ਸ਼ੋਰ ਦਾ ਕੰਨਾਂ ‘ਤੇ ਕਿਵੇਂ ਪੈਂਦਾ ਹੈ ਅਸਰ

ਆਧੁਨਿਕਤਾ ਅਤੇ ਆਧੁਨਿਕ ਸਾਧਨਾਂ ਦੀ ਅੱਜਕਲ ਹਰ ਕੋਈ ਜਾਣੇ-ਅਣਜਾਣੇ ਵਿਚ ਵਰਤੋਂ ਕਰ ਰਿਹਾ ਹੈ। ਇਨਾਂ ਆਧੁਨਿਕ ਸਾਧਨਾਂ ਦੇ ਚਲਦੇ ਸਾਨੂੰ ਇਨਾਂ ਤੋਂ ਉਪਜੇ ਸ਼ੋਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਘਰ, ਬਾਹਰ, ਰਸਤੇ ਵਿਚ, ਦਫ਼ਤਰ ਵਿਚ, ਹਰ ਪਾਸੇ ਸ਼ੋਰ ਦਾ ਜ਼ੋਰ ਹੈ। ਇਹ ਸ਼ੋਰ ਸਾਡਾ ਹਰ ਪਲ ਪਿੱਛਾ ਕਰਦਾ ਹੈ ਅਤੇ ਕੰਨਾਂ ਦਾ ਕਬਾੜਾ ਕਰਦਾ ਰਹਿੰਦਾ ਹੈ। ਨਵੀਂ ਪੀੜੀ ਦੇ ਕੰਨਾਂ ਦੇ ਕਮਜ਼ੋਰ ਹੋਣ ਅਰਥਾਤ ਸੁਣਨ ਸ਼ਕਤੀ ਵਿਚ ਕਮੀ ਹੋਣ ਪਿੱਛੇ ਵੱਡਾ ਕਾਰਨ ਇਹੀ ਸ਼ੋਰ ਹੈ।
ਸਾਡੇ ਘਰ ਦੇ ਹਰ ਖੂੰਜੇ ਵਿਚ ਆਧੁਨਿਕ ਜਾਂ ਇਲੈਕਟ੍ਰੋਨਿਕ ਸਾਧਨ ਮੌਜੂਦ ਹਨ। ਰੇਡੀਓ, ਟੇਪ, ਟੀ. ਵੀ., ਕੰਪਿਊਟਰ, ਟੈਲੀਫੋਨ, ਮੋਬਾਈਲ, ਕਾਲਬੈੱਲ, ਰਸੋਈ ਘਰ ਦੇ ਸਾਰੇ ਉਪਕਰਨ ਰਹਿ-ਰਹਿ ਕੇ ਵੱਜਦੇ, ਸੰਕੇਤ ਦਿੰਦੇ ਅਤੇ ਸੁਚੇਤ ਕਰਦੇ ਰਹਿੰਦੇ ਹਨ। ਪੱਖਾ, ਕੂਲਰ, ਏ. ਸੀ., ਐਗਜਾਸਟ, ਕੋਈ ਨਾ ਕੋਈ ਚਲਦਾ ਰਹਿੰਦਾ ਹੈ। ਭਾਂਡਿਆਂ ਦੀ ਆਵਾਜ਼, ਫਰਾਈਪੈਨ ਜਾਂ ਕੜਾਹੀ ਦੀ ਬਘਾਰ, ਕੁੱਕਰ ਦੀ ਸੀਟੀ, ਮਿਕਸੀ, ਫਰਿੱਜ ਦੀ ਘਰਰ-ਘਰਰ, ਗਰਿੱਲ ਦੀ ਬੀਪ-ਬੀਪ, ਕੰਪਿਊਟਰ ਦੇ ਫੈਨ ਦੀ ਆਵਾਜ਼ ਘਰ ਦੇ ਹਰ ਕਮਰੇ ਵਿਚ ਪਹੁੰਚਦੀ ਰਹਿੰਦੀ ਹੈ।
