• Home »
  • ਦੁਨੀਆ
  • » ਹਰਜੀਤ ਸਿੰਘ ਸੱਜਣ ਦੀ ਅਰੁਣ ਜੇਤਲੀ ਨਾਲ ਮੁਲਾਕਾਤ

ਹਰਜੀਤ ਸਿੰਘ ਸੱਜਣ ਦੀ ਅਰੁਣ ਜੇਤਲੀ ਨਾਲ ਮੁਲਾਕਾਤ

-ਪੰਜਾਬੀਲੋਕ ਬਿਊਰੋ
ਸੱਤ ਦਿਨਾ ਦੌਰੇ ‘ਤੇ ਭਾਰਤ ਆਏ ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਨਵੀਂ ਦਿੱਲੀ ਵਿਖੇ ਅਮਰ ਜਵਾਨ ਜਿਉਤੀ ‘ਚ ਸ਼ਰਧਾਂਜਲੀ ਭੇਟ ਕੀਤੀ।  ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਬਾਰੇ ਉਹਨਾਂ ਦੀ ਅਰੁਣ ਜੇਤਲੀ ਨਾਲ ਮੁਲਾਕਾਤ ਵੀ ਹੋਈ। ਉਹਨਾਂ ਨੇ ਦੋਹਾਂ ਦੇਸ਼ਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨ ਬਾਰੇ ਗੱਲ ਕੀਤੀ। ਅਰੁਣ ਜੇਤਲੀ ਨੇ ਹਰਜੀਤ ਸਿੰਘ ਸੱਜਣ ਨੂੰ ਵਿਸ਼ਵਾਸ ਦੁਆਇਆ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ।
ਹਰਜੀਤ ਸਿੰਘ ਸੱਜਣ ਭਲਕੇ ਪੰਜਾਬ ਪੁੱਜ ਰਹੇ ਹਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਜੀਤ ਸਿੰਘ ਸੱਜਣ ‘ਤੇ ਖਾਲਿਸਤਾਨੀ ਸਮਰਥਕ ਹੋਣ ਦੇ ਇਲਜ਼ਾਮਾਂ ਤਹਿਤ ਮੁਲਾਕਾਤ ਨਾ ਕਰਨ ਦੀ ਗੱਲ ਆਖੀ ਗਈ ਹੈ ਤੇ ਉਹਨਾਂ ਦੇ ਪੰਜਾਬ ਆਉਣ ‘ਤੇ ਸਵਾਗਤ ਲਈ ਵੀ ਸਰਕਾਰੀ ਤੌਰ ‘ਤੇ ਉਚੇਚੇ ਪ੍ਰਬੰਧ ਨਹੀਂ ਕੀਤੇ ਗਏ ਤੇ ਆਪਣੇ ਪ੍ਰਤੀਨਿਧੀ ਦੇ ਤੌਰ ‘ਤੇ ਕਿਸੇ ਮੰਤਰੀ ਦੀ ਡਿਊਟੀ ਨਹੀਂ ਲਗਾਈ, ਬਲਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ ਪੀ. ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਖੁਦ ਤੈਅ ਕੀਤਾ ਕਿ ਸਥਾਨਕ ਡੀ ਸੀ ਅਤੇ ਐੱਸ.ਐੱਸ.ਪੀ ਹੀ ਸੱਜਣ ਦਾ 19 ਅਪ੍ਰੈਲ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਵਾਗਤ ਕਰਨ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕਿਸੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਆਦਿ ਦੇ ਆਉਣ ‘ਤੇ ਸਵਾਗਤ ਮੁੱਖ ਮੰਤਰੀ ਜਾਂ ਮੰਤਰੀਆਂ ਵੱਲੋਂ ਕਰਨਾ ਜ਼ਰੂਰੀ ਹੁੰਦਾ ਹੈ ਪਰ ਮੰਤਰੀ ਲਈ ਇਹ ਨਿਯਮ ਨਹੀਂ ਹੈ।
ਹਰਜੀਤ ਸਿੰਘ ਸੱਜਣ 20 ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕਰਨਗੇ। 21 ਅਪ੍ਰੈਲ ਨੂੰ ਚੰਡੀਗੜ ‘ਚ ਕੈਨੇਡਾ ਦੇ ਕਮਰਸ ਦੂਤਘਰ ਦੇ ਨਵੇਂ ਦਫਤਰ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਇਸੇ ਦਿਨ ਪੰਜਾਬ ਦੇ ਗਵਰਨਰ ਵੀ.ਪੀ.ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਦਿ ਨਾਲ ਮੁਲਾਕਾਤ ਕਰ ਸਕਦੇ ਹਨ। ਭਾਰਤ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਸੱਜਣ ਦੇ ਸਨਮਾਨ ‘ਚ 21 ਅਪ੍ਰੈਲ ਨੂੰ ਰਾਤ ਦਾ ਭੋਜਨ ਕਰਵਾਉਣ ਦੀ ਵੀ ਚਰਚਾ ਹੈ।
ਖਬਰ ਆ ਰਹੀ ਹੈ ਕਿ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਪੰਜਾਬ ਕਾਂਗਰਸ ਨੇ ਹਰਜੀਤ ਸਿੰਘ ਸੱਜਣ ਦੇ ਪੱਖ ‘ਚ ਖੜੇ ਹੋਣ ਵਾਲੇ ਲੋਕਾਂ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਸਪੱਸ਼ਟ ਕੀਤਾ ਕਿ ਸੱਜਣ ਦੇ ਇੰਡੋ-ਕੈਨੇਡੀਅਨ ਖਾਲਿਸਤਾਨੀਆਂ ਦੇ ਸਮਰਥਕ ਹੋਣ ਦੇ ਸੰਬੰਧ ‘ਚ ਕਈ ਸਬੂਤ ਹਨ। ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਗੁਰਜੀਤ ਔਜਲਾ ਨੇ ਕਿਹਾ ਕਿ ਕੈਪਟਨ ਦੀ ਨਿੰਦਾ ਕਰਨ ਵਾਲੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ‘ਚ ਖੇਡ ਰਹੇ ਹਨ। ਸਾਰੇ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ‘ਚ ਛੋਟੀ ਸਿਆਸਤ ਕਰਨ ਤੋਂ ਬਚਣਾ ਚਾਹੀਦਾ ਹੈ। ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਸੱਜਣ ਦੇ ਖਾਲਿਸਤਾਨੀ ਸਮਰਥਕ ਹੋਣ ਦੀ ਪੁਸ਼ਟੀ ਇਸ ਗੱਲ ਤੋਂ ਹੁੰਦੀ ਹੈ ਕਿ ਸੱਜਣ ਦੇ ਉਮੀਦਵਾਰ ਬਣਦਿਆਂ ਹੀ ਉਹਨਾਂ ਦੀ ਲਿਬਰਲ ਪਾਰਟੀ ਦੇ ਕਈ ਨੇਤਾਵਾਂ ਨੇ ਪਾਰਟੀ ਛੱਡ ਦਿੱਤੀ ਸੀ। ਸੱਜਣ ਦਾ ਖਾਲਿਸਤਾਨੀ ਵਿਹਾਰ ਭਾਰਤ ਸਰਕਾਰ ਨੂੰ ਪਸੰਦ ਨਹੀਂ ਆਇਆ ਸੀ। ਲਿਬਰਲ ਉਮੀਦਵਾਰ ਨੇ ‘2011 ਸੁਰੀ ਟੈਂਪਲ ਰਿਮੈਂਬਰਸ ਡੇਅ’ ‘ਤੇ ਆਪਣੇ ਸਾਥੀਆਂ ਨੂੰ ਖਾਲਿਸਤਾਨੀ ਸ਼ਹੀਦਾਂ ਦੇ ਪੋਸਟਰ ਨੇੜੇ ਫੋਟੋ ਨਾ ਖਿੱਚਣ ਦੇ ਹੁਕਮ ਦਿੱਤੇ ਸਨ। ਇਸ ਮੌਕੇ ਓਟਾਵਾ ਨੂੰ ਭਾਰਤ ਤੋਂ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ ਸੀ।
ਓਧਰ ਸਿੱਖ ਯੂਥ ਫੈਡਰੇਸ਼ਨ(ਭਿੰਡਰਾਂਵਾਲੇ), ਕੌਮਾਂਤਰੀ ਸਿੱਖ ਸੰਘ, ਜੱਥਾ ਸਿਰਲਾਥ ਖਾਲਸਾ ਅਤੇ ਰਾਇਲ ਸਿੱਖ ਕਲੱਬ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਸੱਜਣ ਦਾ ਸਨਮਾਨ ਕਰਨਗੇ। ਪ੍ਰਧਾਨ ਬਲਵੰਤ ਸਿੰਘ ਗੋਪਾਲਾ ਨੇ ਕਿਹਾ,’ਅਸੀਂ ਅਧਿਕਾਰੀਆਂ ਕੋਲੋਂ ਮੰਗ ਕਰਾਂਗੇ ਕਿ ਉਹ ਪ੍ਰੋਟੋਕਾਲ ਮੁਤਾਬਕ ਸਾਨੂੰ ਕੈਨੇਡੀਅਨ ਮੰਤਰੀ ਦਾ ਸਨਮਾਨ ਕਰਨ ਦੀ ਇਜਾਜ਼ਤ ਦੇਣ।’ ਖਾਲਸਾ ਦੀਵਾਨ ਦੇ ਮੁਖੀ ਚਰਨਜੀਤ ਸਿੰਘ ਚੱਢਾ ਨੇ ਕਿਹਾ,’ਸੱਜਣ ਕੁਸ਼ਲ, ਸਫਲ ਅਤੇ ਸਾਬਤ ਸੂਰਤ ਸਿੱਖ (5 ਕੱਕਾਰ ਧਾਰਣ ਕਰਨ ਵਾਲੇ) ਹਨ ਜੋ ਹਮੇਸ਼ਾ ਸਿੱਖ ਮਰਿਆਦਾ ਅਤੇ ਸਿਧਾਂਤਾਂ ਨਾਲ ਜੜ ਤੋਂ ਜੁੜੇ ਹੋਏ ਹਨ।’ ਉਹਨਾਂ ਕਿਹਾ ਕਿ ਉਹ ਸੱਜਣ ਨੂੰ ਬੇਨਤੀ ਕਰਨਗੇ ਕਿ ਉਹ ਅੰਮ੍ਰਿਤਸਰ ਦੌਰੇ ਦੌਰਾਨ ‘ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ’ ਲਈ ਕੁਝ ਸਮਾਂ ਕੱਢ ਕੇ ਸ਼ਿਰਕਤ ਜ਼ਰੂਰ ਕਰਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਜੀਤ ਸਿੰਘ ਸੱਜਣ ਸ਼ਾਇਦ ਆਪਣੇ ਜੱਦੀ ਪਿੰਡ ਬੰਬੇਲੀ ਜ਼ਿਲਾ ਹੁਸ਼ਿਆਰਪੁਰ ਨਾ ਜਾ ਸਕਣ ਪਰ ਉਹਨਾਂ ਦਾ ਪਰਿਵਾਰ ਆਪਣੇ ਦਾਦਾ ਕੁੰਦਨ ਸਿੰਘ ਕੋਲ ਪਿੰਡ ਬੰਬੇਲੀ ਪੁੱਜਿਆ ਹੋਇਆ ਹੈ।