ਚੋਣ ਕਮਿਸ਼ਨ ਕੋਲ ਲਾਈਆਂ ਸ਼ਿਕਾਇਤਾਂ

ਰਾਜ ਨਹੀਂ ਸੇਵਾ ਦਾ ਨਾਅਰਾ ਹੁਣ ਨਹੀਂ ਦਿਸਣਾ
ਆਪ ਵਾਲੇ ਬਣਾ ਰਹੇ ਨੇ ਦਾਗੀ ਅਫਸਰਾਂ ਦੀ ਸੂਚੀ
-ਪੰਜਾਬੀਲੋਕ ਬਿਊਰੋ
ਹੁਣ ਪੰਜਾਬ ‘ਚ ਕਿਤੇ ਵੀ  ਅਕਾਲੀ ਦਲ ਦਾ ਨਾਅਰਾ ਰਾਜ ਨਹੀਂ ਸੇਵਾ ਸਰਕਾਰੀ ਤੇ ਅਕਾਲੀ ਦਲ ਦੇ ਕਿਸੇ ਵੀ ਇਸ਼ਤਿਹਾਰ ਵਿੱਚ ਨਜ਼ਰ ਨਹੀਂ ਆਵੇਗਾ। ਜਾਣਕਾਰੀ ਅਨੁਸਾਰ ਕਾਂਗਰਸੀ ਆਗੂਆਂ ਨੇ ਸਰਕਾਰ ਵਲੋਂ ‘ਰਾਜ ਨਹੀਂ ਸੇਵਾ’ ਦੇ ਨਾਅਰੇ ‘ਤੇ ਚੋਣ ਕਮਿਸ਼ਨ ਕੋਲ ਇਤਰਾਜ ਉਠਾਇਆ ਸੀ।  ਦੋਸ਼ ਲਾਇਆ ਕਿ ਸਰਕਾਰੀ ਮਸ਼ੀਨਰੀ ਦਾ ਦੁਰਪ੍ਰਯੋਗ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ 109 ਪੇਜਾਂ ਦੀ ਕਿਤਾਬ  ਵਿੱਚ ਵੀ ਸਿਰਫ਼ ਅਕਾਲੀ ਆਗੂਆਂ, ਮੰਤਰੀਆਂ, ਵਿਧਾਇਕਾਂ ਦੀਆਂ ਤਸਵੀਰਾਂ ਨੂੰ ਸਥਾਨ ਦਿੱਤਾ ਗਿਆ ਹੈ, ਆਪਣੀ ਭਾਈਵਾਲ ਪਾਰਟੀ ਭਾਜਪਾ ਦੇ ਆਗੂਆਂ ਦੀਆਂ ਤਸਵੀਰਾਂ ਲਗਾਉਣੀਆਂ ਵੀ ਉਚਿਤ ਨਹੀਂ ਸਮਝੀਆਂ।
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਡਿਪਟੀ ਕਮਿਸ਼ਨਰ ਤੋਂ ਲੈ ਕੇ ਪੰਚਾਇਤ ਅਧਿਕਾਰੀਆਂ, ਕੌਂਸਲ ਅਧਿਕਾਰੀਆਂ ਵਲੋਂ ਉਕਤ ਕਿਤਾਬਾਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਜੋ ਕਿ ਸਰਕਾਰੀ ਮਸ਼ੀਨਰੀ ਦਾ ਦੁਰਪ੍ਰਯੋਗ ਹੈ।  ਆਗਾਮੀ ਵਿਧਾਨ ਸਭਾ ਚੋਣਾਂ ਦੇ ਸਨਮੁੱਖ ਚੋਣ ਕਮਿਸ਼ਨ ਵਲੋਂ ਆਪਣੀ ਰਿਹਰਸਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।  ਅਕਾਲੀ ਆਗੂਆਂ ਨੇ ਬੀਤੇ ਦਿਨੀ ਕਾਂਗਰਸੀ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਵਲੋਂ ਸਾਇਕਲ ਵੰਡੇ ਜਾਣ ਦਾ ਮਾਮਲਾ ਵੀ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ। ਚੋਣ ਕਮਿਸ਼ਨ ਓਧਰ ਨੂੰ ਘੂਰ ਵੱਟ ਰਿਹੈ। ਆਮ ਆਦਮੀ ਪਾਰਟੀ ਨੇ ਬਾਦਲਕਿਆਂ ਦੀ ਬਹੁਤੀ ਹਾਂ ‘ਚ ਹਾਂ ਮਿਲਾਉਣ ਵਾਲੇ ਕੁਝ ਅਫਸਰਾਂ ਦੇ ਨਾਮ ਵੀ ਚੋਣ ਕਮਿਸ਼ਨ ਨੂੰ ਸੌਂਪੇ ਨੇ, ਤੇ ਕਿਹਾ ਹੈ ਕਿ ਚੋਣਾਂ ‘ਚ ਇਹ ਬੰਦੇ ਬਦਲ ਦਿਓ।  ਪਾਰਟੀ ਅਜਿਹੇ ਅਧਿਕਾਰੀਆਂ ਦੀ ਲਿਸਟ ਤਿਆਰ ਕਰ ਰਹੀ ਹੈ ਜਿਹਨਾਂ ‘ਤੇ ਸ਼ੱਕ ਹੈ ਕਿ ਉਹ ਚੋਣਾਂ ਵਿੱਚ ਸਹੀ ਤਰੀਕੇ ਨਾਲ ਡਿਊਟੀ ਨਹੀਂ ਨਿਉਣਗੇ।  ‘ਆਪ’ ਇਹ ਸੂਚੀ ਚੋਣ ਕਮਿਸ਼ਨ ਨੂੰ ਸੌਂਪੇਗੀ ਤਾਂ ਜੋ ਇਨਾਂ ਅਧਿਕਾਰੀਆਂ ਦੀ ਡਿਊਟੀ ਚੋਣਾਂ ਵਿੱਚ ਨਾ ਲਾਈ ਜਾਵੇ। ”ਕੇਜਰੀਵਾਲ ਨੇ ਸੰਗਰੂਰ ਵਿੱਚ ਕਿਹਾ ਕਿ ਉਹਨਾਂ ਵੱਲੋਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਜਾਏਗੀ ਕਿ ਚੋਣਾਂ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾਣ।  ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਖਿਲਾਫ ਨਹੀਂ।  ਉਹਨਾਂ ਦਾ ਲੜਾਈ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਖਿਲਾਫ ਹੈ।