ਨੋਟਬੰਦੀ-ਮੁਸ਼ਕਲਾ ਜਿਉਂ ਦੀ ਤਿਉਂ

ਬੈਂਕਾਂ ‘ਚ ਕਤਾਰਾਂ ਦੀ ਕਮੀ ਨਹੀਂ, ਕੈਸ਼ ਝੱਟ ਮੁੱਕ ਰਿਹੈ
ਧੀ ਦੇ ਵਿਆਹ ਦੇ ਫਿਕਰ ‘ਚ ਪਿਤਾ ਨੇ ਦਿੱਤੀ ਜਾਨ
-ਪੰਜਾਬੀਲੋਕ ਬਿਊਰੋ
ਦੇਸ਼ ਭਰ ਵਿੱਚ ਨੋਟਬੰਦੀ ਦੇ 15ਵੇਂ ਦਿਨ ਵੀ ਹਾਲਾਤ ‘ਚ ਸੁਧਾਰ ਨਹੀਂ ਦਿਸ ਰਿਹਾ,  ਬੈਂਕਾਂ ਦੇ ਬਾਹਰ ਕੈਸ਼ ਲੈਣ ਲਈ ਲਾਈਨਾਂ ਅਜੇ ਵੀ ਲੱਗੀਆਂ ਹੋਈਆਂ ਨੇ, ਲੋਕਾਂ ‘ਤੇ ਪੁਲਿਸੀਆ ਡੰਡੇ ਵਰ ਰਹੇ ਨੇ। ਬਹੁਤੀਆਂ ਬੈਂਕਾਂ ‘ਚ ਕੈਸ਼ ਝੱਟਪਟ ਖਤਮ ਹੋ ਰਿਹਾ ਹੈ ਤੇ ਬਹੁਤੇ ਏ ਟੀ ਐਮ ਬੰਦ ਹਨ।
ਜਿਹਨਾਂ ਦੇ ਘਰ ਵਿਆਹ ਹਨ, ਉਹ ਬੇਹੱਦ ਪ੍ਰੇਸ਼ਾਨ ਹਨ, ਜਲੰਧਰ ਦੇ ਸੰਤੋਖਪੁਰਾ ਦੇ ਵਿਜੇ ਕੁਮਾਰ ਦੀ ਧੀ ਦਾ ਵਿਆਹ 12 ਦਸੰਬਰ ਨੂੰ ਹੋਣਾ ਹੈ ਪਰ ਘਰ ‘ਚ ਖਰਚ ਲਈ ਪੈਸੇ ਨਹੀਂ ਹਨ। ਮਜਬੂਰਨ ਪੂਰਾ ਪਰਿਵਾਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੈਸੇ ਲੈਣ ਲਈ ਬੈਂਕ ਦੇ ਚੱਕਰ ਕੱਢ ਰਿਹਾ ਹੈ। ਪਰ ਬੈਂਕ ਦੇ ਮੈਨੇਜਰ ਨੇ ਕਿਹਾ ਹੈ ਕਿ ਉਹਨਾਂ ਕੋਲ ਹਾਲੇ ਤੱਕ ਵਿਆਹ ਵਾਲੇ ਕੇਸਾਂ ਨੂੰ ਨਜਿੱਠਣ ਲਈ ਹਦਾਇਤ ਨਹੀਂ ਆਈ, ਇਸ ਲਈ ਉਹ ਢਾਈ ਲੱਖ ਰੁਪਏ ਵੀ ਨਹੀਂ ਦੇ ਸਕਦੇ। ਧੀ ਦਾ ਪਿਓ ਪੈਸੇ ਲੈਣ ਲਈ  ਇੱਕ ਲਾਈਨ ‘ਚ ਖੁਦ ਲੱਗਿਆ, ਦੂਸਰੀ ਲਾਈਨ ‘ਚ ਪਤਨੀ ਨੂੰ ਖੜਾ ਕੀਤਾ, ਹੋਰ ਲਾਈਨ ‘ਚ ਬੇਟੇ ਤੇ ਭਾਣਜੀ ਨੂੰ ਲਾਇਆ।  ਕੋਸ਼ਿਸ਼ ਸਿਰਫ ਇਹੀ ਕਿ ਜ਼ਿਆਦਾ ਮੈਂਬਰ ਵੱਧ ਤੋਂ ਵੱਧ ਪੈਸੇ ਇਕੱਠੇ ਕਰ ਸਕਣ।
ਦੂਜੇ ਪਾਸੇ ਮੋਦੀ ਭਗਤ ਕਹਿ ਰਹੇ ਨੇ ਕਿ ਹਾਲਾਤ ਦਰੁਸਤ ਹਨ।
