• Home »
  • ਦੁਨੀਆ
  • » ਹਰਜੀਤ ਸੱਜਣ ਨੇ ਗਿਟਕਾਂ ਸੁੱਟਣ ਲਈ ਗ਼ਲਤੀ ਮੰਨੀ

ਹਰਜੀਤ ਸੱਜਣ ਨੇ ਗਿਟਕਾਂ ਸੁੱਟਣ ਲਈ ਗ਼ਲਤੀ ਮੰਨੀ

-ਪੰਜਾਬੀਲੋਕ ਬਿਊਰੋ

ਸਿਊਓਸ ਵਿਖੇ ਕੈਨੇਡਾ ਦੇ  ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਚੈਰੀ ਦੀਆਂ ਗਿਟਕਾਂ ਸੁੱਟਣ ਦੇ ਮਾਮਲੇ ਵਿਚ ਜਿੱਥੇ ਹਰਜੀਤ ਸੱਜਣ ਨੇ ਆਪਣੀ ਗ਼ਲਤੀ ਮੰਨ ਲਈ ਹੈ ਉੱਥੇ ਵੀਡੀਓ ਬਣਾਉਣ ਵਾਲੇ ਪੰਜਾਬੀ ਪੰਮਾ ਚੌਹਾਨ ਨੇ ਵੀ ਆਪਣੇ ਦੁਰਵਿਹਾਰ ਲਈ ਮੁਆਫ਼ੀ ਮੰਗ ਲਈ ਹੈ . ਸਿਰਫ਼ ਇੰਨਾ ਹੀ ਨਹੀਂ ਸਿਊਓਸ ਅਤੇ ਆਲੇ ਦੁਆਲੇ ਦੇ ਪੰਜਾਬੀਆਂ ਨੇ ਵੀਡੀਓ ਬਣਾਉਣ ਵਾਲੇ ਸ਼ਖ਼ਸ ਦੇ ਖ਼ਿਲਾਫ਼ ਸਖ਼ਤ ਗ਼ੁੱਸਾ ਜ਼ਾਹਿਰ ਕਰਦਿਆਂ ਇਸ ਗੱਲੋਂ ਉਸ ਨੂੰ ਲਾਹਨਤਾਂ ਵੀ ਪਾਈਆਂ ਕਿ ਉਸ ਨੇ ਸਿੱਖ ਕਮਿਊਨਿਟੀ ਦੀ ਇੱਕ ਨਾਮੀ ਅਤੇ ਸਤਿਕਾਰਤ ਹਸਤੀ ਦਾ  ਅਪਮਾਨ ਕੀਤਾ ਸੀ . ਇੱਥੋਂ ਤੱਕ ਕੁੱਝ ਲੋਕ ਪੰਮਾ ਚੌਹਾਨ ਦਾ ਸਮਾਜਿਕ ਬਾਈਕਾਟ ਕਰਨ ਦੀ ਵੀ ਵਕਾਲਤ ਕਰ ਰਹੇ ਸਨ .ਜਾਣਕਾਰੀ ਅਨੁਸਾਰ ਸੱਜਣ ਨਾਲ ਸਬੰਧਤ ਉਕਤ ਘਟਨਾ ਤੋਂ ਬਾਅਦ ਵੀਡੀਓ ਵਾਇਰਲ  ਹੋਣ ਤੇ ਨਾਰਾਜ਼ ਹੋਏ ਉਸ ਇਲਾਕੇ ਦੇ ਪੰਜਾਬੀਆਂ ਨੇ ਇਕੱਠੇ ਹੋਕੇ ਛੁੱਟੀ ਮਨਾਉਣ ਆਏ ਹਰਜੀਤ ਸੱਜਣ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਓਲੀਵਰ ਦੇ ਭਾਵ ਸਾਗਰ ਸਿੱਖ ਟੈਂਪਲ ਵਿਚ ਬੁਲਾਇਆ . ਗੁਰਦਵਾਰਾ ਸਾਹਿਬ ਵਿਚ ਆ ਕੇ ਹਰਜੀਤ ਸੱਜਣ ਨੇ ਮੱਥਾ ਟੇਕਿਆ . ਗੁਰਦਵਾਰਾ ਸਾਹਿਬ ਵਿਚ ਇਕੱਠੀ ਹੋਈ ਸੰਗਤ ਦੀ ਹਾਜ਼ਰੀ ਵਿਚ ਵੀਡੀਓ ਬਣਾਉਣ ਵਾਲੇ ਨੇ ਆਪਣੇ ਅਭੱਦਰ ਵਿਹਾਰ ਲਈ ਮੁਆਫ਼ੀ ਮੰਗੀ . ਇਸ ਦੇ ਨਾਲ ਹੀ ਕਮਿਊਨਿਟੀ ਦੇ ਮੋਹਰੀ ਸੱਜਣਾਂ ਨੇ ਪੰਮਾ ਚੌਹਾਨ ਦੇ ਵਿਹਾਰ ਲਈ ਖ਼ੁਦ ਵੀ ਸੱਜਣ ਤੋਂ ਮੁਆਫ਼ੀ ਮੰਗੀ . ਇਸ ਤੋਂ ਬਾਅਦ ਕੁੱਝ ਮਿੰਟਾਂ ਲਈ ਹਰਜੀਤ ਸੱਜਣ ਨੇ ਸੰਗਤ ਨੂੰ ਸੰਬੋਧਨ ਕੀਤਾ . ਉਨ੍ਹਾਂ  ਵਡਿਆਈ ਦਿਖਾਉਂਦੇ ਹੋਏ ਉੱਥੇ ਹਾਜ਼ਰ ਪੰਜਾਬੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਮੁਆਫ਼ੀ ਮੰਗਣ ਦੀ ਲੋੜ ਨਹੀਂ ਕਿਉਂਕਿ ਗਿਟਕਾਂ ਦੇ ਮਾਮਲੇ ਵਿਚ ਗ਼ਲਤੀ  ਤਾਂ ਮੇਰੀ ਸੀ . ਇੱਥੇ ਹੀ ਬੱਸ ਨਹੀਂ ਸੱਜਣ ਨੇ ਦੋ- ਤਿੰਨ ਵਾਰ ਉਸ ਘਟਨਾ ਲਈ ਆਪਣੀ ਗ਼ਲਤੀ ਮੰਨੀ ਅਤੇ ਪਛਤਾਵਾ ਵੀ ਕੀਤਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਵੀਡੀਓ ਬਣਾਉਣ ਵਾਲੇ ਦਾ ਵਿਹਾਰ ਵੀ ਠੀਕ ਨਹੀਂ ਸੀ . ਸੱਜਣ ਨੇ ਆਪਣੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਹ ਸੱਦਾ ਦਿੱਤਾ ਕਿ ਕੈਨੇਡਾ ਵਿਚ ਪ੍ਰਾਪਤੀਆਂ ਕਰਨ ਦਾ ਜੋ ਉਨ੍ਹਾਂ ਨੂੰ ਅਵਸਰ ਮਿਲਿਆ ਹੈ , ਇਸ ਦਾ ਉਹ ਲਾਭ ਲੈਣ ਅਤੇ ਮੁਲਕ ਦੇ ਵਿਕਾਸ  ਅਤੇ  ਹਰ ਖੇਤਰ ਵਿਚ ਅੱਗੇ ਵਧਣ ਲਈ ਕੰਮ ਕਰਨ .
ਇਸ ਮੌਕੇ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਸਿਰੋਪਾ ਪਾ ਕੇ ਸੱਜਣ ਨੂੰ ਸਨਮਾਨਿਤ ਵੀ ਕੀਤਾ ਗਿਆ.