• Home »
  • ਦੁਨੀਆ
  • » ਓਬਾਮਾ ਕੇਅਰ ਬਜਟ ‘ਚ ਟਰੰਪ ਨੇ ਮਾਰਿਆ ਕੱਟ

ਓਬਾਮਾ ਕੇਅਰ ਬਜਟ ‘ਚ ਟਰੰਪ ਨੇ ਮਾਰਿਆ ਕੱਟ

-ਪੰਜਾਬੀਲੋਕ ਬਿਊਰੋ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੁੱਪ-ਚਪੀਤੇ ਓਬਾਮਾ ਕੇਅਰ ਬਜਟ ‘ਚ ਭਾਰੀ ਕਟੌਤੀ ਕਰ ਦਿੱਤੀ ਹੈ। ਦਰਅਸਲ ਓਬਾਮਾ ਕੇਅਰ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਪਾਸ ਕਰਾਉਣ ‘ਚ ਅਸਫਲ ਹੋਣ ਤੋਂ ਬਾਅਦ ਟਰੰਪ ਨੇ ਇਹ ਕਦਮ ਚੁੱਕਿਆ ਹੈ। ਉਨਾਂ ਨੇ ਓਬਾਮਾ ਕੇਅਰ ਪ੍ਰੋਗਰਾਮ ਦੇ ਬਜਟ ਵਿਚ ਕਟੌਤੀ ਕਰਦੇ ਹੋਏ ਇਸ ਦੇ ਪ੍ਰਚਾਰ-ਪ੍ਰਸਾਰ ‘ਤੇ ਆਉਣ ਵਾਲੇ ਖਰਚ ਨੂੰ 90 ਫੀਸਦੀ ਘਟਾਉਣ ਦਾ ਫੈਸਲਾ ਲਿਆ ਹੈ। ਇਸ ‘ਤੇ 10 ਕਰੋੜ ਡਾਲਰ ਖਰਚ ਕੀਤੇ ਜਾਂਦੇ ਸਨ, ਜਿਸ ਨੂੰ ਘਟਾ ਕੇ 1 ਕਰੋੜ ਡਾਲਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਅਕਤੀਗਤ ਤੌਰ ‘ਤੇ ਲੋਕਾਂ ਨੂੰ ਮਿਲ ਕੇ ਉਨਾਂ ਨੂੰ ਇਸ ਯੋਜਨਾ ਨਾਲ ਜੋੜਨ ਲਈ ਖੋਲੇ ਗਏ ਸੈਂਟਰਾਂ ਦੇ ਬਜਟ ਨੂੰ ਵੀ 41 ਫੀਸਦੀ ਘੱਟ ਕਰ ਦਿੱਤਾ ਹੈ। ਇਨਾਂ ਦੋਹਾਂ ਨੂੰ ਮਿਲਾ ਕੇ ਓਬਾਮਾ ਕੇਅਰ ਦੇ ਫੰਡ ਵਿਚ ਕੁੱਲ 72 ਫੀਸਦੀ ਕਟੌਤੀ ਕੀਤੀ ਗਈ ਹੈ। ਅਮਰੀਕੀ ਸਰਕਾਰ ਓਬਾਮਾ ਕੇਅਰ ਨੂੰ ਜਨਤਾ ਤੱਕ ਦੋ ਤਰੀਕਿਆਂ ਨਾਲ ਪਹੁੰਚਾਉਂਦੀ ਹੈ। ਪਹਿਲਾ ਇਸ਼ਤਿਹਾਰ ਜ਼ਰੀਏ ਅਤੇ ਦੂਜਾ ਵਿਅਕਤੀਗਤ ਤੌਰ ‘ਤੇ ਲੋਕਾਂ ਨੂੰ ਮਦਦ ਦੇ ਕੇ। ਟਰੰਪ ਪ੍ਰਸ਼ਾਸਨ ਨੇ ਹੁਣ ਇਨਾਂ ਦੋਹਾਂ ਹੀ ਗਤੀਵਿਧੀਆਂ ਦੇ ਬਜਟ ‘ਚ ਭਾਰੀ ਕਟੌਤੀ ਕਰ ਦਿੱਤੀ ਹੈ। ਓਬਾਮਾ ਪ੍ਰਸ਼ਾਸਨ ਨੇ ਪਿਛਲੇ ਸਾਲ 10 ਕਰੋੜ ਡਾਲਰ ਓਬਾਮਾ ਕੇਅਰ ਦੇ ਇਸ਼ਤਿਹਾਰ ‘ਤੇ ਖਰਚ ਕੀਤੇ ਸਨ।  ਦੱਸਣਯੋਗ ਹੈ ਕਿ ਅਮਰੀਕੀ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੋ ਹੈੱਲਥ ਕੇਅਰ ਪਲਾਨ ਸ਼ੁਰੂ ਕੀਤਾ, ਉਸ ਨੂੰ ਹੀ ਓਬਾਮਾ ਕੇਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਮਕਸਦ ਅਮਰੀਕਾ ਵਿਚ ਹੈੱਲਥ ਇਨਸ਼ੋਰੈਂਸ ਦੀ ਕੁਆਲਿਟੀ ਅਤੇ ਪੁੱਜਣ ਸਮਰੱਥਾ ਨੂੰ ਹੱਲਾਸ਼ੇਰੀ ਦੇਣਾ ਅਤੇ ਸਿਹਤ ਮਾਮਲਿਆਂ ‘ਤੇ ਲੋਕਾਂ ਵਲੋਂ ਖਰਚ ਕੀਤੀ ਜਾਣ ਵਾਲੀ ਰਕਮ ਨੂੰ ਘੱਟ ਕਰਨਾ ਹੈ। 23 ਮਾਰਚ 2010 ਨੂੰ ਇਸ ਬਾਰੇ ਕਾਨੂੰਨ ਬਣਿਆ। ਇਸ ਕਾਨੂੰਨ ਤਹਿਤ ਜਿਨਾਂ ਲੋਕਾਂ ਕੋਲ ਇਨਸ਼ੋਰੈਂਸ ਕਵਰ ਨਹੀਂ ਹੈ, ਉਹ ਓਬਾਮਾ ਕੇਅਰ ਦੀ ਵਰਤੋਂ ਕਰ ਸਕਦੇ ਹਨ।