ਟਰੰਪ ਸਾਸ਼ਨ ‘ਚ ਗੈਰਕਾਨੂੰਨੀ ਪ੍ਰਵਾਸੀ ਖੌਫਜ਼ਦਾ

30 ਲੱਖ ਤੋਂ ਵੱਧ ਨੂੰ ਕੀਤਾ ਜਾ ਸਕਦੈ ਬਾਹਰ
-ਪੰਜਾਬੀਲੋਕ ਬਿਊਰੋ
ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੇ ਦਿਨ ਹੁਣ ਪੂਰੇ ਹੋ ਚੁੱਕੇ ਹਨ। ਪਰਵਾਸੀਆਂ ਵਿਰੁੱਧ ਆਪਣੀਆਂ ਸਖ਼ਤ ਨੀਤੀਆਂ ਲਈ ਜਾਣੇ ਜਾਂਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਕਿ ਉਹ ਤੀਹ ਲੱਖ ਗੈਰਕਾਨੂੰਨੀ ਪਰਵਾਸੀਆਂ ਨੂੰ ਜਲਦੀ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾਏਗਾ। ਟਰੰਪ ਦੇ ਇਸ ਫੈਸਲੇ ਨਾਲ ਨਿਸਚਿਤ ਤੌਰ ਉਤੇ ਭਾਰਤੀ ਵੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋਣਗੇ।  ਟਰੰਪ ਨੇ ਸੀ ਬੀ ਐੱਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪਰਾਧੀ ਪ੍ਰਵਿਰਤੀ ਵਾਲੇ ਪਰਵਾਸੀਆਂ ਨੂੰ ਤਾਂ ਉਹ ਅਹੁਦਾ ਸੰਭਾਲਦਿਆਂ ਸਾਰ ਹੀ ਤੁਰੰਤ ਅਮਰੀਕਾ ਵਿੱਚੋਂ ਬਾਹਰ ਕੱਢ ਦੇਣਗੇ। ਅਮਰੀਕਾ ਵਿੱਚ ਇੱਕ ਕਰੋੜ ਦਸ ਲੱਖ ਦੇ ਕਰੀਬ ਕਾਨੂੰਨੀ ਤੋਂ ਮਾਨਤਾ ਪ੍ਰਾਪਤ ਪਰਵਾਸੀ ਹਨ। ਇਹਨਾਂ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਵੀ ਹਨ। ਇਸੇ ਦੌਰਾਨ ਡੈਮੋਕਰੈਟਿਕ ਸੈਨੇਟਰ ਬਰਨੀ ਸੈਂਡਰਜ਼ ਨੇ ਕਿਹਾ ਹੈ ਕਿ ਜੇ ਉਹ ਹਿਲੇਰੀ ਕਲਿੰਟਨ ਦੀ ਥਾਂ ਡੈਮੋਕਰੈਟਿਕ ਪਾਰਟੀ ਦਾ ਰਾਸ਼ਟਰਪਤੀ ਲਈ ਉਮੀਦਵਾਰ ਹੁੰਦਾ ਤਾਂ ਉਹ ਡੋਨਲਡ ਟਰੰਪ ਨੂੰ ਵੱਡੇ ਫਰਕ ਨਾਲ ਹਰਾਉਣ ਵਿੱਚ ਕਾਮਯਾਬ ਹੁੰਦਾ।