ਕਰਜ਼ੇ ਦੀ ਭੇਟ ਚੜਿਆ ਇਕ ਹੋਰ ਮਿੱਟੀ ਦਾ ਪੁੱਤ

ਜ਼ਹਿਰ ਨਿਗਲ ਕੇ 35 ਸਾਲਾ ਕਿਸਾਨ ਨੇ ਦਿੱਤੀ ਜਾਨ
-ਪੰਜਾਬੀਲੋਕ ਬਿਊਰੋ
ਮਾਨਸਾ ਜ਼ਿਲੇ ਦੇ ਪਿੰਡ ਭੈਣੀ ਚੂਹੜ ਦੇ ਵਾਸੀ 35 ਸਾਲਾ ਕਿਸਾਨ ਜਸਵੀਰ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਜਸਵੀਰ ਸਿੰਘ ਕੋਲ ਸਿਰਫ ਅੱਧਾ ਏਕੜ ਜ਼ਮੀਨ ਸੀ।  ਇੰਨੀ ਥੋੜੀ ਜਮੀਨ ‘ਚੋਂ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਲ ਸੀ।  ਪਰਿਵਾਰ ਦੇ ਗੁਜ਼ਰ ਬਸਰ ਲਈ ਉਸ ਨੂੰ ਕਰਜ਼ਾ ਚੁੱਕਣਾ ਪੈ ਰਿਹਾ ਸੀ,  ਉਸ ਦੇ ਸਿਰ ਕਰੀਬ ਢਾਈ ਲੱਖ ਰੁਪਏ ਕਰਜ਼ ਚੜ ਗਿਆ, ਜਿਸ ਕਰਕੇ  ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।  ਉਸ ਨੇ ਪ੍ਰੇਸ਼ਾਨੀ ਵਿੱਚ ਬੀਤੀ ਸ਼ਾਮ ਕੀਟਨਾਸ਼ਕ ਦਵਾਈ ਪੀ ਲਈ ਸੀ।  ਪਤਾ ਲੱਗਣ ‘ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਮੌੜ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।  ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਤੇ ਬੇਟਾ-ਬੇਟੀ ਛੱਡ ਗਿਆ ਹੈ।
ਕਿਸਾਨ ਜਥੇਬੰਦੀਆਂ ਨੇ  ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ ਕਰਨ ਅਤੇ ਕਿਸਾਨ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।