ਗੁਲਸ਼ਨ ਦੇ ਹੱਕ ‘ਚ ਅਕਾਲੀਆਂ ਨੇ ਦਿੱਤੀ ਚਿਤਾਵਨੀ

ਕੋਟਫੱਤਾ ਨੂੰ ਟਿਕਟ ਦਿੱਤੀ ਤਾਂ ਕਰਨਗੇ ਵਿਰੋਧ
-ਪੰਜਾਬੀਲੋਕ ਬਿਊਰੋ
ਮਾਲਵੇ ਦੀ ਇਕ ਹੋਰ ਸੀਟ ਤੋਂ ਬਾਦਲਕੀ ਹਾਈਕਮਾਂਡ ਨੂੰ ਵਰਕਰਾਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਠਿੰਡਾ ਦਿਹਾਤੀ ਦੇ ਅਕਾਲੀ ਆਗੂਆਂ ਨੇ ਮੋਰਚਾ ਲਾ ਲਿਆ ਹੈ ਕਿ ਜੇ ਤਾਂ ਐਸ ਹਲਕੇ ਤੋਂ ਸਾਬਕਾ ਐਮ ਪੀ ਪਰਮਜੀਤ ਕੌਰ ਗੁਲਸ਼ਨ ਨੂੰ ਟਿਕਟ ਦਿੱਤੀ ਤਾਂ ਸਾਡੀ ਵੋਟ ਤੱਕੜੀ ‘ਚ ਤੁਲੂ ਤੇ ਜੇ ਦਰਸ਼ਨ ਕੋਟਫੱਤਾ ਨੂੰ ਦਿੱਤੀ ਤਾਂ ਸਾਡੇ ਕੋਲ ਹੋਰ ਬਦਲ ਵੀ ਹੈਨ।
ਗੁਰਦੁਆਰਾ ਹਾਜੀ ਰਤਨ ‘ਚ ਵੱਡੀ ਗਿਣਤੀ ਹਲਕੇ ਦੇ ਅਕਾਲੀ ਇਕੱਠੇ ਹੋਏ ਸਨ, ਜਿਹਨਾਂ ਨੂੰ ਪਾਰਟੀ ਨੇ ਨਰਿੰਦਰ ਮੋਦੀ ਦੀ 25 ਨਵੰਬਰ ਵਾਲੀ ਰੈਲੀ ਦੀਆਂ ਤਿਆਰੀਆਂ ਵਾਸਤੇ ਇਹਨਾਂ ਨੂੰ ਡਿਊਟੀਆਂ ਵੰਡਣ ਲਈ ਸੱਦਿਆ ਸੀ, ਪਰ ਇਹ ਹੋਰ ਈ ਰੱਫੜ ਪਾ ਕੇ ਬਹਿ ਗਏ। ਤੇ ਲੀਡਰਸ਼ਿਪ ਤੱਕ ਗੱਲ ਪੁਚਾਉਣ ਲਈ ਇਕੋ ‘ਵਾਜ਼ ‘ਚ ਕਿਹਾ ਕਿ ਜੇ ਕੋਟਫੱਤਾ ਨੂੰ ਟਿਕਟ ਦਿੱਤੀ ਤਾਂ ਡਟਵਾਂ ਵਿਰੋਧ ਕਰਾਂਗੇ। ਦੱਸਦੇ ਨੇ ਕਿ ਮਿਲ ਰਹੇ ਸਮਰਥਨ ਕਾਰਨ ਬੀਬੀ ਗੁਲਸ਼ਨ ਵਾਹਵਾ ਖੁਸ਼ ਨਜ਼ਰ ਆ ਰਹੀ ਹੈ। ਇਸ ਹਲਕੇ ਦੇ ਕੋਟ ਸ਼ਮੀਰ ‘ਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਰੈਲੀ ਕਰਕੇ ਉਂਞ ਵੀ ਬਾਦਲਕੀ ਲੀਡਰਸ਼ਿਪ ਚਿੰਤਤ ਹੈ, ਤੇ ਵਰਕਰਾਂ ਦੀ ਨਰਾਜ਼ਗੀ ਫਿਜ਼ਾ ਦਾ ਮਿਜਾਜ਼ ਹੋਰ ਕੜਵਾ ਕਰ ਸਕਦੀ ਹੈ।