ਬਾਹਰ ਜਾਂ ਸੜਕ ‘ਤੇ ਸਾਰੇ ਪਾਸੇ ਸ਼ੋਰ ਰਹਿੰਦਾ ਹੈ। ਗੱਡੀਆਂ ਦੀ ਆਵਾਜ਼-ਹਾਰਨ, ਭੀੜ ਦਾ ਰੌਲਾ, ਦੁਕਾਨਾਂ ਵਿਚ ਵੱਜਦੇ ਸਪੀਕਰ, ਧਾਰਮਿਕ ਸਥਾਨਾਂ ਦਾ ਕੰਨ-ਪਾੜਵਾਂ ਸ਼ੋਰ, ਰੈਲੀਆਂ ਦੀ ਜ਼ਿੰਦਾਬਾਦ-ਮੁਰਦਾਬਾਦ, ਮਨਾਹੀ ਦੇ ਬਾਵਜੂਦ ਗੱਡੀਆਂ ਦੇ ਪ੍ਰੈਸ਼ਰ ਹਾਰਨ, ਚੌਕਾਂ ਵਿਚ ਅੱਗੇ ਵਧਦੀਆਂ ਚੀਕਦੀਆਂ ਗੱਡੀਆਂ, ਰੇਲਵੇ ਲਾਈਨ ਅਤੇ ਸਟੇਸ਼ਨ ‘ਤੇ ਹਰ ਜਗਾ ਸ਼ੋਰ, ਰੇਲਾਂ ਦੀ ਆਵਾਜ਼, ਯਾਤਰੀਆਂ ਦਾ ਚੀਕ-ਚਿਹਾੜਾ ਅਤੇ ਸਮਾਨ ਵੇਚਣ ਵਾਲਿਆਂ ਦੀ ਆਵਾਜ਼ ਹਰ ਵੇਲੇ ਰਹਿੰਦੀ ਹੈ। ਸਮੁੰਦਰ ਦੇ ਕਿਨਾਰੇ ਵੀ ਉਸ ਦੀਆਂ ਲਹਿਰਾਂ ਦੇ ਸ਼ੋਰ ਦੇ ਨਾਲ ਸਟੀਮਰ ਅਤੇ ਸਮੁੰਦਰੀ ਜਹਾਜ਼ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਸਭ ਤੋਂ ਮਾੜੀ ਹਾਲਤ ਹਵਾਈ ਅੱਡੇ ‘ਤੇ ਹੁੰਦੀ ਹੈ। ਉਥੇ ਹੈਲੀਕਾਪਟਰ ਅਤੇ ਹਵਾਈ ਜਹਾਜ਼ਾਂ ਦਾ ਭਿਆਨਕ ਸ਼ੋਰ ਸਭ ਤੋਂ ਬੋਲਾ ਬਣਾ ਦਿੰਦਾ ਹੈ।
ਫੈਕਟਰੀਆਂ, ਕਾਰਖਾਨਿਆਂ, ਮਸ਼ੀਨਾਂ ਦੀ ਪਛਾਣ ਸ਼ੋਰ ਤੋਂ ਹੁੰਦੀ ਹੈ। ਅਜਿਹੀਆਂ ਥਾਵਾਂ ‘ਤੇ ਕੰਮ ਕਰਨ ਵਾਲੇ ਆਪਣੇ-ਆਪ ਉੱਚਾ ਬੋਲਣ ਅਤੇ ਉੱਚਾ ਸੁਣਨ ਲਗਦੇ ਹਨ। ਦਫ਼ਤਰਾਂ ਵਿਚ ਉਥੇ ਦੀ ਆਪਣੀ ਅਲੱਗ ਆਵਾਜ਼ ਹੁੰਦੀ ਹੈ। ਇਸ ਤਰਾਂ ਸਾਰਿਆਂ ਦੇ ਕੰਮ ਵਾਲੇ ਸਥਾਨਾਂ ‘ਤੇ ਘੱਟ-ਵੱਧ ਸ਼ੋਰ ਹੁੰਦਾ ਰਹਿੰਦਾ ਹੈ। ਕਿਸੇ ਮਸ਼ੀਨ ‘ਤੇ ਬੈਠੇ ਹੋ, ਕਿਸੇ ਗੱਡੀ ‘ਤੇ ਸਵਾਰ ਹੋ ਤਾਂ ਉਸ ਦਾ ਆਪਣਾ ਸ਼ੋਰ ਹੁੰਦਾ ਹੈ, ਜੋ ਕਦੇ ਘੱਟ ਨਹੀਂ ਹੁੰਦਾ।
