ਲੰਗਰ ਸੇਵਾ ਲਈ 500-1000 ਦੇ ਨੋਟ ਲੈਣ ਤੋਂ ਇਨਕਾਰ

-ਪੰਜਾਬੀਲੋਕ ਬਿਊਰੋ
ਨੋਟਬੰਦੀ ਦਾ ਅਸਰ ਗੁਰੂ ਘਰਾਂ ਦੇ ਚੜਾਵੇ ‘ਤੇ ਵੀ ਪਿਆ ਹੈ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਲੰਗਰ ਹਾਲ ‘ਚ ਬਾਬਾ ਇੰਦਰਜੀਤ ਸਿੰਘ ਚੰਡੀਗੜ ਵਾਲਿਆਂ ਵਲੋਂ ਸੰਗਤ ਦੇ ਸਹਿਯੋਗ ਨਾਲ ਇਕੱਠੀ ਕੀਤੀ 9 ਲੱਖ ਰੁਪਏ ਲੈਣ ਤੋਂ ਸ਼੍ਰੋਮਣੀ ਕਮੇਟੀ ਨੇ ਇਨਕਾਰ ਕਰ ਦਿੱਤਾ, ਕਿਉਂਕਿ ਇਹ ਰਕਮ 500 ਅਤੇ 1000 ਦੇ ਪੁਰਾਣੇ ਨੋਟਾਂ ‘ਚ ਸੀ।  ਬਾਬਾ ਇੰਦਰਜੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਸਾਲ ‘ਚ ਇਕ ਦਿਨ ਦੀ ਲੰਗਰ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਹਨ।  ਇਸ ਸਾਲ 14 ਦਸੰਬਰ ਨੂੰ ਲੰਗਰ ਦੀ ਸੇਵਾ ਲੈਣ ਲਈ ਸੰਗਤਾਂ ਕੋਲੋਂ 9 ਲੱਖ ਦੀ ਰਕਮ ਇਕੱਠੀ ਕੀਤੀ ਗਈ।  ਜਦੋਂ ਉਹ ਰਕਮ ਜਮਾਂ ਕਰਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ‘ਚ ਗਏ ਤਾਂ ਉੱਥੇ ਪ੍ਰਬੰਧਕਾਂ ਨੇ 500 ਅਤੇ 1000 ਰੁਪਏ ਦੀ ਕਰੰਸੀ ਬੰਦ ਹੋਣ ਇਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਨਵੀਂ ਕਰੰਸੀ ਜਾਂ ਚੈੱਕ ਰਾਹੀਂ ਲੰਗਰ ਦੀ ਸੇਵਾ ਲਈ ਜਾਵੇ।  ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੇ ਮੰਨਿਆ ਹੈ ਕਿ 500 ਅਤੇ 1000 ਦੀ ਕਰੰਸੀ ਬੰਦ ਹੋਣ ਨਾਲ ਗੁਰਦੁਆਰਿਆਂ ‘ਚ ਚੜਾਵਾ ਵੀ ਘੱਟ ਹੋਇਆ ਹੈ। ਪਰ ਇਸ ਦਾ ਅਸਰ ਗੁਰੂ ਘਰਾਂ ਵਿੱਚ ਆਉਣ ਵਾਲੀ ਸੰਗਤ ਲਈ ਲੰਗਰ ਸੇਵਾ ਤੇ ਹੋਰ ਸਹੂਲਤਾਂ ‘ਤੇ ਨਹੀਂ ਪੈਣ ਦਿੱਤਾ ਜਾਵੇਗਾ।