ਬਾਦਲਕਿਆਂ ਦੀ ਪਹਿਲੀ ਸੂਚੀ ‘ਤੇ ਕਈ ਤਰਾਂ ਦੇ ਚਰਚੇ

ਨਸ਼ਾ ਤਸਕਰਾਂ ਨੂੰ ਟਿਕਟਾਂ-ਸ਼ਸ਼ੀਕਾਂਤ
ਨਿਹਾਲਸਿੰਘ ਵਾਲਾ ‘ਚ ਪੈ ਗਿਆ ਖਿਲਾਰਾ
-ਪੰਜਾਬੀਲੋਕ ਬਿਊਰੋ
ਬਾਦਲ ਦਲ ਨੇ ਕੱਲ ਪੰਜਾਬ ਵਿਧਾਨ ਸਭਾ ਚੋਣਾਂ ਲਈ 69 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ, ਜਿਸ ਨੂੰ ਲੈ ਕੇ ਕਈ ਤਰਾਂ ਦੀ ਚਰਚਾ ਆਰੰਭ ਹੋ ਗਈ ਹੈ। ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਨੇ ਦੋਸ਼ ਲਾਇਆ ਹੈ ਕਿ ਅਕਾਲੀਆਂ ਨੇ ਤਸਕਰੀ ਕਰ ਰਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ।  ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵਧੀਆ ਕੰਮ ਕਰ ਸਕਦੀ ਹੈ ਪਰ ਜਦ ਤੱਕ ਰਾਜਨੀਤਿਕ ਦਬਾਅ ਰਹੇਗਾ ਪੁਲਿਸ ਸਹੀ ਕੰਮ ਨਹੀਂ ਕਰ ਸਕਦੀ।  ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਸ ਨੂੰ ਪੰਜਾਬ ‘ਚ ਮੁੱਖ ਮੰਤਰੀ ਉਮੀਦਵਾਰ ਬਾਰੇ ਪੱਤੇ ਖੋਲ ਦੇਣੇ ਚਾਹੀਦੇ ਹਨ।
ਇਸ ਦੌਰਾਨ ਚਰਚਾ ਹੋ ਰਹੀ ਹੈ ਕਿ ਬਾਦਲ ਦਲ ਵਲੋਂ  ਨਿਹਾਲ ਸਿੰਘ ਵਾਲਾ ‘ਚ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਟਿਕਟ ਕੱਟ ਕੇ ਜਗਰਾਓਂ ਦੇ ਵਿਧਾਇਕ ਆਰ. ਐੱਸ. ਕਲੇਰ ਨੂੰ ਦਿੱਤੇ ਜਾਣ ‘ਤੇ ਬਿਖੇੜਾ ਖੜਾ ਹੋ ਗਿਆ ਹੈ। ਹਲਕੇ ਵਿੱਚ ਪਾਰਟੀ ਦੋਫਾੜ ਹੋ ਗਈ ਹੈ।  ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਰਿਹਾਇਸ਼ ‘ਤੇ ਸਮਰਥਕਾਂ ਵਲੋਂ ਇੱਕ ਵੱਡਾ ਇਕੱਠ ਕਰਕੇ ਪਾਰਟੀ ਤੋਂ ਮੰਗ ਕੀਤੀ ਗਈ ਕਿ ਇਸ ਫੈਸਲੇ ‘ਤੇ ਪੁਨਰ ਵਿਚਾਰ ਕੀਤਾ ਜਾਵੇ, ਕਿਉਂਕਿ ਵਿਧਾਇਕਾ ਦੀ ਅਗਵਾਈ ‘ਚ ਹਲਕੇ ਦਾ ਅਥਾਹ ਵਿਕਾਸ ਹੋਇਆ ਹੈ, ਜਿਸ ਕਰਕੇ ਅਕਾਲੀ ਆਗੂ ਅਤੇ ਵਰਕਰ ਉਹਨਾਂ ਨੂੰ ਟਿਕਟ ਦੇਣ ਦੀ ਮੰਗ ਕਰਦੇ ਹਨ।  ਅਗਲੀ ਰਣਨੀਤੀ ਘੜਨ ਲਈ 19 ਨਵੰਬਰ ਨੂੰ ਇਤਿਹਾਸਿਕ ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਮੀਟਿੰਗ ਵੀ ਸੱਦ ਲਈ ਹੈ, ਜਿੱਥੇ ਸਖ਼ਤ ਫੈਸਲੇ ਲੈਣ ਦੇ ਰੌਂਅ ਵਿਚ ਦੱਸੇ ਜਾਂਦੇ ਹਨ।  ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਕਿਹਾ ਕਿ ਹਲਕੇ ਦੇ ਪਾਰਟੀ ਵਰਕਰ ਜੋ ਵੀ ਫੈਸਲੇ ਲੈਣਗੇ, ਉਸ ਨੂੰ ਮਨਜ਼ੂਰ ਹੋਵੇਗਾ,ਕਿਉਂਕਿ ਉਸ ਦੇ ਸਾਥੀਆਂ ਨੇ ਹਮੇਸ਼ਾ ਹੀ ਉਸਦਾ ਸਾਥ ਦਿੱਤਾ ਹੈ।  ਉਹਨਾਂ ਕਿਹਾ ਕਿ ਸਾਡਾ ਪਰਿਵਾਰ 60 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹੈ ਪਰ ਪਾਰਟੀ ਨੇ ਆਖ਼ਰੀ ਮੌਕੇ ਉਹਨਾਂ ਨੂੰ ਅੱਖੋ ਪਰੋਖੇ ਕੀਤਾ ਹੈ।