ਪਹਿਲਾਂ ਬੋਲੇਪਨ ਨੂੰ ਬੁਢਾਪੇ ਦੀ ਨਿਸ਼ਾਨੀ ਮੰਨਦੇ ਸੀ ਪਰ ਇਹ ਸ਼ੋਰ ਆਪਣੀ ਇਥੋਂ ਦੀ 15 ਫੀਸਦੀ ਤੋਂ 50 ਫ਼ੀਸਦੀ ਆਬਾਦੀ ਦੀ ਸੁਣਨ ਸ਼ਕਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਦੇਸ਼ ਦੇ ਬੋਲਿਆਂ ਵਿਚੋਂ 40 ਫ਼ੀਸਦੀ ਇਸੇ ਸ਼ੋਰ ਦੇ ਕਾਰਨ ਬੋਲੇ ਹਨ। ਹਵਾਈ ਅੱਡਿਆਂ ‘ਤੇ , ਕਾਰਖਾਨਿਆਂ ਵਿਚ, ਪਟਾਕੇ, ਬੈਂਡ, ਸਪੀਕਰ, ਡੀਜੇ ਦੇ ਨੇੜੇ, ਰੇਲਵੇ ਸਟੇਸ਼ਨਾਂ ਅਤੇ ਮਹਾਂਨਗਰਾਂ ਦੇ ਚੌਕਾਂ ਵਿਚ ਇਹ ਸ਼ੋਰ ਬਹੁਤ ਜ਼ਿਆਦਾ ਹੁੰਦਾ ਹੈ। ਘਰਾਂ ਵਿਚ ਟੀ. ਵੀ. ਅਤੇ ਹੋਮ ਥੀਏਟਰ ਦੇ ਕੋਲ ਇਹ ਸ਼ੋਰ ਜ਼ਿਆਦਾ ਹੁੰਦਾ ਹੈ। ਇਨਾਂ ਥਾਵਾਂ ‘ਤੇ ਕੰਮ ਕਰਨ ਵਾਲਿਆਂ ਦੀ ਸੁਣਨ ਸ਼ਕਤੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ।
ਇਸ ਸਰਬਵਿਆਪੀ ਸ਼ੋਰ ਦੇ ਪ੍ਰਦੂਸ਼ਣ ਦਾ ਪ੍ਰਭਾਵ ਸਿਹਤ ‘ਤੇ ਵੀ ਪੈ ਰਿਹਾ ਹੈ। ਇਸ ਨਾਲ ਦਿਮਾਗ ‘ਤੇ ਪ੍ਰਭਾਵ ਪੈਂਦਾ ਹੈ। ਇਕਾਗਰਤਾ ਵਿਚ ਕਮੀ ਆਉਂਦੀ ਹੈ। ਤਣਾਅ ਅਤੇ ਚਿੜਚਿੜਾਪਨ ਭਾਰੂ ਹੁੰਦਾ ਹੈ। ਥਕਾਵਟ, ਸਿਰਦਰਦ, ਘਬਰਾਹਟ, ਉੱਚ ਖੂਨ ਦਬਾਅ, ਦਿਲ ਦੇ ਰੋਗ ਆਦਿ ਬਿਮਾਰੀਆਂ ਲਗਦੀਆਂ ਹਨ। ਜਿਥੇ ਤੁਹਾਡਾ ਕਾਬੂ ਹੈ, ਉਥੇ ਤੁਸੀਂ ਸ਼ੋਰ ਦੀ ਤੀਬਰਤਾ ਘੱਟ ਕਰ ਸਕਦੇ ਹੋ ਪਰ ਕਈ ਥਾਵਾਂ ‘ਤੇ ਅਸੀਂ ਬੇਵੱਸ ਹੁੰਦੇ ਹਾਂ। ਹਵਾਈ ਅੱਡਾ, ਰੇਲਵੇ ਸਟੇਸ਼ਨ, ਚੌਕ, ਪਟਾਕੇ ਅਤੇ ਪਾਰਟੀਆਂ ਦੇ ਸ਼ੋਰ ਦੇ ਸਾਹਮਣੇ ਅਸੀਂ ਲਾਚਾਰ ਹੁੰਦੇ ਹਾਂ। ਇਹੀ ਬੋਲੇਪਨ ਅਤੇ ਕਈ ਹੋਰ ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ।