ਟਿਕਟਾਂ ਦੀ ਵੰਡ ‘ਤੇ ਬਾਦਲਕਿਆਂ ‘ਚ ਟੁੱਟਭੱਜ

ਮਾਝੇ, ਮਾਲਵੇ, ਦੁਆਬੇ ‘ਚ ਵਿਰੋਧ ਉਭਰਿਆ
-ਪੰਜਾਬੀਲੋਕ ਬਿਊਰੋ
ਮਾਲਵੇ ਤੇ ਦੁਆਬੇ ਵਿੱਚ ਅਕਾਲੀ ਦਲ ਬਾਦਲ ਦੀ ਪਹਿਲੀ ਜਾਰੀ ਸੂਚੀ ਨੂੰ ਲੈ ਕੇ ਪਾਰਟੀ ‘ਚ ਟੁੱਟਭੱਜ ਸ਼ੁਰੂ ਹੋ ਗਈ ਹੈ। ਪਹਿਲਾਂ ਨਿਹਾਲ ਸਿੰਘ ਵਾਲਾ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਟਿਕਟ ਕੱਟ ਕੇ ਜਗਰਾਵਾਂ ਦੇ ਆਰ ਐਸ ਕਲੇਰ ਨੂੰ ਦੇਣ ਕਰਕੇ ਹੰਗਾਮਾ ਹੋ ਰਿਹਾ ਹੈ, ਹੁਣ ਰਾਏਕੋਟ ਦੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖ਼ਾਲਸਾ ਨੂੰ ਟਿਕਟ ਨਾ ਦਿੱਤੇ ਜਾਣ ‘ਤੇ ਉਹਨਾਂ ਦੇ ਸਮਰਥਕ ਨਰਾਜ਼ ਹੋ ਗਏ ਨੇ। ਇਥੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰਇਕਬਾਲ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਗਈ ਹੈ। ਰਾਏਕੋਟ ਹਲਕੇ ਤੋਂ ਖਾਲਸਾ ਦੇ ਸਮਰਥਕ ਪੰਚ, ਸਰਪੰਚ, ਪਾਰਟੀ ਵਰਕਰ ਪਾਰਟੀ ਦਫਤਰ ਵਿੱਚ ਇਕੱਠੇ ਹੋਏ ਤੇ ਗਰਮਾ ਗਰਮ ਮੀਟਿੰਗ ਕਰਕੇ ਪਾਰਟੀ ਪ੍ਰਧਾਨ ਨੂੰ ਫੈਸਲਾ ਬਦਲਣ ਲਈ ਕਿਹਾ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਖਾਲਸਾ ਨੂੰ ਟਿਕਟ ਨਾ ਦਿੱਤੀ ਤਾਂ ਉਹਨਾਂ ਕੋਲ ਹੋਰ ਵੀ ਰਾਹ ਬਚੇ ਹੋਏ ਨੇ। ਉਹ ਸਮੂਹਿਕ ਤੌਰ ‘ਤੇ ਪਾਰਟੀ ਤੋਂ ਅਸਤੀਫ਼ੇ ਦੇ ਕੇ ਚੋਣਾਂ ਦਾ ਬਾਈਕਾਟ ਕਰਨਗੇ। ਮੁਕਤਸਰ ਤੋਂ ਕੰਵਰਜੀਤ ਰੋਜ਼ੀ ਬਰਕੰਦੀ ਨੂੰ ਟਿਕਟ ਦਿੱਤੀ ਤਾਂ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਨਰਾਜ਼ ਹੋ ਗਏ, ਕਹਿੰਦੇ ਮੈਂ ਤਾਂ ਅਜ਼ਾਦ ਲੜੂੰ।
ਮਾਝੇ ਦੇ ਹਲਤਾ ਬਟਾਲਾ ਤੋਂ ਅਕਾਲੀਆਂ ਨੇ ਲਖਬੀਰ ਸਿੰਘ ਲੋਧੀਨੰਗਲ ਨੂੰ ਟਿਕਟ ਦਿੱਤੀ ਹੈ, ਤਾਂ ਭਾਜਪਾਈਆਂ ਦੇ ਮੱਥੇ ਵੱਟ ਚੜ ਗਏ, ਉਹਨਾਂ ਲੋਧੀਨੰਗਲ ਦਾ ਬਾਈਕਾਟ ਕਰਕੇ ਸਾਬਕਾ ਵਿਧਾਇਕ ਜਗਦੀਸ਼ ਸਾਹਨੀ ਨੂੰ ਟਿਕਟ ਦੇਣ ਦੀ ਮੰਗ ਕੀਤੀ ਹੈ, ਸਾਹਨੀ ਸਾਹਿਬ ਕਹਿੰਦੇ ਜੇ ਅਕਾਲੀ ਨਹੀਂ ਮੰਨਦੇ ਤਾਂ ਫੇਰ ਭਾਜਪਾ ਇਕੱਲੀ ਹੀ ਚੋਣਾਂ ਲੜੇ।
ਓਧਰ ਦੋਆਬੇ ਦੇ ਮਹੱਤਵਪੂਰਨ ਤੇ ਯੂਥ ਅਕਾਲੀ ਦਲ ਦੇ ਦਬਦਬੇ ਵਾਲੇ ਕਰਤਾਰਪੁਰ ਤੋਂ ਸਰਵਣ ਸਿੰਘ ਫਿਲੌਰ ਨੂੰ ਟਿਕਟ ਨਾ ਦੇਣ ਕਰਕੇ ਫਿਲੌਰ ਨੇ ਤਾਂ ਅਸਤੀਫਾ ਦੇ ਕੇ ਰੋਸ ਜ਼ਾਹਰ ਕਰ ਦਿੱਤਾ ਹੈ, ਬੇਸ਼ੱਕ ਸਰਵਣ ਸਿੰਘ ਫਿਲੌਰ ਸੀਨੀਅਰ ਸਿਟੀਜ਼ਨ ਦੀ ਸ਼੍ਰੇਣੀ ਵਿੱਚ ਆਉਂਦੇ ਨੇ, ਪਰ ਕਰਤਾਰਪੁਰ ਦੇ ਯੂਥ ਅਕਾਲੀਆਂ ਨਾਲ ਉਹਨਾਂ ਦੀ ਵਾਹਵਾ ਨੇੜਤਾ ਹੈ। ਇਹਨਾਂ ਯੂਥ ਅਕਾਲੀਆਂ ਵਿੱਚ  ਨਿਰਾਸ਼ਾ ਪਾਈ ਜਾ ਰਹੀ ਹੈ। ਪਾਰਟੀ ਵਿੱਚ ਫੁੱਟ ਦੇ ਇਥੇ ਵੀ ਅਸਾਰ ਬਣ ਗਏ ਨੇ, ਫਿਲੌਰ ਸਮਰਥਕ ਪਾਰਟੀ ਪ੍ਰਧਾਨ ਨੂੰ ਮਿਲਣ ਲਈ ਵਿਚਾਰ ਕਰ ਰਹੇ ਨੇ । ਇਸ ਹਲਕੇ ਤੋਂ ਸੇਠ ਸਤਪਾਲ ਮੱਲ ਨੂੰ ਟਿਕਟ ਦਿੱਤੀ ਹੈ, ਜੋ ਹਾਲ ਵੀ ਵਿੱਚ ਪਾਰਟੀ ‘ਚ ਸ਼ਾਮਲ ਹੋਏ, ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਦਨ ਗਰੇਵਾਲ ਨੂੰ ਲੈ ਕੇ ਆਪ ਸਮਰਥਕ ਵੀ ਨਰਾਜ਼ ਹਨ, ਜਿਸ ਦਾ ਫਾਇਦਾ ਕਾਂਗਰਸ ਲੈ ਸਕਦੀ ਹੈ।
ਕਪੂਰਥਲਾ ਵਿੱਚ ਵੀ ਕੇ ਐਸ ਮੱਖਣ ਜੋ ਬਸਪਾ ਛੱਡ ਕੇ ਬਾਦਲਕਿਆਂ ਵਿੱਚ ਰਲ਼ੇ ਸੀ, ਉਹ ਰੋਡ ਸ਼ੋਅ ਕਰਦੇ ਰਹਿ ਗਏ ਤੇ ਟਿਕਟ ਹੰਸ ਰਾਜ ਹੰਸ ਦੇ ਰਿਸ਼ਤੇਦਾਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੂੰ ਦੇ ਦਿੱਤੀ। ਉਂਞ ਇਹ ਸੀਟ ਕਾਂਗਰਸੀ ਰਾਣਾ ਗੁਰਜੀਤ ਸਿੰਘ ਦੀ ਪੱਕੀ ਸੀਟ ਮੰਨੀ ਜਾਂਦੀ ਹੈ।