ਟਿਕਟਾਂ ਨੂੰ ਲੈ ਕੇ ਆਪ ‘ਚ ਫੇਰ ਖੜਕਾ-ਦੜਕਾ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਲਈ ਸਭ ਤੋਂ ਵੱਧ ਸਰਗਰਮ ਹੋਈ ਆਮ ਆਦਮੀ ਪਾਰਟੀ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਨਰਾਜ਼ਗੀਆਂ ਇਕ ਵਾਰ ਫੇਰ ਉਭਰ ਰਹੀਆਂ ਹਨ। ਹੁਣ ਦੁਆਬੇ ਦੇ ਮਹੱਤਵਪੂਰਨ ਇਲਾਕੇ ਕਰਤਾਰਪੁਰ ਵਿੱਚ ਰੋਸੇ ਪੈਦਾ ਹੋਏ ਨੇ। ਚੰਦਨ ਗਰੇਵਾਲ ਨੂੰ ਕਰਤਾਰਪੁਰ ਹਲਕੇ ਤੋਂ ਟਿਕਟ ਮਿਲਣ ਦੇ ਵਿਰੋਧ ਕਾਰਨ ਕਰਤਾਰਪੁਰ ਦੇ ਵਰਕਰਾਂ ਨੇ ਜਲੰਧਰ ਵਿੱਚ ਪਾਰਟੀ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ।  ਉਹਨਾਂ ਦੱਸਿਆ ਕਿ ਚੰਦਨ ਗਰੇਵਾਲ ਕੁਝ ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਏ ਹਨ ਪਰ ਹੁਣ ਤੱਕ ਉਹਨਾਂ ਨੇ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਨਹੀਂ ਦਿੱਤਾ ਹੈ, ਜੋ ਕਿ ਸੰਵਿਧਾਨ ਦੇ ਖਿਲਾਫ ਹੈ।  ਉਹ ਕਿਸੇ ਪੈਰਾਸ਼ੂਟ ਉਮੀਦਵਾਰ ਨੂੰ ਆਪਣੇ ਹਲਕੇ ਵਿਚ ਬਰਦਾਸ਼ਤ ਨਹੀਂ ਕਰਨਗੇ ਤੇ ਜੇ ਉਮੀਦਵਾਰ ਨਾ ਬਦਲਿਆ ਗਿਆ  ਤਾਂ ਉਹ ਵੱਡੇ ਪੱਧਰ ‘ਤੇ ਧਰਨਾ ਪ੍ਰਦਰਸ਼ਨ ਕਰਕੇ ਭੁੱਖ ਹੜਤਾਲ ‘ਤੇ ਬੈਠਣਗੇ।  ਇਸ ਦੌਰਾਨ ਵਾਲਮੀਕਿ ਸੈਨਾ ਪੰਜਾਬ ਦੇ ਪ੍ਰਧਾਨ ਨਵ ਵਿਕਾਸ ਆਪਣੇ ਸਾਥੀਆਂ ਨਾਲ ਉਮੀਦਵਾਰ ਚੰਦਨ ਗਰੇਵਾਲ ਦੇ ਹੱਕ ਵਿੱਚ ਆ ਨਿੱਤਰੇ ਤੇ ਕਰਤਾਰਪੁਰ ਤੋਂ ਰੋਸ ਵਿਖਾਵਾ ਕਰਨ ਆਏ ਵਰਕਰਾਂ ਨਾਲ ਉਹਨਾਂ ਦੀ ਨੋਕ-ਝੋਕ ਹੋਈ। ਦੋਵਾਂ ਧਿਰਾਂ ਵਿਚ ਟਕਰਾਅ ਦੀ ਸਥਿਤੀ ਬਣੀ ਰਹੀ।