਾ ਪੁੱਜੇ ਤੇ ਨਰਸਾਂ ਲਈ ਪਾਰਟੀ ਵਲੋਂ ਵਕੀਲ ਕਰਕੇ ਦੇਣ ਦਾ ਐਲਾਨ ਕੀਤਾ ਤੇ ਸਰਕਾਰ ਆਉਣ ‘ਤੇ ਉਹਨਾਂ ਦੀ ਨੌਕਰੀ ਪੱਕੀ ਕਰਨ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਗਰਭਵਤੀ ਨਰਸਾਂ ਦੀ ਗਿਰਫਤਾਰੀ ‘ਤੇ ਬਾਦਲ ਸਰਕਾਰ ਦੀ ਨਿੰਦਾ ਕੀਤੀ ਤੇ ਨਰਸਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ।