ਜੰਕ ਫੂਡ-ਨੁਕਸਾਨ ਹੀ ਨੁਕਸਾਨ

ਜੰਕ ਫੂਡ ਸਿਰਫ ਪੱਛਮੀ ਦੇਸ਼ਾਂ ਦੀ ਹੀ ਦੇਣ ਨਹੀਂ ਹੈ। ਪਰੰਪਰਾਗਤ ਭਾਰਤੀ ਭੋਜਨ ਵਿਚ ਸਮੋਸਾ, ਟਿੱਕੀ, ਕਚੌੜੀ ਆਦਿ ਦੇ ਰੂਪ ਵਿਚ ਜੰਕ ਫੂਡ ਸ਼ਾਮਿਲ ਹੈ।
ਹਾਂ, ਇਹ ਗੱਲ ਵੱਖਰੀ ਹੈ ਕਿ ਭਾਰਤੀ ਜੰਕ ਫੂਡ ਵਿਦੇਸ਼ੀ ਜੰਕ ਫੂਡ ਜਿੰਨਾ ਹਾਨੀਕਾਰਕ ਨਹੀਂ ਹੈ, ਕਿਉਂਕਿ ਦੇਸੀ ਜੰਕ ਫੂਡ ਜਿਵੇਂ ਸਮੋਸਾ, ਬ੍ਰੈੱਡ ਪਕੌੜਾ, ਟਿੱਕੀ, ਕਚੌਰੀ ਆਦਿ ਨੂੰ ਤਿਆਰ ਕਰਨ ਵਿਚ ਰਸਾਇਣਕ ਪਦਾਰਥਾਂ ਦੀ ਵਰਤੋਂ ਨਹੀਂ ਹੁੰਦੀ ਅਤੇ ਜੇਕਰ ਹੁੰਦੀ ਵੀ ਹੈ ਤਾਂ ਬਿਲਕੁਲ ਨਾਮਾਤਰ, ਜਦਕਿ ਪੀਜ਼ਾ, ਬਰਗਰ, ਨੂਡਲਸ ਆਦਿ ਵਿਦੇਸ਼ੀ ਜੰਕ ਫੂਡ ਵਿਚ ਰਸਾਇਣਾਂ ਦੀ ਵਰਤੋਂ ਜ਼ਰੂਰੀ ਰੂਪ ਵਿਚ ਹੁੰਦੀ ਹੈ, ਜੋ ਸਾਡੀ ਸਿਹਤ ਲਈ ਠੀਕ ਨਹੀਂ।
ਵਿਦੇਸ਼ੀ ਜੰਕ ਫੂਡ ਦੇ ਜ਼ਿਆਦਾ ਸੇਵਨ ਦੇ ਨਤੀਜੇ ਵਜੋਂ ਹੀ ਅੱਜਕਲ ਬਹੁਤ ਸਾਰੇ ਵਿਅਕਤੀ ਛੋਟੀ ਉਮਰ ਵਿਚ ਹੀ ਸ਼ੂਗਰ, ਉੱਚ ਖੂਨ ਦਬਾਅ, ਦਿਲ ਦੇ ਰੋਗ ਅਤੇ ਧਮਨੀ ਸਬੰਧੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜੰਕ ਫੂਡ ਦੇ ਰੂਪ ਵਿਚ ਜਿਨਾਂ ਖਾਧ ਪਦਾਰਥਾਂ ਦਾ ਅਸੀਂ ਸੇਵਨ ਕਰਦੇ ਹਾਂ, ਉਨਾਂ ਵਿਚ ਕਾਰਬੋਹਾਈਡ੍ਰੇਟ ਅਤੇ ਚੀਨੀ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਨੂੰ ਘੱਟ ਕਰਦੀ ਹੈ। ਇਸ ਭੋਜਨ ਦੇ ਜ਼ਿਆਦਾ ਸੇਵਨ ਨਾਲ ਸਰੀਰਕ ਕਿਰਿਆਵਾਂ ਵਿਚ ਵੀ ਕਮੀ ਆਉਂਦੀ ਹੈ। ਕੋਲਡ ਡ੍ਰਿੰਕ ਵਿਚ ਫਾਸਫੋਰਿਕ ਐਸਿਡ ਅਤੇ ਕਾਰਬਨ ਡਾਈਆਕਸਾਈਡ ਹੁੰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹਨ।
