ਗਰਮੀ ਦੀ ਆਮ ਬਿਮਾਰੀ ਪਿੱਤ

-ਗੁਰਸਾਵਰ ਸਿੰਘ
ਆਉ ਜਾਣੀਏ ਕਿ ਪਿੱਤ ਕੀ ਹੈ? ਇਸਦੇ ਸਰੀਰ ‘ਤੇ ਨਿਕਲਣ ਦੇ ਕੀ ਕਾਰਨ ਹੋ ਸਕਦੇ ਹਨ। ਜਦ ਗਰਮੀ ਆਪਣੇ ਪੂਰੇ ਜੋਬਨ ਤੇ ਹੁੰਦੀ ਹੈ ਤਾਂ ਇਸ ਭਰ ਗਰਮੀ ਵਿੱਚ ਕਈਆਂ ਨੂੰ ਸਰੀਰ ਤੇ ਨਿੱਕੀਆਂ-ਨਿੱਕੀਆਂ ਫਿਨਸੀਆਂ ਦੇ ਰੂਪ ਵਿੱਚ ਦਾਣੇ ਨਿਕਲ ਆਉਂਦੇ ਹਨ, ਜੋ ਬਹੁਤ ਖਾਰਸ਼ ਕਰਦੇ ਹਨ ਤੇ ਸਰੀਰ ਨੂੰ ਹੋਰ ਸਾੜਦੇ ਹਨ, ਜਿਵੇਂ ਕਿਸੇ ਨੇ ਭਰ ਗਰਮੀ ਵਿੱਚ ਅੱਗ ਤੇ ਪਾਣੀ ਗਰਮ ਕਰਕੇ ਸੜਦਾ-ਸੜਦਾ ਪਾਣੀ ਸਰੀਰ ਤੇ ਪਾ ਦਿੱਤਾ ਹੋਵੇ। ਇਸ ਨੂੰ ‘ਪਿੱਤ’ ਆਖਦੇ ਹਨ। ਸਰੀਰ ਤੇ ਪਿੱਤ ਨਿਕਲਣ ਦੇ ਕਈ ਕਾਰਨ ਹੋ ਸਕਦੇ ਹਨ।ਪਿੱਤ ਗਰਮੀ  ਦਾ ਹੀ ਇੱਕ ਰੂਪ ਹੈ।ਅਗਰ ਇਹ ਆਪਣੀ ਅਸਲ ਹਾਲਤ ਵਿੱਚ ਹੋਏਗਾ ਤਾਂ ਸਰੀਰ ਦੀ ਰੱਖਿਆ ਕਰੇਗਾ ਤੇ ਅਗਰ ਜੇ ਵਿਗੜ ਗਿਆ ਤਾਂ ਅਨੇਕਾਂ ਰੋਗ ਪੈਦਾ ਕਰ ਸਕਦਾ ਹੈ।ਪਿੱਤ ਇੱਕ ਪਤਲਾ ਜਿਹਾ ਪਦਾਰਥ ਹੁੰਦਾ ਹੈ, ਜਿਸਦਾ ਰੰਗ ਪੀਲਾ ਹੁੰਦਾ ਹੈ। ਇਹ ਸਰੀਰ ਤੋਂ ਮੈਲ ਅਤੇ ਲਹੂ ਦੀ ਜ਼ਹਿਰ ਖਾਰਜ਼ ਕਰਦਾ ਹੈ।ਇਹ ਪੇਟ ਨਾਲੋਂ ਪਿੱਠ ਪਿੱਛੇ ਜ਼ਿਆਦਾ ਨਿਕਲਦੀ ਹੈ, ਕਿਉਂਕਿ ਸਰੀਰ ਦੇ ਬਾਕੀ ਹਿੱਸੇ ਤੋਂ ਅਸੀ ਮੈਲ ਉਤਾਰ ਲੈਂਦੇ ਹਾਂ, ਪਰ ਪਿੱਠ ਪਿੱਛੇ ਆਪਣਾ ਹੱਥ ਨਾ ਪਹੁੰਚਣ ਕਰਕੇ ਮੈਲ ਪੂਰੀ ਤਰਾਂ ਉੱਤਰਦੀ ਨਹੀ ਤੇ ਮੁਸਾਮ ਬੰਦ ਹੋ ਜਾਂਦੇ ਹਨ। ਇਸ ਲਈ ਸਰੀਰ ਵਿੱਚੋਂ  ਪਸੀਨਾ ਨਿਕਲਦਾ ਨਹੀ ਤੇ ਉਹ ਪਿੱਤ ਦੇ ਰੂਪ ਵਿੱਚ ਬਾਹਰ ਆਉਂਦਾ ਹੈ। ਸਰੀਰ ਵਿੱਚੋਂ ਪਸੀਨਾ ਨਿਕਲਣਾ ਬਹੁਤ ਜਰੂਰੀ ਹੈ।ਪੁਰਾਤਨ ਗ੍ਰੰਥਾਂ ਵਿੱਚ ਪਿੱਤ ਦੇ ਪੰਜ ਰੂਪ  ਆਲੋਚਕ, ਰੰਜਕ, ਸਾਧਕ, ਪਾਚਕ ਤੇ ਭ੍ਰਾਜਕ ਹੋ ਸਕਦੇ ਹਨ, ਮੰਨੇ ਗਏ ਹਨ।