ਭਲਕ ਤੋਂ ਸਿਰਫ 2000 ਰੁਪਏ ਬਦਲੇ ਜਾਣਗੇ

ਆਰ ਬੀ ਆਈ ਹੋਰ ਸਖਤ
-ਪੰਜਾਬੀਲੋਕ ਬਿਊਰੋ
500 ਤੇ 1000 ਦੀ ਨੋਟਬੰਦੀ ਤੋਂ ਬਾਅਦ ਪ੍ਰੇਸ਼ਾਨੀ ਵਿੱਚ ਆਈ ਜਨਤਾ ਲਈ ਹੋਰ ਪ੍ਰੇਸ਼ਾਨੀ ਵਧ ਸਕਦੀ ਹੈ, ਕਿਉਂਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਫਰਮਾਨ ਜਾਰੀ ਕੀਤਾ ਹੈ ਕਿ ਭਲਕ ਭਾਵ 18 ਨਵੰਬਰ ਤੋਂ ਬੈਂਕ ‘ਚੋਂ ਸਿਰਫ 2000 ਰੁਪਏ ਹੀ ਬਦਲਾਏ ਜਾ ਸਕਦੇ ਹਨ।  ਇਸ ਤੋਂ ਪਹਿਲਾਂ ਪ੍ਰਤੀ ਵਿਅਕਤੀ 4500 ਰੁਪਏ ਕਰ ਦਿੱਤੇ ਗਏ ਸੀ। ਇਸ ਤੋਂ ਪਹਿਲਾਂ ਹੁਕਮ ਦਿੱਤੇ ਗਏ ਸਨ ਕਿ ਜਿਹੜਾ ਵਿਅਕਤੀ ਬੈਂਕ ਤੋਂ ਰੁਪਏ ਤਬਦੀਲ ਕਰਵਾਉਂਦਾ ਹੈ, ਉਸ ਦੇ ਹੱਥ ‘ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਏਗਾ,  ਤਾਂ ਜੋ ਉਹ ਦੋਬਾਰਾ ਬੈਂਕ ਤੋਂ ਨੋਟ ਤਬਦੀਲ ਨਾ ਕਰਵਾ ਸਕੇ। ਪਰ ਆਰ ਬੀ ਆਈ ਨੇ ਉਹਨਾਂ ਲੋਕਾਂ ਲਈ ਰਾਹਤ ਦਿੱਤੀ ਹੈ, ਜਿਹਨਾਂ ਦੇ ਘਰ ਵਿਆਹ ਹੋਣਾ ਹੈ।  ਹੁਣ ਉਹ ਵਿਅਕਤੀ ਵਿਆਹ ਦਾ ਕਾਰਡ ਦਿਖਾ ਕੇ ਬੈਂਕ ਤੋਂ ਇੱਕੋ ਵੇਲੇ ਢਾਈ ਲੱਖ ਰੁਪਏ ਕਢਵਾ ਸਕਣਗੇ।  ਇਸ ਦੇ ਨਾਲ ਹੀ ਫਸਲ ਦੀ ਬਿਜਾਈ ਦੇ ਸਮੇਂ ਨੂੰ ਦੇਖਦਿਆਂ ਕਿਸਾਨਾਂ ਨੂੰ ਵੀ ਕੁਝ ਰਾਹਤ ਦਿੱਤੀ ਗਈ ਹੈ। ਨਵੇਂ ਆਦੇਸ਼ ਮੁਤਾਬਕ ਕਿਸਾਨ ਇੱਕ ਹਫਤੇ ‘ਚ 25000 ਰੁਪਏ ਕਢਵਾ ਸਕਣਗੇ।
ਚਰਚਾ ਇਹ ਵੀ ਹੋ ਰਹੀ ਸੀ ਕਿ ਸਰਕਾਰ ਮੁੜ 1000 ਦੇ ਨਵੇਂ ਨੋਟ ਜਾਰੀ ਕਰ ਸਕਦੀ ਹੈ, ਪਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸਾਫ਼ ਕੀਤਾ ਕਿ ਸਰਕਾਰ 1000 ਦੇ ਨਵੇਂ ਨੋਟ ਜਾਰੀ ਨਹੀਂ ਕਰੇਗੀ। ਸਰਕਾਰ ਇਹ ਵੀ ਦਾਅਵਾ ਕਰ ਰਹੀ ਹੈ ਕਿ ਨੋਟਬੰਦੀ ਕਾਰਨ ਜਨਤਾ ਬੇਹੱਦ ਖੁਸ਼ ਹੈ, ਸਿਰਫ ਬੇਈਮਾਨ ਲੋਕ ਹੀ ਪ੍ਰੇਸ਼ਾਨ ਹਨ।