ਆਪ ਵਲੋਂ ਨੋਟਬੰਦੀ ਦੀ ਵਿਰੋਧਤਾ ‘ਚ ਮਾਰਚ

ਸਿਸੋਦੀਆ ਤੇ ਮਿਸ਼ਰਾ ਹਿਰਾਸਤ ‘ਚ ਲਏ
-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਦੇ ਨੋਟਬੰਦੀ ਵਾਲੇ ਫੈਸਲੇ ਦੀ ਆਮ ਆਦਮੀ ਪਾਰਟੀ ਵਲੋਂ ਲਗਾਤਾਰ ਵਿਰੋਧਤਾ ਕੀਤੀ ਜਾ ਰਹੀ ਹੈ, ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਨੇ ਤਾਂ ਇਕ ਸਾਂਝੀ ਰੈਲੀ ਵੀ ਦਿੱਲੀ ਵਿੱਚ ਕੀਤੀ ਸੀ। ਅੱਜ ਆਪ ਵਲੋਂ ਜੰਤਰ ਮੰਤਰ ‘ਤੇ ਰੋਸ ਧਰਨਾ ਮਾਰਨ ਮਗਰੋਂ ਸੰਸਦ ਵੱਲ ਰੋਸ ਮਾਰਚ ਕੱਢਿਆ ਗਿਆ, ਪੁਲਿਸ ਨੇ ਮਾਰਚ ਨੂੰ ਸੰਸਦ ਮਾਰਗ ‘ਤੇ ਹੀ ਰੋਕ ਦਿੱਤਾ ਤੇ ਦਿੱਲੀ ਦੇ ਡਿਪਟੀ ਚੀਫ ਮਨਿਸਟਰ ਮਨੀਸ਼ ਸਿਸੋਦੀਆ ਤੇ ਮੰਤਰੀ ਕਪਿਲ ਮਿਸ਼ਰਾ ਨੂੰ ਹਿਰਾਸਤ ਵਿੱਚ ਲੈ ਲਿਆ, ਬਾਅਦ ਵਿੱਚ ਛੱਡ ਦਿੱਤਾ। ਸਿਸੋਦੀਆ ਨੇ ਕਿਹਾ ਕਿ ਨੋਟਬੰਦੀ ਨਾਲ ਕਾਲਾ ‘ਤੇ ਰੋਕ ਨਹੀਂ ਲੱਗੇਗੀ, ਸਗੋਂ ਇਸ ਨਾਲ ਹੋਰ ਕਾਲਾ ਧਨ ਵਧੇਗਾ ਤੇ ਹੁਣ ਤਾਂ ਅੱਤਵਾਦੀਆਂ ਕੋਲੋਂ ਵੀ 2 ਹਜ਼ਾਰ  ਦੇ ਨੋਟ ਫੜੇ ਜਾਣ ਲੱਗੇ ਨੇ, ਫੇਰ ਸਰਕਾਰ ਦੇ ਇਸ ਫਰਮਾਨ ਨਾਲ ਫਾਇਦਾ ਆਖਰ ਕੀ ਹੋਇਆ।
ਨੋਟਬੰਦੀ ਨੂੰ ਲੈ ਕੇ ਸਰਕਾਰ ਜੋ ਮਰਜ਼ੀ ਆਖੇ ਪਰ ਸ਼ੇਅਰ ਮਾਰਕੀਟ ਬੁਰੀ ਤਰਾਂ ਲੜਖੜਾ ਗਈ ਹੈ, ਪਿਛਲੇ 14 ਦਿਨਾਂ ਵਿੱਚ ਨਿਵੇਸ਼ਕਾਂ ਦਾ 10 ਲੱਖ ਕਰੋੜ ਰੁਪਿਆ ਡੁੱਬ
ਗਿਆ।
ਨੋਟਬੰਦੀ ਦੀ ਅਲੋਚਨਾ ਕਰਦਿਆਂ ਅਰਥ ਸ਼ਾਸਤਰੀ ਜਯਾਂ ਦ੍ਰੇਜ਼ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਇਕ ਫੈਸਲੇ ਨੇ ਦੇਸ਼ ਦੀ ਸਰਪੱਟ ਦੌੜਦੀ ਅਰਥ ਵਿਵਸਥਾ ਨੂੰ ਗੋਲ਼ੀ ਮਾਰ ਦਿੱਤੀ। ਇਸ ਦਾ ਕਾਲੇ ਧਨ ਵਾਲਿਆਂ ‘ਤੇ ਤਾਂ ਕੋਈ ਅਸਰ ਨਹੀਂ ਪਿਆ, ਪਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਉਹਨਾਂ ਕਿਹਾ ਕਿ ਕਾਲਾ ਧਨ ਰੱਖਣ ਵਾਲਾ ਇਸ ਨੂੰ ਇਸਤੇਮਾਲ ਕਰਨਾ ਵੀ ਜਾਣਦਾ ਹੈ, ਇਸ ਨੂੰ ਨਿਵੇਸ਼ ‘ਚ ਲਾਉਂਦਾ ਹੈ, ਜਾਇਦਾਦ ਖਰੀਦ ਲੈਂਦਾ ਹੈ, ਮਹਿੰਗੇ ਵਿਆਹਾਂ ‘ਤੇ ਉਡਾਅ ਦਿੰਦਾ ਹੈ, ਹੋਰ ਨਾ ਤਾਂ ਦੁਬਈ ਵਿੱਚ ਸ਼ਾਪਿੰਗ ਕਰਨ ਹੀ ਚਲਿਆ ਜਾਂਦਾ ਹੈ। ਕਿਸੇ ਦੀ ਰਸੋਈ ਦੇ ਡੱਬੇ ‘ਚ ਜਾਂ ਸਿਰਹਾਣੇ ‘ਚ ਕਾਲਾ ਧਨ ਪਿਆ ਹੋਊ, ਇਹ ਸਾਡੀ ਸਮਝੋਂ ਬਾਹਰ ਦੀ ਗੱਲ ਹੈ।  ਕਿਉਂਕਿ ਅੱਜ ਕੱਲ ਬੈਂਕਾਂ ਮੂਹਰੇ ਰਸੋਈ ਦੇ ਡੱਬਿਆਂ ਵਿਚੋਂ ਜਾਂ ਸਿਰਹਾਣਿਆਂ ਵਿਚੋਂ ਕੱਢ ਕੇ ਨੋਟ ਬਦਲਾਉਣ ਵਾਲੇ ਹੀ ਖੜੇ ਨੇ। ਇਸ ਨੂੰ ਕਾਲਾ ਧਨ ਬਾਹਰ ਕੱਢਣਾ ਕਹਿਣ ਦਾ ਮਤਲਬ ਕਮਰੇ ‘ਚ ਸ਼ਾਵਰ ਚਲਾ ਕੇ ਪੋਚਾ ਲਾਉਣਾ ਹੈ।