ਅੱਜ ਤੋਂ ਫਿਲੈਟਿਕ ਪ੍ਰਦਰਸ਼ਨੀ ਜਲਪੈਕਸ 2016

ਦੁਰਲੱਭ ਡਾਕ ਟਿਕਟਾਂ ਹੋਣਗੀਆਂ ਵਿਸ਼ੇਸ਼ ਆਕਰਸ਼ਣ
-ਪੰਜਾਬੀਲੋਕ ਬਿਊਰੋ
ਪੋਸਟਲ ਡਿਵੀਜ਼ਨ ਜਲੰਧਰ ਵਲੋਂ 34ਵੀਂ ਜਿਲਾ ਪੱਧਰੀ ਡਾਕ ਟਿਕਟ ਪ੍ਰਦਰਸ਼ਨੀ ਜਲਪੈਕਸ 2016  ਵਿਰਸਾ ਵਿਹਾਰ , ਸਿਵਲ ਲਾਇਨਜ਼ ਰੋਡ, ਜਲੰਧਰ ਵਿਖੇ 17 ਤੇ 18 ਨਵੰਬਰ ਨੂੰ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਜਲੰਧਰ ਡਿਵੀਜ਼ਨ ਸ੍ਰੀ ਮੁਹੰਮਦ ਹਨੀਫ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਜਾਰੀ ਹੋਈਆਂ ਦੁਰਲੱਭ ਡਾਕ ਟਿਕਟਾਂ ਪ੍ਰਦਰਸ਼ਨੀ ਦਾ ਵਿਸ਼ੇਸ਼ ਆਕਰਸ਼ਣ ਹੋਣਗੀਆਂ। ਇਸ ਵਿਚ ਮੁੱਖ ਤੌਰ ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਤਿਰੰਗੇ ਬਾਰੇ ਜਾਰੀ ਹੋਈਆਂ ਟਿਕਟਾਂ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਇਨਵੀਟੇਸ਼ਨ ਕਲਾਸ, ਕੰਪੀਟੀਸ਼ਨ ਕਲਾਸ, ਸਕੂਲ ਫਰੇਮਜ਼, ਯੂਥ ਗਰੁੱਪ ਦੇ ਫਰੇਮ ਪ੍ਰਦਰਸ਼ਿਤ ਹੋਣਗੇ। ਦੇਸ਼ ਦੇ ਬਹਾਦਰ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕਰਨ Ñਲਈ ਇੰਡੀਆ ਪੋਸਟ ਐਂਡ ਫਿਲੈਟਲਿਕ ਕਲੱਬ ਜਲੰਧਰ ਵਲੋਂ ਜਲਪੈਕਸ 2016 ਲਈ ਵਾਰ ਮੈਮੋਰੀਅਲ ਜਲੰਧਰ ਨੂੰ ਲੋਗੋ ਵਜੋਂ ਲਿਆ ਗਿਆ ਹੈ। ਪ੍ਰਦਰਸ਼ਨੀ ਦੌਰਾਨ ਕਿਸਾਨਾਂ ਦੀ ਮਿਹਨਤ ਨੂੰ ਦਰਸਾਉਣ ਲਈ ਜੈ ਜਵਾਨ, ਜੈ ਕਿਸਾਨ , ਖੇਤੀਬਾੜੀ, ਪਾਣੀ ਬਚਾਓ, ਔਰਤ ਸ਼ਸ਼ਕਤੀਕਰਨ ਦੇ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚਾਰ ਵੱਖ-ਵੱਖ ਵਿਦਿਅਕ ਸੰਸਥਾਨਾਂ ਤੇ ਬੇਟੀ ਬਚਾਓ , ਬੇਟੀ ਪੜਾਓ ‘ਤੇ ਵਿਸ਼ੇਸ਼ ਕਵਰ ਜਾਰੀ ਕੀਤੇ ਜਾਣ ਦੇ ਨਾਲ-ਨਾਲ 17 ਨਵੰਬਰ ਨੂੰ ਡਰਾਇੰਗ ਤੇ ਪੇਂਟਿੰਗ ਤੇ 18 ਨਵੰਬਰ ਨੂੰ ਕੁਇਜ਼ ਮੁਕਾਬਲੇ  ਕਰਵਾਏ ਜਾਣਗੇ। ਪ੍ਰਦਰਸ਼ਨੀ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਲੋਕਾਂ ਦਾ ਦਾਖਲਾ ਬਿਲਕੁਲ ਮੁਫਤ ਹੋਵੇਗਾ। ਇਸ ਮੌਕੇ ਜਲੰਧਰ ਫਿਲੈਟਲਿਕ ਕਲੱਬ ਦੇ ਸਕੱਤਰ ਐਨ.ਕੇ. ਖੇੜਾ ਤੇ ਡਾਕ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।