ਪੀਜ਼ਾ, ਬਰਗਰ, ਨੂਡਲਸ, ਚਿਪਸ ਆਦਿ ਪਦਾਰਥਾਂ ਵਿਚ ਚਰਬੀ ਅਤੇ ਕੈਲੋਰੀ ਵੱਡੀ ਮਾਤਰਾ ਵਿਚ ਹੁੰਦੀ ਹੈ, ਜਿਸ ਨਾਲ ਮੋਟਾਪਾ, ਉੱਚ ਖੂਨ ਦਬਾਅ, ਸ਼ੂਗਰ ਅਤੇ ਦਿਲ ਦੇ ਰੋਗਾਂ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਨਾਲ ਹੀ ਮਾਨਸਿਕ ਵਿਕਾਸ ਵਿਚ ਵੀ ਰੁਕਾਵਟ ਆਉਂਦੀ ਹੈ। ਇਸ ਨਾਲ ਵਿਅਕਤੀ ਵਿਚ ਚਿੜਚਿੜਾਪਨ ਅਤੇ ਹਿੰਸਕ ਪ੍ਰਵਿਰਤੀਆਂ ਪੈਦਾ ਹੁੰਦੀਆਂ ਹਨ।
ਜੰਕ ਫੂਡ ਦੇ ਜ਼ਿਆਦਾ ਸੇਵਨ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਕੁਝ ਸਮੇਂ ਬਾਅਦ ਜੇਕਰ ਵਿਅਕਤੀ ਆਮ ਅਤੇ ਪੋਸ਼ਟਿਕ ਭੋਜਨ ਦਾ ਸੇਵਨ ਕਰਨਾ ਵੀ ਚਾਹੇ ਤਾਂ ਉਹ ਪੂਰੀ ਤਰਾਂ ਫਾਸਟ ਫੂਡ ਤੋਂ ਛੁਟਕਾਰਾ ਨਹੀਂ ਪਾ ਸਕਦਾ, ਕਿਉਂਕਿ ਉਹ ਇਸ ਦਾ ਆਦੀ ਹੋ ਚੁੱਕਾ ਹੁੰਦਾ ਹੈ ਅਤੇ ਆਮ ਭੋਜਨ ਵਿਚ ਉਸ ਦੀ ਰੁਚੀ ਨਹੀਂ ਰਹਿੰਦੀ।
ਜੇ ਸਮਾਂ ਰਹਿੰਦੇ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਤਾਂ ਭਵਿੱਖ ਵਿਚ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਹਰੇਕ ਆਹਾਰ ਦੇ ਸੇਵਨ ਸਬੰਧੀ ਕੁਝ ਗੱਲਾਂ ਦਾ ਧਿਆਨ ਰੱਖੋ।
ਜੰਕ ਫੂਡ ਦਾ ਸੇਵਨ ਕਰਨਾ ਓਨਾ ਨੁਕਸਾਨਦੇਹ ਨਹੀਂ ਪਰ ਇਸ ਦੇ ਸੇਵਨ ਸਬੰਧੀ ਲੋੜੀਂਦੀ ਜਾਣਕਾਰੀ ਦੀ ਕਮੀ ਵਿਚ ਇਹ ਹਾਨੀਕਾਰਕ ਜ਼ਰੂਰ ਹੋ ਸਕਦਾ ਹੈ। ਕਈ ਲੋਕ ਜਾਂ ਤਾਂ ਹਫ਼ਤਾ ਭਰ ਇਸ ਦਾ ਸੇਵਨ ਕਰਦੇ ਹੀ ਨਹੀਂ ਅਤੇ ਜਦੋਂ ਕਰਦੇ ਹਨ ਤਾਂ ਲਗਾਤਾਰ ਜ਼ਿਆਦਾ ਮਾਤਰਾ ਵਿਚ ਕਰਦੇ ਹਨ। ਇਹ ਤਰੀਕਾ ਬਿਲਕੁਲ ਗ਼ਲਤ ਹੈ। ਆਯੁਰਵੈਦ ਦੇ ਅਨੁਸਾਰ ਜੰਕ ਫੂਡ ਦਾ ਘੱਟ ਮਾਤਰਾ ਵਿਚ ਅਤੇ ਕਦੇ-ਕਦੇ ਸੇਵਨ ਕਰਨਾ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇਸ ਲਈ ਜੇਕਰ ਤੁਸੀਂ ਸਵੇਰੇ ਨਾਸ਼ਤੇ ਵਿਚ ਬਰਗਰ, ਪੈਟੀਜ ਆਦਿ ਦਾ ਸੇਵਨ ਕੀਤਾ ਹੈ ਤਾਂ ਦੁਪਹਿਰ ਅਤੇ ਰਾਤ ਦੇ ਖਾਣੇ ਵਿਚ ਪੋਸ਼ਟਿਕ ਆਹਾਰ ਲਓ।
ਇਨਾਂ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਜੇ ਇਕ-ਅੱਧਾ ਗਿਲਾਸ ਗਰਮ ਪਾਣੀ ਪੀ ਲਿਆ ਜਾਵੇ ਤਾਂ ਇਹ ਅਸਾਨੀ ਨਾਲ ਪਚ ਜਾਂਦੇ ਹਨ।
ਭੋਜਨ-ਚਾਰਟ ਬਣਾਓ। ਤੈਅ ਕਰੋ ਕਿ ਤੁਸੀਂ ਹਫ਼ਤੇ ਵਿਚ ਸਿਰਫ ਦੋ ਜਾਂ ਤਿੰਨ ਵਾਰ ਹੀ ਜੰਕ ਫੂਡ ਦਾ ਸੇਵਨ ਕਰੋਗੇ ਅਤੇ ਬਾਕੀ ਦਿਨ ਸੰਤੁਲਿਤ ਅਤੇ ਪੋਸ਼ਟਿਕ ਭੋਜਨ ਹੀ ਲਓਗੇ।
ਘਰ ਵਿਚ ਜੰਕ ਫੂਡ ਤਿਆਰ ਕਰੋ। ਨੂਡਲਸ ਨੂੰ ਸਬਜ਼ੀਆਂ ਪਾ ਕੇ ਬਣਾਓ। ਇਸੇ ਤਰਾਂ ਪੀਜ਼ਾ ਅਤੇ ਬਰਗਰ ਵੀ ਘਰ ਹੀ ਬਣਾ ਕੇ ਖਾਧੇ ਜਾ ਸਕਦੇ ਹਨ।
ਕੋਲਡ ਡ੍ਰਿੰਕ ਦੀ ਬਜਾਏ ਲੱਸੀ, ਨਿੰਬੂ ਪਾਣੀ, ਸ਼ਿਕੰਜਵੀ, ਫਲਾਂ ਦਾ ਰਸ, ਨਾਰੀਅਲ ਪਾਣੀ, ਠੰਡਾਈ ਆਦਿ ਪਰੰਪਰਾਗਤ ਪੀਣ ਵਾਲੇ ਪਦਾਰਥਾਂ ਦਾ ਸੇਵਨ ਜ਼ਿਆਦਾ ਕਰੋ।
ਚਾਕਲੇਟ ਦਾ ਸੇਵਨ ਘੱਟ ਤੋਂ ਘੱਟ ਕਰੋ।
ਰੇਸ਼ੇਦਾਰ ਪਦਾਰਥਾਂ ਨੂੰ ਆਪਣੇ ਭੋਜਨ ਵਿਚ ਜ਼ਰੂਰ ਸ਼ਾਮਿਲ ਕਰੋ। ਇਨਾਂ ਪਦਾਰਥਾਂ ਨਾਲ ਦੰਦਾਂ ਦੀ ਕਸਰਤ ਤਾਂ ਹੁੰਦੀ ਹੀ ਹੈ, ਨਾਲ ਹੀ ਇਹ ਅੰਤੜੀਆਂ ਲਈ ਵੀ ਲਾਭਦਾਇਕ ਹੁੰਦੇ ਹਨ।
ਹਰੀਆਂ ਅਤੇ ਮੌਸਮੀ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਇਨਾਂ ਨੂੰ ਸਵਾਦੀ ਅਤੇ ਦਿਲਚਸਪ ਬਣਾਉਣ ਲਈ ਨਵੀਆਂ ਪਕਵਾਨ ਵਿਧੀਆਂ ਅਪਣਾਓ ਪਰ ਇਨਾਂ ਵਿਚ ਰਸਾਇਣਾਂ ਅਤੇ ਚਿਕਨਾਈ ਦੀ ਵਰਤੋਂ ਕਦੇ ਨਾ ਕਰੋ।
ਮਿੱਠੇ ਦੇ ਸ਼ੌਕੀਨ ਹੋ ਤਾਂ ਬਾਜ਼ਾਰ ਵਿਚ ਮਿਲਣ ਵਾਲੀਆਂ ਮਠਿਆਈਆਂ ਜਾਂ ਹੋਰ ਮਿੱਠੇ ਪਕਵਾਨ ਖਾਣ ਦੀ ਬਜਾਏ ਘਰ ਹੀ ਮਿੱਠੇ ਪਦਾਰਥ ਜਿਵੇਂ ਗਾਜਰ ਦਾ ਹਲਵਾ, ਖੀਰ, ਮਿੱਠੇ ਚੌਲ ਜਾਂ ਆਪਣੇ ਪਸੰਦੀਦਾ ਪਕਵਾਨ ਬਣਾ ਕੇ ਖਾਓ।