ਓਧਰ ਅੰਮ੍ਰਿਤਸਰ ਤੋਂ ਦੁਖਦ ਖਬਰ ਆ ਰਹੀ ਹੈ ਜਿੱਥੇ  ਨੋਟਬੰਦੀ ਦੇ ਚੱਲਦਿਆਂ ਧੀ ਦੇ ਪਿਓ ਨੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ। ਪਿੰਡ ਮੱਛੂਪੁਰਾ ਦੇ ਕਿਸਾਨ ਰਵਿੰਦਰ ਸਿੰਘ ਦੀ ਧੀ ਦੇ ਵਿਆਹ ਲਈ ਪੈਸੇ ਦਾ ਪ੍ਰਬੰਧ ਨਹੀਂ ਹੋ ਰਿਹਾ, ਦੁਖੀ ਹੋ ਕੇ ਅੱਜ ਬੇਬੱਸ ਪਿਓ ਨੇ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ।
ਓਧਰ ਬੈਂਗਲੂਰੂ ਵਿੱਚ ਬੈਂਕ ਆਫ ਬੜੌਦਾ ਦੇ ਸਾਹਮਣੇ 1 ਕਰੋੜ 34 ਲੱਖ ਰੁਪੇ ਨਾਲ ਭਰੀ ਵੈਨ ਨੂੰ ਡਰਾਇਵਰ ਹੀ ਲੈ ਕੇ ਫਰਾਰ ਹੋ ਗਿਆ, 1 ਲੱਖ ਰੁਪੇ 100-100 ਦੇ ਨੋਟ ਸਨ ਤੇ ਬਾਕੀ 2000 ਦੇ ਨੋਟ ਸਨ। ਡਰਾਈਵਰ ਦੇ ਨਾਲ ਤਿੰਨ ਹੋਰ ਵਿਅਕਤੀ ਵੀ ਵੈਨ ਵਿੱਚ ਸਵਾਰ ਸਨ।

ਸੰਸਦ ਦਾ ਹਰ ਦਿਨ ਨੋਟ ਬੰਦੀ ਦੇ ਮੁੱਦੇ ਦੀ ਭੇਟ ਚੜਦਾ ਜਾ ਰਿਹਾ ਹੈ।  ਸੰਸਦ ਚ ਹੋ ਰਹੇ ਹੰਗਾਮੇ ਨੂੰ ਰੋਕਣ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਲਕੇ 10 ਵਜੇ ਸਰਵ ਪਾਰਟੀ ਮੀਟਿੰਗ ਸੱਦੀ ਹੈ, ਜਿਸ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਜੋ ਸੰਸਦ ਦੀ ਕਾਰਵਾਈ ਕਿਸੇ ਤਰਾਂ ਚਲਾਈ ਜਾਵੇ। ਓਧਰ ਵਿਰੋਧੀ ਧਿਰਾਂ ਨੇ ਨੋਟਬੰਦੀ ਖਿਲਾਫ 28 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਮਮਤਾ ਬੈਨਰਜੀ ਨੇ ਜੰਤਰ ਮੰਤਰ ‘ਚ ਧਰਨਾ ਲਾਇਆ ਤੇ ਕਿਹਾ ਕਿ ਜੇ ਪੀ ਐਮ ਕਹਿ ਰਹੇ ਨੇ ਕਿ ਚੰਗਾ ਕੰਮ ਕੀਤਾ ਹੈ ਤਾਂ ਫੇਰ ਸੰਸਦ ਵਿੱਚ ਜਾਣ ਤੋਂ ਕਿਉਂ ਡਰ ਰਹੇ ਨੇ।
ਸੂਤਰ ਦੱਸ ਰਹੇ ਨੇ ਕਿ ਭਲਕੇ ਮੋਦੀ ਜੀ ਰਾਜਸਭਾ ਵਿੱਚ ਹਾਜ਼ਰ ਰਹਿ ਸਕਦੇ ਨੇ।