ਨੋਟਬੰਦੀ ਦਾ ਭਾਜਪਾ ਨੇਤਾਵਾਂ ਵਲੋਂ ਵਿਰੋਧ ਸ਼ੁਰੂ

ਕਿਹਾ-ਕਿਸਾਨੀ ਤਬਾਹ ਹੋ ਜਾਵੇਗੀ
ਕਿਸਾਨ ਧੋਤੀ ‘ਚ ਕਰੈਡਿਟ ਕਾਰਡ ਨਹੀਂ ਰੱਖਦੇ-ਕਾਂਗਰਸ
ਕਤਾਰਾਂ ‘ਚ ਲੱਗੇ ਲੋਕਾਂ ਦੀ ਪ੍ਰੇਸ਼ਾਨੀ ਜਿਉਂ ਦੀ ਤਿਉਂ
-ਪੰਜਾਬੀਲੋਕ ਬਿਊਰੋ
ਨੋਟਬੰਦੀ ਕਾਰਨ ਆਮ ਲੋਕਾਂ ਲਈ ਹਾਅ ਦਾ ਨਾਅਰਾ ਮਾਰਨ ਵਾਲਿਆਂ ਵਿੱਚ ਭਾਜਪਾ ਦੇ ਸੀਨੀਅਰ ਆਗੂ ਵੀ ਸ਼ਾਮਲ ਹੋ ਗਏ ਹਨ। ਐਮ ਪੀ ਵਿਥਾਲ ਰਾਦਾਡੀਆ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਦੇਸ਼ ਦੇ ਕਿਸਾਨਾਂ ਦੀ ਹਾਲਤ ਹੋਰ ਵੀ ਮੰਦੀ ਕਰ ਦਿੱਤੀ ਹੈ, ਖਾਦ, ਬੀਜ, ਮਜ਼ਦੂਰੀ ਦਾ ਭੁਗਤਾਨ ਸਭ ਕੁਝ ਰੁਕ ਗਿਆ ਹੈ। ਦਿਲੀਪ ਸੰਘਾਨੀ ਸਾਬਕਾ ਐਮ ਪੀ ਨੇ ਕਿਹਾ ਹੈ ਕਿ ਜੇ ਕਿਸਾਨਾਂ ਨੂੰ ਪੈਸਾ ਨਹੀਂ ਮਿਲੇਗਾ, ਤਾਂ ਖੇਤੀ ਕਿਵੇਂ ਹੋਵੇਗੀ, ਤੇ ਜੇ ਖੇਤੀ ਨਹੀਂ ਹੋਵੇਗੀ ਤਾਂ ਇਕਾਨਮੀ ਨੂੰ ਨੁਕਸਾਨ ਹੋਵੇਗਾ। ਸੁਬਰਾਮਣੀਅਮ ਸਵਾਮੀ ਵੀ ਵਿੱਤ ਮੰਤਰੀ ਦੀ ਅਲੋਚਨਾ ਕਰ ਚੁੱਕੇ ਹਨ। ਸ਼ਿਵਸੈਨਾ ਵੀ ਖੁੱਲ ਕੇ ਵਿਰੋਧ ਕਰ ਰਹੀ ਹੈ। ਨੋਟਬੰਦੀ ਦਾ ਵਿਰੋਧ ਜਤਾਉਣ ਲਈ ਭਾਜਪਾ ਆਗੂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।
ਅੱਜ ਸਰਦ ਰੁੱਤ ਦੇ ਸੈਸ਼ਨ ਵਿੱਚ ਵਿਰੋਧੀ ਧਿਰਾਂ ਨੇ ਜੰਮ ਕੇ ਹੰਗਾਮਾ ਕੀਤਾ। ਲੋਕ ਸਭਾ ਦਾ ਸੈਸ਼ਨ ਤਾਂ ਮੁਲਤਵੀ ਹੋ ਗਿਆ ਪਰ ਰਾਜ ਸਭਾ ਵਿੱਚ ਹਾਕਮੀ ਧਿਰ ‘ਤੇ ਖੂਬ ਹੱਲੇ ਹੋਏ। ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਦਾ ਮਜ਼ਦੂਰ, ਕਿਸਾਨ ਤੇ ਆਮ ਆਦਮੀ ਪ੍ਰੇਸ਼ਾਨ ਹੈ, ਕਿਸਾਨ ਧੋਤੀ ‘ਚ ਕਰੈਡਿਟ ਕਾਰਡ ਨਹੀਂ ਰੱਖਦਾ, ਛੋਟੇ ਦੁਕਾਨਦਾਰਾਂ, ਕਿਸਾਨਾਂ ਤੇ ਮਜ਼ਦੂਰਾਂ ਦਾ ਸੰਕਟ ਬਹੁਤ ਵੱਡਾ ਹੈ। ਸਰਕਾਰ ਨੇ ਇਹਨਾਂ ਨੂੰ ਅਪਰਾਧੀ ਬਣਾ ਦਿੱਤਾ ਹੈ, ਬੈਂਕਾਂ ਦੀ ਕਤਾਰ ਵਿੱਚ ਇਹੀ ਲੋਕ ਖੜੇ ਨੇ।
ਵਿਰੋਧੀਆਂ ਨੇ ਪੀ ਐਮ ਮੋਦੀ ਦੀ ਤੁਲਨਾ ਮੁਸੋਲਿਨੀ, ਗੱਦਾਫੀ ਤੇ ਹਿਟਲਰ ਨਾਲ ਕੀਤੀ।
ਰਾਜਸਭਾ ਵਿੱਚ ਕਾਲਾ ਧਨ ਤੇ ਡਿਫਾਲਟਰਾਂ ਨੂੰ ਲੈ ਕੇ ਵੀ ਸਰਕਾਰ ‘ਤੇ ਹੱਲੇ ਬੋਲੇ ਗਏ। ਜਿਸ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਫਾਈ ਦਿੱਤੀ ਕਿ ਭਾਰਤੀ ਸਟੇਟ ਬੈਂਕ ਨੇ ਜਿਹੜੇ ਡਿਫਾਲਟਰਾਂ ਦਾ ਲੋਨ ਡੁੱਬਿਆ ਮੰਨ ਲਿਆ ਹੈ, ਉਹਨਾਂ ਵਿੱਚ ਵਿਜੈ ਮਾਲੀਆ ਦਾ ਨਾਮ ਵੀ ਸ਼ਾਮਲ ਹੈ ਜਿਸ ‘ਤੇ ਵੱਖ ਵੱਖ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ. , ਉਸ ਦਾ ਕਰਜ਼ਾ ਮਾਫ ਨਹੀਂ ਕੀਤਾ, ਉਸ ਤੋਂ ਕਰਜ਼ਾ ਵਸੂਲੀ ਦੇ ਯਤਨ ਜਾਰੀ ਰਹਿਣਗੇ।
ਓਧਰ ਨੋਟ ਬਦਲਾਉਣ ਲਈ ਬੈਂਕਾਂ ਵਿੱਚ ਅੱਜ ਵੀ ਮਾਰੋ ਮਾਰ ਰਹੀ। ਕਈ ਬੈਂਕਾਂ ਦੇ ਸਟਾਫ ਨੇ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਚਹੇਤਿਆਂ ਨੂੰ ਨੋਟ ਬਦਲ ਦਿੱਤੇ, ਤਸਵੀਰਾਂ ਵਾਇਰਲ ਹੋ ਰਹੀਆਂ ਨੇ।
ਜਿਹਨਾਂ ਦੇ ਬੈਂਕ ਖਾਤੇ ਨਹੀਂ ਸਨ, ਉਹ ਹੁਣ ਖਾਤੇ ਖੁਲਵਾਉਣ ਲਈ ਬੈਂਕਾਂ ਦੀਆਂ ਕਤਾਰਾਂ ਵਿੱਚ ਖੜੇ ਨੇ। ਬਹੁਤ ਸਾਰੇ ਏ ਟੀ ਐਮ ਅੱਜ ਵੀ ਜਾਂ ਤਾਂ ਬੰਦ ਰਹੇ ਜਾਂ ਦੁਪਹਿਰ ਹੁੰਦੇ ਤੱਕ ਕੈਸ਼ ਖਤਮ ਹੋਣ ਕਾਰਨ ਬੰਦ ਹੋ ਗਏ।
ਏ ਟੀ ਐਮ ਵਿਚ ਕੈਸ਼ ਖਤਮ ਹੋਣ ‘ਤੇ ਕਟਾਖਸ਼ ਕਰਦਿਆਂ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ ਨੇ ਕਿਹਾ ਕਿ ਇਸ ਦੀ ਫੁੱਲ ਫਾਰਮ ਬਦਲ ਕੇ ਇਹ ਕਰ ਦੇਣੀ ਚਾਹੀਦੀ ਹੈ ਕਿ ਆਏਗਾ ਤਬ ਮਿਲੇਗਾ..। ਮਮਤਾ ਨੇ ਸਹਿਯੋਗੀਆਂ ਨਾਲ ਮਿਲ ਕੇ ਰਾਸ਼ਟਰਪਤੀ ਭਵਨ ਤੋਂ ਸੰੰਸਦ ਤੱਕ ਰੋਸ ਮਾਰਚ ਵੀ ਨੋਟਬੰਦੀ ਖਿਲਾਫ ਕੱਢਿਆ।