ਕਾਂਗਰਸ ਦੀ ਪਹਿਲੀ ਸੂਚੀ ਦੀ ਚਰਚਾ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਸਿਆਸਤ ਵਿੱਚ ਚਰਚਾ ਹੋ ਰਹੀ ਹੈ ਕਿ ਕਾਂਗਰਸ ਨੇ ਕੁਝ ਉਮੀਦਵਾਰ ਛਾਂਟ ਲਏ ਨੇ। ਹਾਲਾਂਕਿ ਵਿਧਾਨ ਸਭਾ ਦੀਆਂ 2017 ਚੋਣਾਂ ਲਈ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਪਹਿਲ ਕਦਮੀ ਕਰਦੇ ਆਪਣੇ ਕਰੀਬ 48 ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਗਏ ਹਨ ਤੇ ਸੱਤਾਧਾਰੀ ਧਿਰ ਵੱਲੋਂ ਵੀ ਆਪਣੇ 69 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ ਉਥੇ ਕਾਂਗਰਸੀ ਪਾਰਟੀ ਆਪਣੇ ਉਮੀਦਵਾਰ ਉਤਾਰਨ ਵਿੱਚ ਪੱਛੜਦੀ ਨਜ਼ਰ ਆ ਰਹੀ ਹੈ ਤੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰਨ ਦੇ ਸਾਰੇ ਅਧਿਕਾਰ ਪਾਰਟੀ ਦੀ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਸੌਂਪਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਾਂਗਰਸ ਦੇ ਵੱਖ ਵੱਖ ਹਲਕਿਆਂ ਤੋਂ 45 ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਨੇ ਜਿਥੇ ਕਾਂਗਰਸ ਪਾਰਟੀ ਵਿੱਚ ਖਲਬਲੀ ਮਚਾ ਦਿੱਤੀ ਹੈ ਉਥੇ ਇਸ ਸੂਚੀ ਕਾਰਨ ਸਿਆਸੀ ਮਹੌਲ ਪੂਰੀ ਤਰਾਂ ਗਰਮਾ ਚੁਕਾ ਹੈ। ਇਸ ਸੂਚੀ ਵਿੱਚ ਸਿਆਸਤ ਦਾ ਮੁੱਖ ਧੁਰਾ ਅਤੇ ਬਾਦਲ ਪਰਿਵਾਰ ਦਾ ਗੜ ਮੰਨੇ ਜਾਂਦੇ ਜਿਲਾ ਬਠਿੰਡਾ ਵੀ ਸ਼ਾਮਿਲ ਹੈ। ਜਿਸ ਅਧੀਨ ਪੈਂਦੇ ਛੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਨਾਲ ਵੀ ਸ਼ਾਮਲ ਕੀਤੇ ਗਏ ਹਨ, ਇਹਨਾਂ ਉਮੀਦਵਾਰਾਂ ਵਿੱਚ ਉਹਨਾ ਦੇ ਨਾਮ ਹੀ ਇਸ ਸੂਚੀ ਚ ਸ਼ਾਮਲ ਹਨ ਜੋ ਹਲਕੇ ਵਿੱਚ ਲੰਬੇ ਸਮੇਂ ਤੋਂ ਵਿਚਰ ਰਹੇ ਹਨ ਅਤੇ ਜਿਹਨਾ ਦੇ ਨਾਮ ਤਿੰਨ-ਤਿੰਨ ਉਮੀਦਵਾਰਾਂ ਵਾਲੇ ਪੈਨਲ ਵਿੱਚ ਭੇਜੇ ਗਏ ਦੱਸੇ ਜਾ ਰਹੇ ਹਨ। ਜਿਲਾ ਬਠਿੰਡਾ ਦੇ ਸ਼ਹਿਰੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਇਸ ਸੂਚੀ ਮੁਤਾਬਿਕ ਕਾਂਗਰਸ ਵੱਲੋਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਬਠਿੰਡਾ ਦਿਹਾਤੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪੁਸ਼ਤੈਨੀ ਪਿੰਡ ਮਹਿਰਾਜ ਦੇ ਜੰਮਪਲ ਜਸਵੀਰ ਸਿੰਘ ਮਹਿਰਾਜ, ਭੁੱਚੋ ਮੰਡੀ ਤੋਂ ਉਘੇ ਸਮਾਜਸੇਵੀ ਪ੍ਰੀਤਮ ਸਿੰਘ ਕੋਟਭਾਈ ਤੇ ਇਥੋਂ ਵਿਧਾਇਕ ਅਜਾਇਬ ਸਿੰਘ ਭੱਟੀ ਦਾ ਨਾਮ ਨਿਹਾਲ ਸਿੰਘ ਵਾਲਾ ਤੋਂ ਫਾਇਨਲ ਦਰਸਾਇਆ ਗਿਆ ਹੈ,ਤਲਵੰਡੀ ਸਾਬੋ ਤੋਂ ਖੁਸ਼ਬਾਜ ਸਿੰਘ ਜਟਾਣਾ, ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ, ਮੌੜ ਤੋਂ ਮਨਪ੍ਰੀਤ ਸਿੰਘ ਬਾਦਲ,  ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਗਿੱਦੜਬਾਹਾ ਤੋਂ, ਮੁਹੰਮਦ ਸਦੀਕ ਭਦੌੜ, ਰਾਣਾ ਸੋਢੀ ਗੁਰੂ ਹਰਸਹਾਏ, ਸਰਦੂਲਗੜ ਤੋਂ ਅਜੀਤ ਇੰਦਰ ਸਿੰਘ ਮੋਫਰ, ਫਰੀਦਕੋਟ ਤੋਂ ਕੁਸ਼ਲਦੀਪ ਕਿੱਕੀ ਢਿੱਲੋਂ, ਬੱਲੂਆਣਾ ਤੋਂ ਕਾਮਰੇਡ ਨੱਥੂ ਰਾਮ, ਅਬੋਹਰ ਤੋਂ ਸੁਨੀਲ ਜਾਖੜ, ਫਿਰੋਜਪੁਰ ਸ਼ਹਿਰੀ ਤੋਂ ਪ੍ਰਮਿੰਦਰ ਸਿੰਘ ਪਿੰਕੀ, ਫਿਰੋਜਪੁਰ ਦਿਹਾਤੀ ਤੋਂ ਬੀਬੀ ਸਤਿਕਾਰ ਕੌਰ ਗਹਿਰੀ, ਮਲੋਟ ਤੋਂ ਜੋਗਿੰਦਰ ਸਿੰਘ ਪੰਜਗਰਾਂਈ, ਬਰਨਾਲਾ ਤੋਂ ਕੇਵਲ ਸਿੰਘ ਢਿਲੋਂ ਦੇ ਨਾਵਾਂ ਦਾ ਜਿਕਰ ਕੀਤਾ ਗਿਆ ਤੇ ਇਹ ਗਿਣਤੀ ਕੁੱਲ 45 ਉਮੀਦਵਾਰਾਂ ਦੇ ਨਾਮ ਦੀ ਦੱਸੀ ਜਾ ਰਹੀ ਹੈ। ਇਥੇ ਜਿਕਰਯੋਗ ਹੈ ਕਿ ਬੇਸ਼ੱਕ ਇਹ ਸੂਚੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਅਧਿਕਾਰਤ ਸੂਚੀ ਨਹੀਂ ਦੱਸੀ ਜਾ ਰਹੀ ਹੈ ਪਰ ਇਸ ਸੂਚੀ ਵਿੱਚ ਉਹਨਾ ਚਿਹਰਿਆਂ ਦੇ ਨਾਮ ਹੀ ਸਾਹਮਣੇ ਆਏ ਹਨ ਜੋ ਹਲਕੇ ਵਿੱਚ ਬਤੌਰ ਉਮੀਦਵਾਰੀ ਦੇ ਦਾਅਵੇਦਾਰਾਂ ਵਜੋਂ ਵਿਚਰ ਰਹੇ ਸਨ ਪਰ ਇਕ ਹਲਕੇ ਤੋਂ ਕਾਂਗਰਸ ਦੇ ਕਈ-ਕਈ ਉਮੀਦਵਾਰ ਦਾਅਵੇਦਾਰੀ ਜਿਤਾਅ ਰਹੇ ਹਨ । ਜੇਕਰ ਉਕਤ ਵਾਇਰਲ ਹੋਈ ਸੂਚੀ ਸੱਚ ਸਾਬਤ ਹੁੰਦੀ ਹੈ ਤਾਂ ਉਕਤ ਹਲਕਿਆਂ ਤੋਂ ਦਾਅਵੇਦਾਰੀਆਂ ਜਿਤਾਉਣ ਵਾਲੇ ਹੋਰਨਾਂ ਰੁਸਣ ਵਾਲੇ ਕਾਂਗਰਸੀ ਆਗੂਆਂ ਨੂੰ ਮਨਾਉਣ ਵਿੱਚ ਕਾਂਗਰਸ ਪਾਰਟੀ ਕਿੰਨਾ ਕੁ ਕਾਮਯਾਬ ਹੁੰਦੀ ਹੈ ਜਾਂ ਫਿਰ ਇਹ ਦਾਅਵੇਦਾਰ ਚੋਣਾਂ ਮੌਕੇ ਕਿਸ ਤਰਾਂ ਦਾ ਸਿਆਸੀ ਪੈਂਤੜਾ ਲੈ ਕੇ ਆਪਣੀ ਤਾਕਤ ਦਾ ਮੁਜਾਹਰਾ ਕਰਦੇ ਹਨ ਇਹ ਅਜੇ ਭਵਿੱਖ ਦੀ ਬੁਕੱਲ ਵਿੱਚ ਹੈ।