ਉੱਤਰ ਕੋਰੀਆ 2018 ‘ਚ ਵੀ ਪ੍ਰਮਾਣੂ ਪ੍ਰੀਖਣ ਜਾਰੀ ਰਖੇਗਾ

-ਪੰਜਾਬੀਲੋਕ ਬਿਊਰੋ 

ਉੱਤਰ ਕੋਰੀਆਈ ਸਰਕਾਰ ਦੀ ਨਿਊਜ਼ ਏਜੰਸੀ ‘ਕੇ.ਸੀ.ਐਨ.ਏ.’ ਨੇ ਇਕ ਰੀਪੋਰਟ ਜਾਰੀ ਕਰ ਕੇ ਸਪਸ਼ਟ ਕੀਤਾ ਹੈ ਕਿ 2018  ਸਾਲ ‘ਚ ਵੀ ਉਸ ਦੀ ਸਰਕਾਰ ਮਿਜ਼ਾਈਲ ਪ੍ਰੀਖਣ ਕਰਦੀ ਰਹੇਗੀ।ਰੀਪੋਰਟ ‘ਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ, ”ਅਪਣੀ ਪਾਲਿਸੀ ‘ਚ ਕਿਸੇ ਵੀ ਤਰ੍ਹਾਂ ਦੇ ਬਦਲਾਵ ਦੀ ਉਮੀਦ ਨਾ ਕਰੋ।” ਉੱਤਰ ਕੋਰੀਆ ਨੇ ਇਸ ਸਾਲ ਕੁਲ 16 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ, ਜਿਸ ‘ਚ ਹਾਈਡ੍ਰੋਜਨ ਬੰਬ ਵੀ ਸ਼ਾਮਲ ਹੈ। ਉੱਤਰ ਕੋਰੀਆ ਨੇ ਕਿਹਾ, ”ਇਕ ਜ਼ਿੰਮੇਵਾਰ ਪ੍ਰਮਾਣੂ ਸੰਪੰਨ ਦੇਸ਼ ਹੋਣ ਕਾਰਨ ਉੱਤਰ ਕੋਰੀਆ ਦੁਨੀਆ ਦੀਆਂ ਸਾਰੀਆਂ ਮੁਸ਼ਕਲਾਂ ਨਾਲ ਲੜਦਾ ਹੋਇਆ ਆਜ਼ਾਦੀ ਅਤੇ ਨਿਆਂ ਲਈ ਇਕ ਇਤਿਹਾਸਕ ਰਾਹ ਸਿਰਜੇਗਾ।” ਰੀਪੋਰਟ ‘ਚ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ, ”ਜਦੋਂ ਤਕ ਅਮਰੀਕਾ ਅਤੇ ਸ਼ਕਤੀਸ਼ਾਲੀ ਫ਼ੌਜਾਂ ਦੇ ਪ੍ਰਮਾਣੂ ਖ਼ਤਰੇ ਜਾਰੀ ਰਹਿਣਗੇ, ਉਦੋਂ ਤਕ ਉੱਤਰ ਕੋਰੀਆ ਅਪਣੀ ਆਤਮ ਰਖਿਆ ਲਈ ਤਾਕਤ ਨੂੰ ਹੋਰ ਵਧਾਉਂਦਾ ਰਹੇਗਾ।ਉੱਤਰ ਕੋਰੀਆ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੇ ਯੁੱਧ ਹੋਇਆ ਤਾਂ ਉਹ ਅਮਰੀਕਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।ਜ਼ਿਕਰਯੋਗ ਹੈ ਕਿ ਪਾਬੰਦੀਆਂ ਤੋਂ ਬਾਅਦ ਵੀ ਉੱਤਰ ਕੋਰੀਆ ਨੇ ਸਾਲ 2017 ‘ਚ ਮਿਜ਼ਾਈਲ ਪ੍ਰੀਖਣਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਖਿਆ। ਇਸ ਸਾਲ ਉੱਤਰ ਕੋਰੀਆ ਨੇ ਕੁਲ 23 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ, ਜਿਸ ‘ਚ 16 ਸਫ਼ਲ ਰਹੀਆਂ। ਉੱਤਰ ਕੋਰੀਆ ਨੇ ਫ਼ਰਵਰੀ ‘ਚ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਲਾਂਚ ਕੀਤੀ ਸੀ। ਉੱਤਰ ਕੋਰੀਆ ਨੇ ਇਸ ਸਾਲ ਅਪਣੀ ਅੰਤਮ ਮਿਜ਼ਾਈਲ 29 ਨਵੰਬਰ ਨੂੰ ਜਾਪਾਨ ਸਮੁੰਦਰ ਦੇ ਉੱਪਰੋਂ ਲਾਂਚ ਕਰ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿਤਾ।