ਨੋਟ ਬਦਲਾਉਣ ਵਾਲਿਆਂ ਦੀ ਉਂਗਲ ‘ਤੇ ਲੱਗੂ ਸਿਆਹੀ

-ਪੰਜਾਬੀਲੋਕ ਬਿਊਰੋ
ਨੋਟਬੰਦੀ ਨਾਲ ਜਿੱਥੇ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ, ਓਥੇ ਸਰਕਾਰ ਧਰਵਾਸੇ ਦੇਣ ਵਿੱਚ ਰੁੱਝੀ ਹੋਈ ਹੈ। ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਦੇਸ਼ ‘ਚ ਨਕਦੀ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਨੋਟਬੰਦੀ ਦੇ ਬਾਅਦ ਵਾਰ-ਵਾਰ ਬੈਂਕ ‘ਚ ਪੈਸਾ ਬਦਲਾਉਣ ਪਹੁੰਚ ਰਹੇ ਲੋਕਾਂ ਖਿਲਾਫ ਹੁਣ ਸਰਕਾਰ ਨੇ ਸਖਤ ਕਦਮ ਚੁੱਕੇ ਹਨ। ਮਤਦਾਨ ਦੀ ਤਰਾਂ ਉਂਗਲੀ ‘ਤੇ ਸਿਆਹੀ ਲਾਈ ਜਾਵੇਗੀ, ਜਿਸ ਨਾਲ ਉਹਨਾਂ ਲੋਕਾਂ ਦੀ ਪਛਾਣ ਹੋ ਸਕੇਗੀ ਜਿਹੜੇ ਬੈਂਕ ‘ਚੋਂ ਪਹਿਲਾਂ ਵੀ ਪੈਸਾ ਕਢਵਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਹ ਵਿਵਸਥਾ ਵੱਡੇ ਸ਼ਹਿਰਾਂ ‘ਚ ਮੰਗਲਵਾਰ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਕਿ ਉਹਨਾਂ ਲੋਕਾਂ ਨੂੰ ਪੈਸਾ ਕਢਵਾਉਣ ‘ਚ ਅਸਾਨੀ ਹੋਵੇ, ਜੋ ਅਜੇ ਤਕ ਪੈਸਾ ਨਹੀਂ ਕਢਵਾ ਸਕੇ ਹਨ।  ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਵਾਂ ਨੋਟ ਥੋੜਾ ਰੰਗ ਛੱਡ ਸਕਦਾ ਹੈ।

ਇਸ ਦੌਰਾਨ ਇਹ ਖਬਰਾਂ ਵੀ ਆਉਂਦੀਆਂ ਰਹੀਆਂ ਕਿ ਜਾਅਲੀ ਕਰੰਸੀ ਤੋਂ ਮੁਕਤੀ ਪਾਉਣ ਲਈ ਪਾਕਿਸਤਾਨ ਵਿੱਚ ਵੀ ਵੱਡੇ ਨੋਟਾਂ ‘ਤੇ ਪਾਬੰਦੀ ਲੱਗੇਗੀ, ਪਰ ਪਾਕਿਸਤਾਨ ਦੇ ਵਿੱਤ ਮੰਤਰੀ ਇਫਸ਼ਾਕ ਡਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਆਪਣੇ ਸਭ ਤੋਂ ਵੱਡੇ ਨੋਟਾਂ ਨੂੰ ਬੰਦ ਨਹੀਂ ਕਰੇਗੀ, ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈ।