ਕੈਪਟਨ ਨੇ ਦਿੱਤਾ ਲੋਕ ਸਭਾ ਤੋਂ ਅਸਤੀਫਾ

-ਪੰਜਾਬੀਲੋਕ ਬਿਊਰੋ
11 ਨਵੰਬਰ ਨੂੰ ਈਮੇਲ ਜ਼ਰੀਏ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਮਗਰੋਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਰਸਮੀ ਤੌਰ ‘ਤੇ ਅਸਤੀਫਾ ਸੌਂਪ ਦਿੱਤਾ।  ਉਹ ਦੁਪਹਿਰ ਵੇਲੇ ਸਪੀਕਰ ਨੂੰ ਸੰਸਦ ‘ਚ ਸਥਿਤ ਉਹਨਾਂ ਦੇ ਦਫਤਰ ‘ਚ ਮਿਲੇ ਤੇ ਉਹਨਾਂ ਨੂੰ ਤੈਅ ਪਰਫਾਰਮੇ ਹੇਠ 16ਵੀਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਸੌਂਪ ਦਿੱਤਾ।  ਉਹਨਾਂ ਨੇ ਸਪੀਕਰ ਨੂੰ ਜੁਬਾਨੀ ਤੌਰ ‘ਤੇ ਦੱਸ ਦਿੱਤਾ ਕਿ ਉਹਨਾਂ ਨੇ ਐਸ.ਵਾਈ.ਐਲ. ਮੁੱਦੇ ‘ਤੇ ਆਪਣਾ ਅਸਤੀਫਾ ਦਿੱਤਾ ਹੈ। ਉਹਨਾਂ ਨੇ ਸਪੀਕਰ ਨੂੰ ਦੱਸਿਆ ਕਿ ਉਹਨਾਂ ਨੇ ਐਸ.ਵਾਈ.ਐਲ. ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਲੋਕ ਸਭਾ ਦੀ ਮੈਂਬਰਸ਼ਿਪ ਛੱਡਣ ਦਾ ਫੈਸਲਾ ਲਿਆ, ਜਿਹਨਾਂ ‘ਤੇ ਅਦਾਲਤ ਦੇ ਫੈਸਲੇ ਦਾ ਬਹੁਤ ਗੰਭੀਰ ਪ੍ਰਭਾਵ ਪਿਆ ਹੈ।  ਕੈਪਟਨ ਅਮਰਿੰਦਰ ਦਾ ਅਸਤੀਫਾ 11 ਨਵੰਬਰ, 2016 ਤੋਂ ਵੈਲਿਡ ਹੈ, ਜਿਸ ਤਰੀਖ ਨੂੰ ਉਹਨਾਂ ਨੇ ਸਪੀਕਰ ਨੂੰ ਈਮੇਲ ਭੇਜੀ ਸੀ।
ਕੈਪਟਨ ਨਾਲ ਪੰਜਾਬ ਸਿਆਸਤ ਦੀ ਗੱਲ ਵੀ ਪੱਤਰਕਾਰਾਂ ਨੇ ਕੀਤੀ ਤੇ ਨਵਜੋਤ ਸਿੱਧੂ ਬਾਰੇ ਸਵਾਲ ਕੀਤਾ ਤਾਂ ਕੈਪਟਨ ਨੇ ਕਿਹਾ ਕਿ ਮੈ ਨਹੀਂ ਜਾਣਦਾ ਕਿ ਸਿੱਧੂ ਦੀ ਰਾਹੁਲ ਗਾਂਧੀ ਨਾਲ ਕੋਈ ਮੀਟਿੰਗ ਹੋਈ ਹੈ ਜਾਂ ਨਹੀਂ, ਉਹ ਪਾਰਟੀ ‘ਚ ਆ ਰਿਹਾ ਹੈ ਕਿ ਨਹੀਂ, ਪਰ ਜੇਕਰ ਸਿੱਧੂ ਕਾਂਗਰਸ ਵਿੱਚ ਆਉਂਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ।