• Home »
  • ਅੱਜ ਦੀ ਖਬਰ
  • » ਸਿੱਖਿਆ ਬੋਰਡ ਦਾ ਨਾਅਰਾ ‘ਸੇਵਾ ਨਹੀਂ ਰਾਜ’ ਤੁਹਾਨੂੰ ਕਰ ਦੇਵੇਗਾ ਹੈਰਾਨ

ਸਿੱਖਿਆ ਬੋਰਡ ਦਾ ਨਾਅਰਾ ‘ਸੇਵਾ ਨਹੀਂ ਰਾਜ’ ਤੁਹਾਨੂੰ ਕਰ ਦੇਵੇਗਾ ਹੈਰਾਨ

ਲੁਧਿਆਣਾ— ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਕਾਲੀ ਦਲ ਵੱਲੋਂ ‘ਰਾਜ ਨਹੀਂ ਸੇਵਾ’ ਦਾ ਨਾਅਰਾ ਜ਼ਰੂਰ ਦਿੱਤਾ ਗਿਆ ਸੀ ਪਰ ਸਿੱਖਿਆ ਵਿਭਾਗ ਦੇ ਇਕ ਫਰਮਾਨ ਕਾਰਨ ਇਹ ਨਾਅਰਾ ‘ਸੇਵਾ ਨਹੀਂ ਰਾਜ’ ਸਾਬਤ ਹੋ ਰਿਹਾ ਹੈ। ਦਰਅਸਲ ਪੰਜਾਬ ਦੀ 50ਵੀਂ ਵਰ੍ਹੇਗੰਢ ਦੇ ਮੌਕੇ 20 ਅਕਤੂਬਰ ਨੂੰ ਸ਼ਹਿਰ ‘ਚ ਹੋਣ ਵਾਲੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਹਰ ਹਾਲ ‘ਚ ਸਫਲ ਬਣਾਉਣ ਦੀ ਜਿੰਮੇਵਾਰੀ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਸੌਂਪ ਦਿੱਤੀ ਹੈ। ਉੱਥੇ ਹੀ ਮਹਿਕਮੇ ਨੇ ਵੀ ਆਪਣੀ ਜਿੰਮੇਵਾਰੀ ਸਕੂਲਾਂ ‘ਤੇ ਪਾ ਕੇ ਸਟੇਡੀਅਮ ਖਚਾ-ਖਚ ਭਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ।

ਸਟੇਡੀਅਮ ‘ਚ ਘੱਟੋ-ਘੱਟ 25 ਹਜ਼ਾਰ ਬੱਚੇ ਤਾਂ ਹੋਣ

ਫਰਮਾਨ ‘ਚ ਕਿਹਾ ਗਿਆ ਹੈ ਕਿ ਪ੍ਰੋਗਰਾਮ ਸ਼ਾਨਦਰ ਢੰਗ ਨਾਲ ਸਫਲ ਕਰਨਾ ਹੈ ਕਿਉਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਰਹਿਣਗੇ। ਲਿਹਾਜਾ ਬੱਚੇ ਜਿਸ ਤਰ੍ਹਾਂ ਵੀ ਲੈ ਕੇ ਆਓ ਚਾਹੇ ਪੈਦਲ ਜਾਂ ਬੱਸਾਂ ‘ਚ ਸੁਰੱਖਿਆ ਦੀ ਜਿੰਮੇਵਾਰੀ ਵੀ ਤੁਹਾਡੀ ਹੋਵੇਗੀ। ਸਟੇਡੀਅਮ ਭਰਨ ਲਈ ਘੱਟੋ-ਘੱਟ 25 ਹਜ਼ਾਰ ਬੱਚੇ ਤਾਂ ਚਾਹੀਦੇ ਹੀ ਹਨ। 25-30 ਬੱਚਿਆਂ ਦੀ ਦੇਖਭਾਲ ਲਈ ਇਕ ਅਧਿਆਪਕ ਵੀ ਹੋਵੇਗਾ, ਉਹ ਵੀ ਤੁਹਾਡਾ ਹੀ। ਹਾਂ ਮਹਿਕਮੇ ਵੱਲੋਂ ਖਾਣ-ਪੀਣ ਨੂੰ ਦਿੱਤਾ ਜਾਵੇਗਾ ਪਰ ਪਾਣੀ ਦੀਆਂ ਬੋਤਲਾਂ ਬੱਚੇ ਆਪਣੇ ਨਾਲ ਹੀ ਲੈ ਕੇ ਆਉਣ ਕਿਉਂਕਿ ਨੇਤਾ ਨੂੰ ਦੇਰੀ ਵੀ ਹੋ ਸਕਦੀ ਹੈ। ਇਹ ਫਰਮਾਨ ਜ਼ਿਲਾ ਸਿੱਖਿਆ ਮਹਿਕਮੇ ਨੇ ਬੈਠਕ ‘ਚ ਜ਼ਿਲੇ ਭਰ ਦੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਹਨ।