ਗੁਲਾਬ ਜਲ ਨਾਲ ਨਿਖਾਰੋ ਰੂਪ

ਮੁਹਾਸਿਆਂ ਦੀ ਸਮੱਸਿਆ ਦੂਰ ਕਰਨ ਲਈ ਗੁਲਾਬ ਜਲ ਦੀ ਵਰਤੋਂ ਬਹੁਤ ਲਾਹੇਵੰਦ ਹੈ। ਇਹ ਚਮੜੀ ਨੂੰ ਸਾਫ਼ ਕਰਨ ਦੇ ਨਾਲ ਹੀ ਆਪਣੇ ਐਂਟੀ-ਬੈਕਟੀਰੀਅਲ ਗੁਣ ਨਾਲ ਇਨਫੈਕਸ਼ਨ ਵੀ ਦੂਰ ਕਰਦਾ ਹੈ। ਇਹ ਚਮੜੀ ਤੋਂ ਧੂੜ ਅਤੇ ਬਾਕੀ ਅਸ਼ੁੱਧੀਆਂ ਨੂੰ ਸਾਫ਼ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਰੁਟੀਨ ਵਿੱਚ ਗੁਲਾਬ ਜਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਚਮੜੀ ਵਿੱਚ ਕਸਾਅ ਆਉਂਦਾ ਹੈ।
ਇਹ ਚਮੜੀ ਦੇ ਕੁਦਰਤੀ ਪੀ.ਐੱਚ. ਲੈਵਲ ਨੂੰ ਬਣਾਈ ਰੱਖਣ ਵਿੱਚ ਸਹਾਇਕ ਹੁੰਦਾ ਹੈ ਤੇ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਇਹ ਆਪਣਾ ਅਸਰ ਕਾਫੀ ਹੌਲੀ ਦਿਖਾਉਂਦਾ ਹੈ, ਇਸ ਲਈ ਜੇਕਰ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਥੋੜ੍ਹਾ ਸਬਰ ਰੱਖਣ ਦੀ ਲੋੜ ਹੈ, ਜਿਨ੍ਹਾਂ ਲੋਕਾਂ ਦੀ ਚਮੜੀ ਬੇਹੱਦ ਸੰਵੇਦਨਸ਼ੀਲ ਹੈ, ਉਨ੍ਹਾਂ ਲਈ ਗੁਲਾਬ ਜਲ ਤੋਂ ਬਿਹਤਰ ਹੋਰ ਕੁਝ ਹੋ ਹੀ ਨਹੀਂ ਸਕਦਾ।
ਤੁਸੀਂ ਚਾਹੋ ਤਾਂ ਗੁਲਾਬ ਜਲ ਨੂੰ ਰੂੰ ਵਿੱਚ ਭਿਓਂ ਕੇ ਵੀ ਚਿਹਰੇ ‘ਤੇ ਲਗਾ ਸਕਦੇ ਹੋ ਅਤੇ ਇੱਥੇ ਦੱਸੇ ਤਰੀਕਿਆਂ ਅਨੁਸਾਰ ਵੀ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ।
ਨਿੰਬੂ ਤੇ ਗੁਲਾਬ ਜਲ
ਨਿੰਬੂ ਵਿੱਚ ਤੇਜ਼ਾਬੀ ਗੁਣ ਹੁੰਦਾ ਹੈ, ਜਦ ਕਿ ਗੁਲਾਬ ਜਲ ਵਿੱਚ ਠੰਡਕ ਦੇਣ ਦਾ, ਇਸ ਲਈ ਜਦੋਂ ਦੋਹਾਂ ਨੂੰ ਮਿਲਾ ਕੇ ਲਗਾਇਆ ਜਾਵੇ, ਤਾਂ ਇਹ ਇੱਕ ਬਿਹਤਰੀਨ ਉਤਪਾਦ ਬਣ ਜਾਂਦਾ ਹੈ। ਮੁਹਾਸਿਆਂ ਨੂੰ ਵਧਣ ਤੋਂ ਰੋਕਣ ਲਈ ਇਹ ਇੱਕ ਬਿਹਤਰੀਨ ਉਤਪਾਦ ਹੈ।
