ਤੀਰਥ ਯਾਤਰਾ ਤਹਿਤ ਹਜ਼ੂਰ ਸਾਹਿਬ ਲਈ ਗੱਡੀ ਰਵਾਨਾ

ਕੇ.ਡੀ.ਭੰਡਾਰੀ ਨੇ ਦਿਖਾਈ ਹਰੀ ਝੰਡੀ
-ਪੰਜਾਬੀਲੋਕ ਬਿਊਰੋ
”ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸੂਬੇ ਦਾ ਸਰਵ-ਪੱਖੀ ਵਿਕਾਸ ਕਰਵਾਉਣ ਦੇ ਨਾਲ- ਨਾਲ ਇਥੇ ਵਸਦੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਹੀ ਨਹੀਂ ਸਗੋ ਉਸ ਦੀਆਂ ਰੀਜ਼ਾਂ ਪੂਰੀਆਂ ਕਰਨ ਲਈ ਵੀ ਵਚਨਬੱਧ ਹੇ । ਤੀਰਥ ਅਸਥਾਨਾਂ ਪ੍ਰਤੀ ਸ਼ਰਧਾ ਅਤੇ ਇਹਨਾਂ ਦੇ ਦਰਸ਼ਨਾਂ ਦੀ ਤਾਂਘ ਰੱਖਣ ਵਾਲੇ ਵਿਅਕਤੀਆਂ ਦੀ ਸਿੱਕ ਪੂਰੀ ਕਰਨ ਲਈ ਹੀ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਸ਼ੁਰੂ ਕੀਤੀ ਗਈ। ਤੀਰਥ ਯਾਤਰਾ ਦਾ ਸਾਡੇ ਸੱਭਿਆਚਾਰ ਲਈ ਬੜਾ ਮਹੱਤਵ ਮੰਨਿਆ ਗਿਆ ਹੈ। ਇਸ ਯਾਤਰਾਂ ਰਾਂਹੀ ਜਿੱਥੇ ਮਨੁੱਖ ਨੂੰ ਆਪਣੇ ਅਮੀਰ ਧਾਰਮਿਕ ਤੇ ਇਤਿਹਾਸਕ ਵਿਰਸੇ ਦੀ ਸੋਝੀ ਹੁੰਦੀ ਹੈ, ਉਥੇ ਧਾਰਮਿਕ ਸ਼ਰਧਾ ਅਤੇ ਪ੍ਰਮਾਤਮਾ ਦੇ ਰੰਗ ਵਿਚ ਰੱਤੇ ਹੋਏ ਮਨੁੱਖਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਕੇ.ਡੀ.ਭੰਡਾਰੀ ਵਿਧਾਇਕ ਨੇ ਅੱਜ ਜਲੰਧਰ ਸ਼ਹਿਰ ਰੇਲਵੇ ਸਟੇਸ਼ਨ ਤੋ ਸ੍ਰੀ ਹਜੂਰ ਸਾਹਿਬ ਨਾਂਦੇੜ ਦੇ ਇਤਿਹਾਸਕ ਗੁਰਧਾਮਾਂ ਦੇ ਦਰਸਨ ਕਰਨ ਲਈ ਮੁੱਖ ਮੰਤਰੀ ਤੀਰਥ ਦਰਸ਼ਨਾ ਤਹਿਤ  ਇਕ ਵਿਸ਼ੇਸ਼ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਸ੍ਰੀ ਨਾਂਦੇੜ ਸਾਹਿਬ ਵਿਖੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਜਾ ਰਹੇ 1000 ਸ਼ਰਧਾਲੂਆਂ ਦੇ ਖਾਣ-ਪੀਣ, ਰਹਿਣ-ਸਹਿਣ ਦੇ ਮੁਕੰਮਲ ਪ੍ਰਬੰਧ ਸਰਕਾਰ ਵਲੋਂ ਕੀਤੇ ਗਏ ਹਨ।
ਉਹਨਾਂ ਅੱਗੇ ਕਿਹਾ ਕਿ 187 ਕਰੋੜ ਰੁਪਏ ਦੇ ਬਜਟ ਦੀ ਇਸ ਅਹਿਮ ਯੋਜਨਾ ਤਹਿਤ ਪੰਜਾਬ ਦੇ ਸ਼ਰਧਾਲੂਆਂ ਨੂੰ ਪੰਜ ਮੁੱਖ ਧਾਰਮਿਕ ਸਥਾਨਾਂ ,ਤਖਤ ਸ੍ਰੀ ਹਜ਼ੂਰ ਸਾਹਿਰ , ਕਾਸ਼ੀ, ਮਾਤਾ ਵੈਸ਼ਨੋ ਜੀ, ਸਾਲਾਸਾਰ ਧਾਮ, ਅਤੇ ਅਜਮੇਰ ਸ਼ਰੀਫ਼ ਦਰਗਾਹ ਦੀ ਯਾਤਰਾ ਕਰਵਾਈ ਜਾ ਰਹੀ ਹੈ। ਇਸ ਵਿਲੱਖਣ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਵਿਸ਼ਸ਼ ਰੇਲ ਗੱਡੀਆਂ ਰਾਂਹੀ ਵੱਖ-ਵਖ ਤੀਰਥ ਅਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ,ਜਿਸਦਾ ਸਾਰਾ ਖਰਚਾ ਪੰਜਾਬ ਸਰਕਾਰ ਸਹਿਣ ਕਰ ਰਹੀ ਹੈ। ਇਸ ਮੌਕੇ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ  ਲੋਕਾਂ ਵਲੋਂ ਜੋਰਦਾਰ ਜੈਕਾਰੇ ਲਗਾਏ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ , ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸ.ਗੁਰਚਰਨ ਸਿੰਘ ਚੰਨੀ, ਏ.ਡੀ.ਸੀ.ਸ੍ਰ.ਗੁਰਮੀਤ ਸਿੰਘ,ਐਸ.ਡੀ.ਐਮ ਸ੍ਰੀ ਵਰਿੰਦਰਪਾਲ ਸਿੰਘ  ਬਾਜਵਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਭਾਰੀ ਗਿਣਤੀ ਵਿਚ ਹਲਕੇ ਦੀਆਂ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ।