ਨੋਟਬੰਦੀ- ਰਾਮਦੇਵ ਨੂੰ ਪੈ ਗਈਆਂ ਗਸ਼ੀਆਂ

ਤਮਾਸ਼ਾ ਏ ਹਿੰਦ 
ਨੋਟਬੰਦੀ- ਜਨਤਾ ਹਾਲੋਂ ਬੇਹਾਲ
-ਪੰਜਾਬੀਲੋਕ ਬਿਊਰੋ
ਨੋਟਬੰਦੀ ਦਾ ਅੱਜ 13ਵਾਂ ਦਿਨ ਹੈ।  ਪਰ ਨੋਟਾਂ ਦੀ ਕਿੱਲਤ ਨੂੰ ਲੈ ਕੇ ਜਨਤਾ ਦੀਆਂ ਪ੍ਰੇਸ਼ਾਨੀਆਂ ਮੁੱਕ ਨਹੀਂ ਰਹੀਆਂ।  ਬੈਂਕਾਂ ‘ਚ ਵੱਡੀਆਂ ਲਾਈਨਾਂ ਨੇ, ਪਰ ਸਰਕਾਰ ਤੇ ਆਰ ਬੀ ਆਈ ਦੇ ਦਾਅਵਿਆਂ ਦੇ ਬਾਵਜੂਦ ਬੈਂਕਾਂ ਕੋਲ ਕੈਸ਼ ਨਹੀਂ। ਚੰਡੀਗੜ ਦੇ ਸੈਕਟਰ 17 ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਬਰਾਂਚ ਪਿਛਲੇ 3 ਦਿਨ ਤੋਂ ਨਕਦੀ ਨੂੰ ਤਰਸ ਰਹੀ ਹੈ।  ਮੁਲਾਜ਼ਮਾਂ ਨੂੰ ਜਨਤਾ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜਿਆਦਾਤਰ ਏ ਟੀ ਐਮ ਅੱਜ ਵੀ ਖਾਲੀ ਰਹੇ, ਪਰ ਸਰਕਾਰੀ ਦਾਅਵਿਆਂ ਮੁਤਾਬਕ ਦੋ ਚਾਰ ਦਿਨਾਂ ਵਿੱਚ ਹਾਲਾਤ ਆਮ ਵਰਗੇ ਹੋਣ ਦੀ ਸੰਭਾਵਨਾ ਹੈ।
ਨੋਟਬੰਦੀ ਦਾ ਅਸਰ ਚੰਡੀਗੜ ਵਿੱਚ ਚੱਲ ਰਹੇ ਐਗਰੋਟੈੱਕ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।  ਐਗਰੋਟੈੱਕ ਵਿੱਚ ਹਿੱਸਾ ਲੈਣ ਲਈ ਪਹੁੰਚੇ ਵੱਖ-ਵੱਖ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਕਾਰਨ ਉਹਨਾਂ ਦੇ ਸਾਮਾਨ ਦੀ ਵਿਕਰੀ ਬਹੁਤ ਘੱਟ ਹੋ ਰਹੀ ਹੈ।
ਓਧਰ 10 ਰੁਪਏ ਦੇ ਸਿੱਕਿਆਂ ਨੂੰ ਲੈ ਕੇ ਅਫਵਾਹਾਂ ਦਾ ਦੌਰ ਗਰਮ ਹੈ ਕਿ ਨਕਲੀ ਸਿੱਕੇ ਆ ਗਏ ਹਨ, ਜਨਤਾ ਹੋਰ ਪ੍ਰੇਸ਼ਾਨੀ ਵਿੱਚ ਹੈ, ਪਰ ਆਰ.ਬੀ.ਆਈ. ਨੇ 10 ਰੁਪਏ ਦੇ ਨਕਲੀ ਸਿੱਕਿਆਂ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਲੋਕਾਂ ਨੂੰ ਅਜਿਹੀਆਂ ਝੂਠੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਲਈ ਕਿਹਾ  ਹੈ।
ਕਰ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਦੂਜਿਆਂ ਦੇ ਖ਼ਾਤਿਆਂ ‘ਚ ਪੁਰਾਣੇ ਨੋਟ ਜਮਾਂ ਕਰਵਾ ਰਹੇ ਹਨ, ਉਹਨਾਂ ਖ਼ਿਲਾਫ਼ ਬੇਨਾਮੀ ਲੈਣ-ਦੇਣ ਐਕਟ ਤਹਿਤ ਕਾਰਵਾਈ ਤੇ 7 ਸਾਲ ਦੀ ਕੈਦ ਹੋ ਸਕਦੀ ਹੈ। …ਦਿੱਲੀ ਵਿੱਚ ਇੱਕ ਵਾਰ ਫਿਰ ਏ.ਟੀ.ਐਮ. ਤੋਂ ਪੈਸੇ ਕਢਾਉਣ ਲਈ ਲਾਈਨ ਵਿੱਚ ਲੱਗੇ ਲੋਕਾਂ ਦਾ ਹਾਲ ਜਾਣਨ ਵਾਸਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਪੁੱਜੇ। ਮਮਤਾ ਬੈਨਰਜੀ ਦੁਬਾਰਾ ਫੇਰ ਸੜਕ ‘ਤੇ ਨਿਤਰ ਰਹੀ ਹੈ।
ਉਮਾ ਭਾਰਤੀ ਕਹਿ ਰਹੀ ਹੈ ਕਿ ਮੋਦੀ ਜੀ ਨੇ ਕਾਰਲ ਮਾਰਕਸ ਦੇ ਨਾ ਬਰਾਬਰੀ ਵਾਲੇ ਸਿਧਾਂਤ ਨੂੰ ਹੀ ਅਮਲ ਵਿੱਚ ਲਿਆਂਦਾ ਹੈ, ਸੋ ਕਾਮਰੇਡ ਨੋਟਬੰਦੀ ਦਾ ਸਮਰਥਨ ਕਰਨ।
ਤੇ ਖਬਰ ਇਹ ਵੀ ਆਈ ਹੈ ਕਿ ਰਾਮਦੇਵ ਜੀ ਵੀ ਦੇਸ਼ ਭਗਤੀ ਦਿਖਾਉਣ ਲਈ ਤੇ ਨੋਟਬੰਦੀ ਦਾ ਸਮਰਥਨ ਕਰਨ ਲਈ ਇਕ ਬੈਂਕ ਦੀ ਕਤਾਰ ਵਿੱਚ ਜਾ ਲੱਗੇ, ਪਰ ਕੁਝ ਪਲਾਂ ਵਿੱਚ ਹੀ ਗਸ਼ੀਆਂ ਪੈ ਗਈਆਂ ਤਾਂ ਤੁਰੰਤ ਐਂਬੂਲੈਂਸ ਸੱਦ ਕੇ ਉਹਨਾਂ ਨੂੰ ਹਸਪਤਾਲ ਪੁਚਾਇਆ ਗਿਆ।