ਇਸ ਦੇ ਲਈ ਜਿੰਨੀ ਮਾਤਰਾ ਨਿੰਬੂ ਦੇ ਰਸ ਦੀ ਲਓਗੇ, ਉਸ ਤੋਂ ਦੁੱਗਣੀ ਮਾਤਰਾ ਗੁਲਾਬ ਜਲ ਦੀ ਹੋਣੀ ਚਾਹੀਦੀ ਹੈ। ਇਸ ਮਿਸ਼ਰਨ ਨੂੰ 15 ਮਿੰਟਾਂ ਤੱਕ ਚਿਹਰੇ ‘ਤੇ ਲੱਗਾ ਰਹਿਣ ਦਿਓ ਤੇ ਫਿਰ ਸਾਫ਼ ਪਾਣੀ ਨਾਲ ਚਿਹਰਾ ਧੋ ਲਓ।
ਸੰਤਰੇ ਦੇ ਛਿਲਕੇ ਦਾ ਪਾਊਡਰ ਤੇ ਗੁਲਾਬ ਜਲ
ਸੰਤਰੇ ਦੇ ਛਿਲਕੇ ਨੂੰ ਧੁੱਪ ਵਿੱਚ ਸੁਕਾ ਕੇ ਪੀਸ ਲਓ। ਇਹ ਪਾਊਡਰ ਚਮੜੀ ਵਿੱਚ ਨਿਖਾਰ ਲਿਆਉਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਲੋੜੀਂਦੀ ਮਾਤਰਾ ਵਿੱਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜੋ ਮੁਹਾਸਿਆਂ ਦੀ ਸਮੱਸਿਆ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ। ਇਸ ਪਾਊਡਰ ਵਿੱਚ ਥੋੜ੍ਹੀ ਜਿਹੀ ਮਾਤਰਾ ਵਿੱਚ ਗੁਲਾਬ ਜਲ ਮਿਲਾ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਨੂੰ ਥੋੜ੍ਹੀ ਦੇਰ ਲਈ ਪ੍ਰਭਾਵਿਤ ਚਮੜੀ ‘ਤੇ ਲਗਾ ਕੇ ਕੋਸੇ ਪਾਣੀ ਨਾਲ ਧੋ ਲਓ।
ਚੰਦਨ ਪਾਊਡਰ ਤੇ ਗੁਲਾਬ ਜਲ
ਚੰਦਨ ਪਾਊਡਰ ਦੇ ਨਾਲ-ਨਾਲ ਗੁਲਾਬ ਜਲ ਲਗਾਉਣ ਨਾਲ ਇੱਕ ਪਾਸੇ ਜਿੱਥੇ ਚਿਹਰੇ ‘ਤੇ ਨਿਖਾਰ ਆਉਂਦਾ ਹੈ, ਉੱਥੇ ਹੀ ਮੁਹਾਸਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਚੰਦਨ ਪਾਊਡਰ ਵਿੱਚ ਐਂਟੀ-ਬੈਕਟੀਰੀਆ ਗੁਣ ਹੁੰਦਾ ਹੈ, ਜੋ ਬੈਕਟੀਰੀਆ ਪੈਦਾ ਹੀ ਨਹੀਂ ਹੋਣ ਦਿੰਦਾ।
ਮੁਲਤਾਨੀ ਮਿੱਟੀ ਤੇ ਗੁਲਾਬ ਜਲ
ਰੂਪ ਨਿਖਾਰਨ ਲਈ ਮੁਲਤਾਨੀ ਮਿੱਟੀ ਦੀ ਵਰਤੋਂ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ। ਇਸ ਨੂੰ ਗੁਲਾਬ ਜਲ ਨਾਲ ਮਿਲਾ ਕੇ ਲਗਾਉਣ ‘ਤੇ ਇੱਕ ਪਾਸੇ ਜਿੱਥੇ ਚਮੜੀ ਵਿੱਚ ਨਿਖਾਰ ਆਉਂਦਾ ਹੈ, ਉੱਥੇ ਹੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।

Tags: