ਬਾਦਲ ਦਲ ‘ਚ ਪੈ ਗਿਆ ਖਿਲਾਰਾ

ਫਿਲੌਰ ਕਾਂਗਰਸੀ ਹੋ ਗਏ, ਅਵਿਨਾਸ਼ ਦੀ ਤਿਆਰੀ
-ਪੰਜਾਬੀਲੋਕ ਬਿਊਰੋ
ਬਾਦਲ ਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਪਹਿਲੀ ਸੂਚੀ ਨੇ ਪਾਰਟੀ ਵਿੱਚ ਖਿਲਾਰਾ ਪਾ ਦਿੱਤਾ ਹੈ।
ਕਰਤਾਰਪੁਰ ਤੋਂ ਟਿਕਟ ਨਾ ਮਿਲਣ ਕਾਰਨ ਅਕਾਲੀ ਦਲ ਤਂੋ ਅਸਤੀਫਾ ਦੇ ਚੁੱਕੇ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਸਾਥੀਆਂ ਸਣੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਹਾਲਾਂਕਿ ਫਿਲੌਰ ਨੇ ਕਿਹਾ ਹੈ ਕਿ ਉਹ ਬਿਨਾਂ ਸ਼ਰਤ ਪਾਰਟੀ ਵਿਚ ਸ਼ਾਮਿਲ ਹੋਏ ਹਨ ਪਰ ਪਤਾ ਲੱਗਾ ਹੈ ਕਿ ਕਾਂਗਰਸ ਉਹਨਾਂ ਨੂੰ ਵਿਧਾਨ ਸਭਾ ਹਲਕਾ ਕਰਤਾਰਪੁਰ ਤੋ ਟਿਕਟ ਦੇ ਸਕਦੀ ਹੈ।। ਸਰਵਣ ਸਿੰਘ ਫਿਲੌਰ ਅਕਾਲੀ ਦਲ ਦੇ ਟਕਸਾਲੀ ਆਗੂ ਹਨ ਅਤੇ ਛੇ ਵਾਰ ਵਿਧਾਇਕ ਚੁਣੇ ਗਏ ਪਰ ਪੁੱਤਰ ਦਮਨਬੀਰ ਸਿੰਘ ਉਪਰ ਨਸ਼ਿਆਂ ਦੇ ਸਰਗਨੇ ਕੋਲੋ ਪੈਸੇ ਲੈਣ ਦਾ ਦੋਸ਼ ਲੱਗਾ ਸੀ।  ਜਿਸ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸ. ਸਰਵਨ ਸਿੰਘ ਫਿਲੌਰ ਤੋ ਕੈਬਨਿਟ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਸੀ। ਜਥੇਦਾਰ ਅਜੀਤ ਸਿੰਘ ਕੋਹਾੜ ਧਿਰ ਉਹਨਾਂ ਦਾ ਵਿਰੋਧ ਕਰਤਾਰਪੁਰ ਤੋ ਲਗਾਤਾਰ ਕਰ ਰਹੀ ਸੀ।
ਓਧਰ ਫਿਲੌਰ ਤੋਂ ਟਿਕਟ ਨਾ ਮਿਲਣ ਕਾਰਨ ਮੌਜੂਦਾ ਵਿਧਾਇਕ ਅਵਿਨਾਸ਼ ਚੰਦਰ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ।
ਹਲਕਾ ਜਲੰਧਰ ਛਾਉਣੀ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਖਿਲਾਫ ਬਗ਼ਾਵਤ ਸੁਰਾਂ ਉੱਭਰਨੀਆਂ ਸ਼ੁਰੂ ਹੋ ਗਈਆਂ ਹਨ। ਜ਼ਿਲਾ ਅਕਾਲੀ ਜੱਥੇ ਦੇ ਪ੍ਰਧਾਨ ਅਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਨੇ ਵੀ ਰੋਸ ਵਜੋਂ ਪਾਰਟੀ ਤੋਂ ਆਪਣਾ ਅਸਤੀਫ਼ਾ ਦੇਣ ਦੀ ਤਿਆਰੀ ਕਰ ਲਈ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਤੇ ਉਹਨਾਂ ਦਾ ਪਰਿਵਾਰ ਕਿਸੇ ਵੇਲੇ ਵੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਸਕਦਾ ਹੈ।