• Home »
  • ਅੱਜ ਦੀ ਖਬਰ
  • » ਮੋਦੀ ਦੀ ਰੈਲੀ ਲਈ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕੀਤੀ ਨਾਂਹ

ਮੋਦੀ ਦੀ ਰੈਲੀ ਲਈ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕੀਤੀ ਨਾਂਹ

ਕਿਹਾ-ਪਹਿਲਾਂ ਬਾਦਲ ਸਰਕਾਰ ਮੰਗਾਂ ਮੰਨੇ
-ਪੰਜਾਬੀਲੋਕ ਬਿਊਰੋ
ਨਰਿੰਦਰ ਮੋਦੀ 25 ਨਵੰਬਰ ਨੂੰ ਬਠਿੰਡਾ ਵਿੱਚ ਏਮਜ਼ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਹਨ, ਇਸ ਮੌਕੇ ਬਾਦਲਕੇ ਆਪਣੇ ਹਲਕੇ ਵਿੱਚ ਵਿਸ਼ਾਲ ਰੈਲੀ ਕਰਵਾਉਣ ਲਈ ਜੰਗੀ ਪੱਧਰ ‘ਤੇ ਤਿਆਰੀਆਂ ਕਰ ਰਹੇ ਨੇ।  ਰੈਲੀ ਲਈ  2300 ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ‘ਚੋਂ ਸਵਾ ਪੰਜ ਸੌ ਬੱਸਾਂ ਇਕੱਲੇ ਬਠਿੰਡਾ ਜ਼ਿਲੇ ‘ਚੋਂ ਲਈਆਂ ਜਾਣੀਆਂ ਨੇ, ਪਰ ਪ੍ਰਾਈਵੇਟ ਬੱਸ ਮਾਲਕਾਂ ਨੇ ਬੱਸਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।  ਮਾਲਵਾ ਜ਼ੋਨ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਨੇ ਆਖਿਆ ਹੈ ਕਿ ਬਾਦਲ ਸਰਕਾਰ ਪਹਿਲਾਂ ਟਰਾਂਸਪੋਰਟਰਾਂ ਦੀਆਂ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਏ, ਉਸ ਮਗਰੋਂ ਹੀ ਬੱਸਾਂ ਦਿੱਤੇ ਜਾਣ ‘ਤੇ ਵਿਚਾਰ ਕੀਤਾ ਜਾਵੇਗਾ। ਅਕਾਲੀ ਦਲ ਦੇ ਨੇਤਾ ਤੇ ਪ੍ਰਸ਼ਾਸਨਕ ਅਧਿਕਾਰੀ ਟਰਾਂਸਪੋਰਟਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਂਞ ਰੈਲੀ ਲਈ ਤਿਆਰੀਆਂ ਜ਼ੋਰਾਂ ‘ਤੇ ਨੇ, ਸਟੇਜ, ਪੰਡਾਲ ਲੱਗ ਰਿਹਾ ਹੈ, ਇਕ ਆਗੂ ਪੂਰੇ ਮੁਲਕ ਦਾ ਸਭ ਤੋਂ ਵੱਡਾ ਸੇਵਕ ਹੋਣ ਦਾ ਦਾਅਵਾ ਕਰ ਰਿਹੈ ਤੇ ਦੂਜੇ ਪੰਜਾਬ ਦੇ ਰਾਜ ਨਹੀਂ ਸੇਵਾ ਵਾਲੇ ਨੇ, ਜਿਹਨਾਂ ਕੋਲ ਜ਼ੈਡ ਪਲੱਸ ਸਕਿਓਰਿਟੀ ਤਾਂ ਹੈ ਹੀ ਤੇ ਇਸ ਰੈਲੀ ਵਿੱਚ ਉਹਨਾਂ ਦੀ ਰਾਖੀ ਲਈ ਪੰਜਾਬ ਭਰ ਤੋਂ ਪੁਲਿਸ ਸੱਦੀ ਗਈ ਹੈ।
25 ਨਵੰਬਰ ਨੂੰ ਸੂਬੇ ਦੀ ਜਨਤਾ ਆਪਣੇ ਮਾਲ ਅਸਬਾਬ ਜਾਨ ਜਹਾਨ ਦੀ ਆਪ ਹੀ ਜ਼ਿਮੇਵਾਰ ਹੋਊ, ਕਿਉਂਕਿ ਓਸ ਦਿਨ ਤਾਂ ਸਾਰੀ ਪੁਲਿਸ ਵੱਡਿਆਂ ਦੀ ਰਾਖੀ ਲਈ ਲੱਗੀ ਹੋਊ।
ਇਸ ਰੈਲੀ ਵਿੱਚ ਹੱਕ ਮੰਗ ਰਹੇ ਸੂਬੇ ਦੇ ਸੰਘਰਸ਼ਸ਼ੀਲ ਰੰਗ ਵਿੱਚ ਭੰਗ ਪਾ ਸਕਦੇ ਨੇ , ਬੇਰੁਜ਼ਗਾਰ ਅਧਿਆਪਕ, ਠੇਕਾ ਮੁਲਾਜ਼ਮ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰ ਸਕਦੀਆਂ ਨੇ, ਜਿਹਨਾਂ ਦੇ ਆਗੂਆਂ ਦੀ ਧਰ ਪਕੜ ਵੀ ਹੋ ਸਕਦੀ ਹੈ।

Tags: