ਬਾਗੀਆਂ ‘ਤੇ ਵੱਡੇ ਬਾਦਲ ਦੇ ਕਟਾਖਸ਼

ਕਹਿੰਦੇ-ਟਿਕਟ ਨਾ ਦਿੱਤੀ ਤਾਂ ਅਸੀਂ ਠੱਗ ਹੋ ਗਏ
-ਪੰਜਾਬੀਲੋਕ ਬਿਊਰੋ
ਬਾਦਲ ਦਲ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਟਿਕਟਾਂ ਦੇ ਐਲਾਨ ਮਗਰੋਂ ਪਾਰਟੀ ਵਿੱਚ ਬਾਗੀ ਸੁਰਾਂ ਉਠ ਰਹੀਆਂ ਨੇ, ਕਈ ਆਗੂ ਪਾਰਟੀ ਛੱਡ ਗਏ, ਉਹਨਾਂ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤਕੜੇ ਕਟਾਖਸ਼ ਕੀਤੇ ਨੇ ਤੇ ਕਿਹਾ ਕਿ ਪਾਰਟੀ ਲੀਡਰ ਮੈਨੂੰ ਮੈਨੂੰ ਸੰਤ ਜੀ ਕਹਿੰਦੇ ਨੇ, ਤੇ ਜਿਸ ਨੂੰ ਮੈਂ ਟਿਕਟ ਦੇ ਦਿਆਂ ਤਾਂ ਸੰਤ ਜੀ ਰੱਬ ਹਨ ਤੇ ਜਿਸ ਨੂੰ ਟਿਕਟ ਨਾਂ ਦਿਆਂ ਤਾਂ ਸੰਤ ਜੀ ਠੱਗ ਹੋ ਗਏ।
ਸਿੱਖ ਕਤਲੇਆਮ ਦੇ ਮੁਲਜਮ ਜਗਦੀਸ਼ ਟਾਈਟਲਰ ਤੋਂ ਸੀ.ਬੀ.ਆਈ. ਵੱਲੋਂ ਕੀਤੀ ਪੁੱਛਗਿੱਛ ‘ਤੇ ਬਾਦਲ ਨੇ ਕਿਹਾ ਕਿ ਜੇਕਰ ਗੁਨਾਹਗਾਰਾਂ ਨੂੰ ਸਜ਼ਾ ਮਿਲ ਜਾਵੇ ਤਾਂ ਲੋਕਾਂ ਨੂੰ ਭਰੋਸਾ ਮਿਲ ਜਾਵੇਗਾ, ਪਰ ਜੇਕਰ ਸਜ਼ਾ ਨਾ ਮਿਲੀ ਤਾਂ ਲੋਕਾਂ ਦਾ ਗੁੱਸਾ ਹੋਰ ਵਧੇਗਾ ਤੇ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ।
ਦੇਸ਼ ਵਿੱਚ ਨੋਟਬੰਦੀ ‘ਤੇ ਬੋਲਦਿਆਂ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਲਾਂ ਤਾਂ ਹੋਣਗੀਆਂ ਪਰ ਇਸ ਕਦਮ ਨਾਲ ਦੇਸ਼ ਨੂੰ ਫਾਇਦਾ ਪਹੁੰਚੇਗਾ।  ਕੋਈ ਵੀ ਨਵਾਂ ਤੇ ਵੱਡਾ ਕਦਮ ਪੁੱਟਣਾ ਹੋਵੇ ਤਾਂ ਕੁਝ ਮੁਸ਼ਕਲਾਂ ਤਾਂ ਹੁੰਦੀਆਂ ਹੀ ਹਨ।  ਯਾਦ ਰਹੇ ਮੁੱਖ ਮੰਤਰੀ ਬਾਦਲ ਸਹਿਕਾਰੀ ਬੈਂਕਾਂ ‘ਚ ਪੁਰਾਣੇ 500 ਤੇ 1000 ਦੇ ਨੋਟਾਂ ਨੂੰ ਲੈਣ ‘ਤੇ ਲਾਈ ਰੋਕ ‘ਤੇ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖ ਰਿਆਇਤ ਦੇਣ ਦੀ ਮੰਗ ਕਰ ਚੁੱਕੇ ਹਨ।
ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣ ਕਰਕੇ ਭਾਰਤੀ ਜਵਾਨਾਂ ਦੀ ਜਾਨ ਲੈਣ ਬਾਰੇ ਬਾਦਲ ਨੇ ਕਿਹਾ ਕਿ ਇਹ ਕੇਂਦਰ ਦਾ ਮਾਮਲਾ ਹੈ।  ਉਂਞ ਬਾਦਲ ਨੇ ਮੋਦੀ ਸਰਕਾਰ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਦੀ ਮੁੜ ਤਾਰੀਫ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦਾ ਮਾਣ-ਸਨਮਾਣ ਤੇ ਹੌਸਲਾ ਵਧਿਆ ਹੈ।