ਇਹ ਸਰੀਰ ਦੀ ਉੱਪਰਲੀ ਖੱਲੜੀ ਵਿੱਚ ਹੁੰਦੀ ਹੈ। ਪਿੱਤ ਦੇ ਵਿਗੜ ਜਾਣ ਨਾਲ ਸਮੇਂ ਤੋਂ ਪਹਿਲਾਂ ਹੀ ਇਨਸਾਨ ਦੇ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਹਨ। ਨੇਤਰ ਲਾਲ-ਪੀਲੇ ਹੋ ਜਾਂਦੇ ਹਨ। ਪੇਸ਼ਾਬ ਇੱਕ ਦਮ ਗਾੜਾ ਪੀਲਾ ਹੋ ਜਾਂਦਾ ਹੈ।ਮੂੰਹ ਦਾ ਸੁਆਦ ਖੱਟਾ ਹੋ ਜਾਂਦਾ ਹੈ। ਗੰਦੇ-ਗੰਦੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਬਿਨਾਂ ਵਜਾ ਗੁੱਸਾ ਆਉਣ ਲੱਗਦਾ ਹੈ। ਅੱਖਾਂ ਅੱਗੇ ਹਨੇਰਾ ਵੀ ਆ ਸਕਦਾ ਹੈ। ਸਰੀਰ ਤਪਦਾ ਰਹਿੰਦਾ ਹੈ। ਬਹੁਤ ਹੀ ਬਦਬੂਦਾਰ ਪਸੀਨਾ ਆਉਂਦਾ ਹੈ। ਇਸ ਤਰਾਂ ਦੇ ਕੋਈ ਲਗਭਗ ਚਾਲੀ ਪ੍ਰਕਾਰ ਦੇ ਕਾਰਨ ਹੋ ਸਕਦੇ ਹਨ। ਜਿਸ ਤੋਂ ਬਚਣਾ ਹੀ ਲਾਹੇਵੰਦ ਹੈ।
ਬਚਾਅ- ਪੰਜਾਬ ਵਿੱਚ ਉੱਗਣ ਵਾਲੇ ਇੱਕ ਬੂਟੇ ਦਾ ਨਾਂ ਹੈ ‘ਪਿੱਤ ਪਾਪੜਾ’। ਇਹ ਬੂਟਾ ਕੋਈ ਇੱਕ ਫੁੱਟ ਉੱਚਾ ਹੁੰਦਾ ਹੈ। ਇਸਦਾ ਸਵਾਦ ਕੌੜਾ ਅਤੇ ਬਕਬਕਾ ਹੁੰਦਾ ਹੈ। ਨੀਲੇ ਫੁੱਲਾਂ ਵਾਲੇ ਜ਼ਿਆਦਾ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦੀ ਤਾਸੀਰ ਸਰਦ ਖੁਸ਼ਕ ਹੈ। ਇਹ ਖੂਨ ਦੀ ਖਰਾਬੀ ਨੂੰ ਦਰੁਸਤ ਕਰਦਾ ਹੈ। ਹੋਰ ਉਪਾਅ ਜਿਵੇਂ ਸਭ ਤੋਂ ਪਹਿਲਾਂ ਵੱਟਣਾ ਮੱਲ ਕੇ ਸਰੀਰ ਦੀ ਮੈਲ ਦੂਰ ਕਰੋ।ਚੰਦਨ ਦਾ ਲੇਪ ਕਰ ਸਕਦੇ ਹੋ।ਅੰਤੜੀਆਂ ਦੀ ਸਫਾਈ ਕਰੋ। ਚੌਲਾਂ ਵਿੱਚ ਦੁੱਧ ਪਾ ਕੇ ਛਕੋ। ਰਾਤ ਨੂੰ ਠੰਡੀ ਕੱਚੀ ਲੱਸੀ ਪੀਉ। ਗੋਕੇ ਦੁੱਧ ਵਿੱਚ ਮਿਸ਼ਰੀ ਪਾ ਕੇ ਈਸਬਗੋਲ ਦਾ ਛੇ ਮਾਸੇ ਸਤ ਛਕੋ। ਚੰਦਨ ਅਤੇ ਅਨਾਰ ਦੇ ਸ਼ਰਬਤ ਪੀਉ। ਠੰਡੇ ਫਲ ਖਾਉ। ਠੰਡੇ ਜਲ ਨਾਲ ਇਸ਼ਨਾਨ ਕਰੋ। ਕੋਈ ਚੰਗਾ ਪਾਊਡਰ ਵਰਤ ਸਕਦੇ ਹੋ। ਮੀਂਹ ਵਿੱਚ ਨਹਾਉ। ਗਰਮ ਮਸਾਲੇਦਾਰ ਤੇ ਤਲੇ ਹੋਏ ਭੋਜਨ ਖਾਣ ਤੋਂ ਪ੍ਰਹੇਜ਼ ਰੱਖੋ। ਹਰੀਆਂ ਸਬਜ਼ੀਆਂ ਤੇ ਸਲਾਦ ਖਾਉ।