ਘਰ ਦਾ ਵੈਦ ਅਜਵਾਇਣ

ਗਲੇ ਵਿਚ ਦਰਦ ਹੋਣ ‘ਤੇ ਅਜਵਾਇਣ ਦੇ ਪਾਣੀ ਨਾਲ ਗਰਾਰੇ ਕਰੋ। ਜੇਕਰ ਜ਼ਿਆਦਾ ਦਰਦ ਹੋਵੇ ਤਾਂ ਦਿਨ ਵਿਚ ਤਿੰਨ ਤੋਂ ਚਾਰ ਵਾਰ ਗਰਾਰੇ ਕਰੋ, ਤੁਰੰਤ ਰਾਹਤ ਮਿਲੇਗੀ।
ਅਸਥਮਾ ਰੋਗੀਆਂ ਨੂੰ ਅਜਵਾਇਣ ਦੀ ਗਰਮ ਪੁਲਿਟਸ ਨਾਲ ਸੀਨੇ ਵਿਚ ਸਿਕਾਈ ਕਰਨ ਨਾਲ ਲਾਭ ਮਿਲਦਾ ਹੈ।
ਜੇਕਰ ਮਾਹਵਾਰੀ ਅਨਿਯਮਤ ਆ ਰਹੀ ਹੋਵੇ ਤਾਂ ਮਹਾਵਾਰੀ ਆਉਣ ਤੋਂ ਦੋ-ਤਿੰਨ ਦਿਨ ਪਹਿਲਾਂ ਪੁਰਾਣੇ ਗੁੜ ਅਤੇ ਅਜਵਾਇਣ ਦਾ ਕਾੜਾ ਬਣਾ ਕੇ ਪੀਣ ਨਾਲ ਲਾਭ ਮਿਲਦਾ ਹੈ।
ਜੇਕਰ ਪੇਟ ਵਿਚ ਦਰਦ ਹੋ ਰਿਹਾ ਹੋਵੇ ਤਾਂ ਅਜਵਾਇਣ ਨੂੰ ਗੁੜ ਨਾਲ ਖਾ ਕੇ ਉੱਪਰੋਂ ਦੀ ਪਾਣੀ ਪੀ ਲੈਣ ਨਾਲ ਆਰਾਮ ਮਿਲਦਾ ਹੈ।
ਛੋਟੇ ਬੱਚੇ ਹਰੇ-ਪੀਲੇ ਦਸਤ ਕਰ ਰਹੇ ਹੋਣ ਤਾਂ ਅੱਧੇ ਤੋਂ ਵੀ ਥੋੜੇ ਛੋਟੇ ਚਮਚ ਵਿਚ ਬਰੀਕ ਪਾਊਡਰ ਦੀ ਅਜਵਾਇਣ ਲਓ। ਉਸ ਵਿਚ ਮਾਂ ਦਾ ਦੁੱਧ ਮਿਲਾ ਕੇ ਬੱਚੇ ਨੂੰ ਦਿਨ ਵਿਚ ਦੋ ਤੋਂ ਤਿੰਨ ਵਾਰ ਦਿਓ। ਸ਼ਿਕਾਇਤ ਦੂਰ ਹੋਵੇਗੀ।
ਜੇਕਰ ਪੇਟ ਵਿਚ ਕੀੜੇ ਹੋਣ ਤਾਂ ਇਕ ਛੋਟਾ ਚਮਚ ਅਜਵਾਇਣ ਦਾ ਚੂਰਨ ਲੱਸੀ ਵਿਚ ਮਿਲਾ ਕੇ ਪੀਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ।
ਅਜਵਾਇਣ ਦਾ ਕਾੜਾ ਪੀਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਅੰਤੜੀਆਂ ਵਿਚ ਸੜਨ ਵੀ ਨਹੀਂ ਹੁੰਦੀ।
ਸਰਦੀ-ਜ਼ੁਕਾਮ ਅਤੇ ਖੰਘ ਹੋਣ ‘ਤੇ ਪਾਨ ਵਿਚ ਅਜਵਾਇਣ ਪਾ ਕੇ ਖਾਣ ਨਾਲ ਲਾਭ ਮਿਲਦਾ ਹੈ।
ਪੇਟ ਵਿਚ ਭਾਰੀਪਨ ਹੋਣ ‘ਤੇ , ਗੈਸ ਬਣਨ ‘ਤੇ , ਖੱਟੇ ਡਕਾਰ ਆਉਣ ‘ਤੇ ਅੱਧਾ ਛੋਟਾ ਚਮਚ ਅਜਵਾਇਣ ਵਿਚ ਚੌਥਾਈ ਚਮਚ ਖਾਣੇ ਵਾਲਾ ਸੋਢਾ ਮਿਲਾ ਕੇ ਫੱਕ ਲਓ, ਉੱਪਰੋਂ ਕੋਸਾ ਪਾਣੀ ਦੋ-ਚਾਰ ਘੁੱਟ ਪੀ ਲਓ। ਖਾਣਾ ਖਾਣ ਤੋਂ 10 ਮਿੰਟ ਬਾਅਦ ਲਓ।
ਅਜਵਾਇਣ, ਕਾਲਾ ਨਮਕ ਅਤੇ ਹਿੰਗ ਤਿੰਨਾਂ ਨੂੰ ਪੀਸ ਕੇ ਰੱਖ ਲਓ। ਪੇਟ ਦਰਦ ਹੋਣ ‘ਤੇ ਅੱਧਾ ਚਮਚਾ ਦਿਨ ਵਿਚ ਦੋ ਵਾਰ ਕੋਸੇ ਪਾਣੀ ਨਾਲ ਲਓ। ਰਾਹਤ ਮਿਲੇਗੀ।
ਭੁੱਖ ਨਾ ਲੱਗਣ ਦੀ ਹਾਲਤ ਵਿਚ 1/2 ਛੋਟੇ ਚਮਚ ਅਜਵਾਇਣ ਪਾਣੀ ਦੇ ਨਾਲ ਲਓ। ਭੁੱਖ ਲੱਗੇਗੀ ਅਤੇ ਖਾਣਾ ਵੀ ਪਚਣ ਵਿਚ ਮਦਦ ਮਿਲੇਗੀ।