ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਦੁੱਧ ਦੀ ਲੋੜ

ਦੁੱਧ ਇਕ ਅਜਿਹਾ ਮਹੱਤਵਪੂਰਨ ਪਦਾਰਥ ਹੈ, ਜਿਸ ਵਿਚ ਸੰਤੁਲਿਤ ਆਹਾਰ ਦੇ ਸਾਰੇ ਗੁਣ ਪਾਏ ਜਾਂਦੇ ਹਨ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਦੁੱਧ ਦੀ ਲੋੜ ਹੁੰਦੀ ਹੈ। ਵੈਸੇ ਤਾਂ ਦੁੱਧ ਸਾਰੀ ਦੁਨੀਆ ‘ਚ ਵਸਣ ਵਾਲੇ ਮਨੁੱਖਾਂ ਦੀ ਲੋੜ ਹੈ ਪਰ ਭਾਰਤ ਵਿਚ ਇਸ ਦੀ ਮਹੱਤਤਾ ਕੁਝ ਜ਼ਿਆਦਾ ਹੀ ਹੈ, ਕਿਉਂਕਿ ਇਥੋਂ ਦੀ ਬਹੁਤੀ ਜਨਤਾ ਸ਼ਾਕਾਹਾਰੀ ਹੁੰਦੀ ਹੈ। ਸਫ਼ੈਦ ਤਰਲ ਪਦਾਰਥ ਦੁੱਧ ਮਨੁੱਖੀ ਸਰੀਰ ਨੂੰ ਅਪਾਰ ਸ਼ਕਤੀ ਅਤੇ ਤਾਪ ਪ੍ਰਦਾਨ ਕਰਦਾ ਹੈ ਅਤੇ ਸਮੁੱਚੇ ਪੌਸ਼ਟਿਕ ਤੱਤ ਇਸ ਵਿਚ ਮੌਜੂਦ ਰਹਿੰਦੇ ਹਨ। ਇਸ ਵਿਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਦੇ ਲਵਣ ਮਿਲਦੇ ਹਨ ਜੋ ਹੱਡੀਆਂ ਅਤੇ ਨਾੜੀ-ਤੰਤਰ ਨੂੰ ਮਜ਼ਬੂਤ ਕਰਦੇ ਹਨ। ਇਸ ਦੇ ਸੇਵਨ ਨਾਲ ਬੁੱਧੀ ਤੇਜ਼ ਹੁੰਦੀ ਹੈ ਅਤੇ ਸਰੀਰ ਵਿਚ ਚੁਸਤੀ ਕਾਇਮ ਰਹਿੰਦੀ ਹੈ। ਦੁੱਧ ਬੱਚਿਆਂ ਦੇ ਸਰੀਰ ਦਾ ਛੇਤੀ ਵਿਕਾਸ ਕਰਦਾ ਹੈ ਅਤੇ ਉਨ੍ਹਾਂ ਨੂੰ ਰਿਸ਼ਟ-ਪੁਸ਼ਟ ਅਤੇ ਤੰਦਰੁਸਤ ਬਣਾਉਂਦਾ ਹੈ। ਇਹ ਇਕ ਅਜਿਹਾ ਤਰਲ ਅਤੇ ਛੇਤੀ ਪਚਣ ਵਾਲਾ ਭੋਜਨ ਹੈ, ਜਿਸ ਵਿਚ ਵਿਟਾਮਿਨ ‘ਏ’ ਅਤੇ ‘ਡੀ’ ਲੋੜੀਂਦੀ ਮਾਤਰਾ ਵਿਚ ਰਹਿੰਦੇ ਹਨ ਪਰ ‘ਸੀ’ ਦੀ ਮਾਤਰਾ ਘੱਟ ਹੁੰਦੀ ਹੈ। ਦੁੱਧ ਵਿਚ ਪਾਏ ਜਾਣ ਵਾਲੇ ਤੱਤਾਂ ਦਾ ਵੇਰਵਾ ਇਸ ਤਰ੍ਹਾਂ ਹੈ : ਵਿਟਾਮਿਨ ‘ਏ’ ਅਤੇ ‘ਡੀ’ ਜ਼ਿਆਦਾ ਮਾਤਰਾ ਵਿਚ ਪਰ ‘ਸੀ’ ਘੱਟ ਹੁੰਦੇ ਹਨ। ਚਰਬੀ 3.8 ਫੀਸਦੀ, ਪ੍ਰੋਟੀਨ 3.5 ਫੀਸਦੀ, ਕਾਰਬੋਹਾਈਡ੍ਰੇਟ 4.8 ਫੀਸਦੀ, ਪਾਣੀ 87.25 ਫੀਸਦੀ, ਖਣਿਜ ਲਵਣ 0.65 ਫੀਸਦੀ। ਕੈਲਸ਼ੀਅਮ, ਫਾਸਫੋਰਸ ਜ਼ਿਆਦਾ ਹਨ।

Tags: