ਕੇਜਰੀ ਦੇ ਸਿਆਸੀ ‘ਲਲਕਰੇ’..

ਕਿਹਾ-ਬਾਦਲ ਤੇ ਕੈਪਟਨ ਖੋਟੀ ਨੀਅਤ ਵਾਲੇ
-ਪੰਜਾਬੀਲੋਕ ਬਿਊਰੋ
ਆਪ ਦੀਆਂ ਰੈਲੀਆਂ ਤਾਂ ਭਰਪੂਰ ਚਰਚਾ ਬਟੋਰ ਰਹੀਆਂ ਨੇ, ‘ਕੱਠ ਪੱਖੋਂ ਵੀ ਤੇ ਕੇਜਰੀਵਾਲ ਸਾਹਿਬ ਦੇ ਹਿੰਦੀ ਪੰਜਾਬੀ ਬੋਲੀ ਦੇ ਮਿਸ਼ਰਣ ਵਾਲੇ ਭਾਸ਼ਣ ਕਰਕੇ ਵੀ। ਲੀਹੋਂ ਹਟਵੀਂ ਸਿਆਸਤ ਦੀ ਗੱਲ ਕਰਨ ਵਾਲੇ ਕੇਜਰੀਵਾਲ ਪੰਜਾਬ ਦੀ ਮਿੱਟੀ ‘ਚ ਆ ਕੇ ਉਹੀ ਬੋਲੀ ਬੋਲ ਰਹੇ ਨੇ, ਲਲਕਾਰਵੀਂ ਜਿਹੀ.. ਜਿਹੋ ਜਿਹੀ ਪੰਜਾਬੀ ਸੁਣਨੀ ਪਸੰਦ ਕਰਦੇ ਨੇ।
ਕੱਲ ਨਿਹਾਲ ਸਿੰਘ ਵਾਲਾ ‘ਚ ਬੇਸ਼ੱਕ ਬਾਘਾਪੁਰਾਣਾ ਤੋਂ ਪਾਰਟੀ ਉਮੀਦਵਾਰ ਗੁਰਬਿੰਦਰ ਸਿੰਘ ਕੰਗ ਤੇ ਭਗਵੰਤ ਮਾਨ ਵਿਰੁੱਧ ਪਾਰਟੀ ਵਰਕਰਾਂ ਨੇ ਖੂਬ ਨਾਅਰੇਬਾਜ਼ੀ ਕੀਤੀ ਪਰ ਕੇਜਰੀਵਾਲ ਦੇ ਭਾਸ਼ਣ ਵਿੱਚ ਜੋਸ਼ ਦੀ ਕਮੀ ਨਹੀਂ ਸੀ ਜਿਸ ਨੇ ਵਰਕਰਾਂ ਦੇ ਨਰਾਜ਼ਗੀ ਵਾਲੇ ਰੇੜਕੇ ਨੂੰ ਫਿੱਕਾ ਪਾ ਦਿੱਤਾ। ਕੇਜਰੀਵਾਲ ਨੇ ਬਾਦਲਾਂ ਤੇ ਕੈਪਟਨ ‘ਤੇ ਹੱਲਾ ਬੋਲਦਿਆਂ ਕਿਹਾ ਕਿ ਦੋਵੇਂ ਹੀ ਖੋਟੀ ਨੀਅਤ ਵਾਲੇ ਨੇ, ਵਾਰੋ ਵਾਰੀ ਪੰਜਾਬ ਨੂੰ ਲੁੱਟ ਰਹੇ ਨੇ ਅਤੇ ਪੰਜਾਬੀਆਂ ਨੂੰ ਬੇਵਕੂਫ਼ ਬਣਾ ਰਹੇ ਨੇ।  ਦੋਵੇਂ ਹੀ ਭ੍ਰਿਸ਼ਟ ਨੇ, ਤਾਂ ਹੀ ਇੱਕ-ਦੂਜੇ ਖ਼ਿਲਾਫ਼ ਕਾਰਵਾਈ ਨਹੀਂ ਕਰਦੇ। ਉਹਨਾਂ ਕਿਹਾ ਕਿ ਦੇਸ਼ ਵਿੱਚ ਪੈਸੇ ਦੀ ਕਮੀਂ ਨਹੀਂ ਹੈ, ਬੱਸ ਨੀਅਤ ਦੀ ਕਮੀ ਹੈ। ਇਹ ਆਖ ਕੇ ਕੇਜਰੀਵਾਲ ਨੇ ਦਿੱਲੀ ਸਰਕਾਰ ਵਲੋਂ ਓਵਰਬਰਿਜ ਬਣਾਉਣ ਲਈ ਜਾਰੀ ਫੰਡ ਵਿਚੋਂ ਸੈਂਕੜੇ ਕਰੋੜਾਂ ਰੁਪਏ ਬਚਾ ਕੇ ਸਿਹਤ ਤੇ ਸਿੱਖਿਆ ਸਹੂਲਤਾਂ ‘ਤੇ ਲਾਉਣ ਵਾਲੀ ਕਾਰਗੁਜ਼ਾਰੀ ਵੀ ਲੋਕਾਂ ਨਾਲ ਸਾਂਝੀ ਕੀਤੀ ਤੇ ਖੂਬ ਤਾੜੀਆਂ ਬਟੋਰੀਆਂ। ਕੇਜਰੀਵਾਲ ਨੇ ਇਥੇ ਇਹ ਵੀ ਵਾਅਦਾ ਕੀਤਾ ਕਿ  ਕੈਂਸਰ ਦੇ ਮਰੀਜ਼ਾਂ ਦੇ  ਮੁਫ਼ਤ ਇਲਾਜ ਲਈ ਹਸਪਤਾਲ ਖੋਲੇ ਜਾਣਗੇ ਅਤੇ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਕੇ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ।
ਸ਼ਹਿਣਾ ਦੇ ਪਿੰਡ ਚੀਮਾ ਵਿੱਚ ਹਲਕਾ ਭਦੌੜ ਅਤੇ ਹਲਕਾ ਮਹਿਲ ਕਲਾਂ ਦੇ ਲੋਕਾਂ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਕਿ ਸਰਕਾਰ ਬਣਨ ‘ਤੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਕੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣਗੀਆਂ।  ਬਾਦਲ ਸਰਕਾਰ ਵਾਂਗ ਲੁਕਣਮੀਚੀ ਨਹੀਂ ਖੇਡਾਂਗੇ।
ਤੇ ਹੁਣ ਤੱਕ ਐਸ ਵਾਈ ਐਲ ਦੇ ਮੁੱਦੇ ‘ਤੇ ਲੁਕਣਮਿਚਾਈਆਂ ਖੇਡਦੇ ਆ ਰਹੇ ਕੇਜਰੀਵਾਲ ਸਾਹਿਬ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋ ਦਿਨਾਂ ਬਾਅਦ ਇਸ ਮੁੱਦੇ ‘ਤੇ ਵੀ ਬਿਆਨ ਦੇਵਾਂਗਾ।