ਸੁਖਬੀਰ ਨੇ ਜਲਾਲਾਬਾਦ ‘ਚ ਲਾਇਆ ਮੋਰਚਾ

ਕਿਹਾ ਐਤਕੀਂ ਜਿਤਾ ਦਿਓ ਕੋਠੀਆਂ ਪਾ ਦਊਂ..
-ਪੰਜਾਬੀਲੋਕ ਬਿਊਰੋ
ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਨਾਂ ਦਾ ਐਲਾਨ ਹੁੰਦੇ ਹੀ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਵਿੱਚ ਸਰਗਰਮ ਹੋ ਗਏ ਨੇ, ਤੇ ਓਥੇ ਜਾ ਪੁੱਜੇ,  ਉਹਨਾਂ ਨੇ ਪਿੰਡਾਂ ਵਿੱਚ ਸੰਗਤ ਦਰਸ਼ਨ ਕਰਦਿਆਂ ਗ੍ਰਾਂਟਾਂ ਦਾ ਮੀਂਹ ਵਰਾ ਦਿੱਤਾ।  ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ। ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੂੰ ਟੱਕਰਣ ਲਈ ਸੁਖਬੀਰ ਬਾਦਲ ਨੇ ਮੋਰਚਾਬੰਦੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ। ਬੇਸ਼ੱਕ ਸੁਖਬੀਰ ਬਾਦਲ ਨੇ ਅੱਜ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਦੀ ਜ਼ਮਾਨਤ ਜ਼ਬਤ ਹੋ ਜਾਏਗੀ ਪਰ ਉਹਨਾਂ ਦੀ ਫਿਕਰਮੰਦੀ ਵਧ ਗਈ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਬਹੁਤ ਵਿਕਾਸ ਕੀਤਾ ਹੈ।  ਹੁਣ ਤੀਜੀ ਵਾਰ ਜਿਤਾ ਦਿਓ ਤੇ ਅਗਲੇ ਪੰਜ ਸਾਲਾਂ ਵਿੱਚ ਲੋਕਾਂ ਲਈ ਮਕਾਨ ਤਾਂ ਕੀ ਕੋਠੀਆਂ ਪਾ ਦਿੱਤੀਆਂ ਜਾਣਗੀਆਂ। ਭਗਵੰਤ ਮਾਨ ਬਾਰੇ ਕਿਹਾ ਕਿ ਉਹ ਸ਼ਰਾਬੀ ਤਾਂ ਜਲਾਲਾਬਾਦ ਹਲਕੇ ਤੋਂ ਜ਼ਮਾਨਤ ਜ਼ਬਤ ਕਰਵਾ ਕੇ ਭੱਜੇਗਾ ਅਤੇ ਜੇਕਰ ਦਮ ਹੈ ਤਾਂ ਅਰਵਿੰਦ ਕੇਜਰੀਵਾਲ ਖੁਦ ਮੇਰੇ ਵਿਰੁੱਧ ਚੋਣ ਲੜੇ। ਉਹ ਤਾਂ ਭਗਵੰਤ ਮਾਨ ਨੂੰ ਅੱਗੇ ਕਰਕੇ ਖੁਦ ਲੁਕਦਾ ਫਿਰਦਾ ਹੈ।   ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਦੀਆਂ ਆਸਾਂ ਲਾਈ ਬੈਠੀ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀ ਹੈ।