ਅੱਜ ਪਾਣੀਆਂ ਦੇ ਮੁੱਦੇ ‘ਤੇ ਕੈਬਨਿਟ ਦੀ ਬੈਠਕ

-ਪੰਜਾਬੀਲੋਕ ਬਿਊਰੋ
ਅੱਜ ਪਾਣੀਆਂ ਦੇ ਮੁੱਦੇ ‘ਤੇ ਕੈਬਨਿਟ ਦੀ ਬੈਠਕ ਹੋ ਰਹੀ ਹੈ, ਜਿਸ ਵਿੱਚ ਕੈਪਟਨ ਸਰਕਾਰ ਵੇਲੇ ਦੇ ਟਰਮੀਨੇਸ਼ਨ ਆਫ ਐਗਰੀਮੈਂਟ ਬਿੱਲ 2004 ਵਾਂਗ ਹੋਰ ਬਿੱਲ ਲਿਆਉਣ ਦੀ ਤਿਆਰੀ ਹੈ, ਭਲਕੇ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦਿਆ ਗਿਆ ਹੈ।
ਪਾਣੀ ਬਚਾਉਣ ਲਈ ਜਨਤਾ ਨੂੰ ਕੁਰਬਾਨੀਆਂ ਲਈ ਤਿਆਰ ਰਹਿਣ ਨੂੰ ਕਹਿਣ ਵਾਲੀ ਪੰਜਾਬ ਸਰਕਾਰ ਇਸ ਮੁੱਦੇ ‘ਤੇ ਖੁਦ ਕਿੰਨੀ ਕੁ ਗੰਭੀਰ ਹੈ, ਇਸ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਕੱਲ ਸੋਮਵਾਰ ਤੱਕ ਸੂਬੇ ਦੀ ਤਿੰਨ ਮੈਂਬਰੀ ਲੀਗਲ ਕਮੇਟੀ ਨੇ ਆਪਣੀ ਰਾਇ ਦੇਣੀ ਸੀ, ਤਾਂ ਜੋ ਸਰਕਾਰ ਨੂੰ ਕੋਈ ਫੈਸਲਾ ਕਰਨ ਵਿੱਚ ਸੌਖ ਹੁੰਦੀ, ਪਰ ਲੀਗਲ ਕਮੇਟੀ ਨੇ ਕੋਈ ਰਾਇ ਨਹੀਂ ਦਿੱਤੀ, ਵੀਰਵਾਰ ਤੱਕ ਦੇਵੇਗੀ।
ਓਧਰ ਹਰਿਆਣਾ ਪਲ ਪਲ ਸਰਗਰਮੀ ਦਿਖਾ ਰਿਹਾ ਹੈ, ਓਥੇ ਵੀ ਅੱਜ ਕੈਬਨਿਟ ਦੀ ਬੈਠਕ ਹੋ ਰਹੀ ਹੈ।
ਪਿੰਡ ਕਪੂਰੀ ‘ਚ ਆਪ ਵਲੋਂ ਮਾਰਿਆ ਧਰਨਾ ਜਾਰੀ ਹੈ, ਕਾਂਗਰਸ ਵੀ ਅਕਾਲੀਆਂ ਵਾਂਗ ਰਾਸ਼ਟਰਪਤੀ ਨੂੰ ਮਿਲਣ ਦੀ ਤਿਆਰੀ ਕਰ ਰਹੀ ਹੈ।
ਦੂਜੇ ਪਾਸੇ ਅਬੋਹਰ ਤੇ ਫਾਜ਼ਿਲਕਾ ਦੇ ਉਹ ਲੋਕ ਖੌਫਜ਼ਦਾ ਹਨ, ਜਿਥੇ ਜ਼ਮੀਨ ਹੇਠਲਾ ਪਾਣੀ ਐਨਾ ਜ਼ਹਿਰੀ ਹੈ ਤੇ ਯੂਰੇਨੀਅਮ ਦੀ ਵੱਧ ਮਾਤਰਾ ਹੋਣ ਕਰਕੇ ਬੱਚੇ ਅਪਾਹਜ ਪੈਦਾ ਹੋ ਰਹੇ ਹਨ, ਬੱਚਿਆਂ ਦੇ ਹੱਥ ਪੈਰ ਮੁੜ ਹੋਏ ਨੇ, ਕਈਆਂ ਦੇ ਕੰਨ ਨਹੀਂ, ਅੱਖਾਂ ਵਿੱਚ ਨੁਕਸ ਹੈ, ਇਥੇ ਬਿਮਾਰੀ ਦੀ ਜੜ ਲੱਭਣ ਦੀ ਥਾਂ ਸਰਕਾਰ ਨੇ ਇਹਨਾਂ ਬੱਚਿਆਂ ਲਈ ਸਪੈਸ਼ਲ ਸਕੂਲ ਖੁਲਵਾ ਦਿਤੇ। ਇਥੇ ਲੋਕ ਨਹਿਰੀ ਪਾਣੀ ‘ਤੇ ਨਿਰਭਰ ਹਨ, ਹਰਿਆਣੇ ਨੂੰ ਪਾਣੀ ਦੇਣਾ ਪਿਆ ਤਾਂ ਇਹਨਾਂ ਦੇ ਹਿੱਸੇ ‘ਚੇ ਡਾਕਾ ਵੱਜ ਜਾਣਾ ਹੈ।