ਸ਼ਬਦ, ਸਵਾਲ, ਵਿਦਰੋਹ ਅਤੇ ਇਨਕਲਾਬ

-: ਗੁਰਦੇਵ ਸਿੰਘ ਸੱਧੇਵਾਲੀਆ
ਇਨਕਲਾਬ ਦੀ ਬੁਨਿਆਦ ਵਿਦਰੋਹ ਹੈ। ਇਨਕਲਾਬ ਹੁੰਦਾ ਹੀ ਵਿਦਰੋਹ ਵਿਚੋਂ ਹੈ। ਪਹਿਲਾਂ ਵਿਦਰੋਹ ਹੋਊ ਤਾਂ ਇਨਕਲਾਬ ਹੋਊ। ਜਿਥੇ ਵੀ ਇਨਕਲਾਬ ਹੋਇਆ ਪਹਿਲਾਂ ਵਿਦਰੋਹ ਹੋਇਆ। ਜਿਥੇ ਤੁਸੀਂ ਕਿਸੇ ਇਨਕਲਾਬ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਕਰਨੀਆਂ ਹੋਣ ਉਥੇ ਵਿਦਰੋਹ ਦਾ ਬੀਜ ਨਾਸ ਕਰ ਦਿਓ।
ਵਿਦਰੋਹ ਸਵਾਲ ਵਿਚੋਂ ਪੈਦਾ ਹੁੰਦਾ ਹੈ ਤੇ ਸਵਾਲ ਸ਼ਬਦ ਵਿਚੋਂ ਭਾਵ ਵਿਚਾਰ ਵਿਚੋਂ.. ਸ਼ਬਦ ਮਨੁੱਖ ਨੂੰ ਸੋਝੀ ਵੱਲ ਲਿਜਾਂਦਾ ਹੈ, ਸੋਝੀ ਸਵਾਲ ਖੜਾ ਕਰਦੀ ਹੈ ਤੇ ਸਵਾਲ ਵਿਦਰੋਹ ਨੂੰ ਜਗਾਉਂਦਾ ਹੈ। ਕੋਈ ਵੀ ਹਕੂਮਤ ਜਾਂ ਧਾਰਮਿਕ ਲੋਕ ਸਵਾਲ ਨਹੀਂ  ਚਾਹੁੰਦੇ। ਇਸੇ ਕਰਕੇ ਹੀ ਉਹ ਸ਼ਬਦ-ਵਿਚਾਰ ਨਹੀਂ  ਚਾਹੁੰਦੇ। ਯਾਣੀ ਮਨੁੱਖ ਨੂੰ ਪ੍ਰਜਾ ਨੂੰ ਸੋਝੀ ਹੀਣਾ ਰੱਖਣਾ..  ਪਸ਼ੂ ਵਰਗਾ ਬਣਾ ਕੇ ਰੱਖਣਾ..
ਸ਼ਬਦ ਵਿਚਾਰ ਨੂੰ ਮਨਫੀ ਕਰਨ ਲਈ ਮੂਰਤੀਆਂ ਖੜੀਆਂ ਕਰ ਦਿੱਤੀਆਂ। ਇਹ ਪਾਂਡਿਆਂ ਦਾ ਪੁਰਾਣਾ ਤੇ ਹੰਡਿਆ ਤਰੀਕਾ ਸੀ ਕਿ ਸ਼ਬਦ ਵਿਚਾਰ ਨੂੰ ਮਾਰਨਾ ਹੈ ਤਾਂ ਮੂਰਤੀ ਖੜੀ ਕਰ ਦਿਓ। ਮੂਰਤੀ ਭਾਵੇਂ ਹਜ਼ਾਰਾਂ ਸਾਲ ਖੜੀ ਕਰੀ ਰੱਖੋ ਉਹਨੇ ਬੋਲਣਾ ਥੋੜੋ ਆ। ਧਾਰਮਿਕ ਤ੍ਰਿਪਤੀ ਲਈ ਮਨੁੱਖ ਨੂੰ ਕੁਝ ਤਾਂ ਚਾਹੀਦਾ, ਕੁਝ ਚਾਹੀਦਾ ਤਾਂ ਉਹ ਦਿਓ ਜੋ ਬੋਲੇ ਨਾ! ਪਰ ਸ਼ਬਦ ਤਾਂ ਬੋਲਦਾ। ਸਵਾਲ ਖੜੇ ਕਰਦਾ। ਇਹ ਤਾਂ ਪਾਂਡਿਆਂ ਦੀ ਰੀਤ ਹੈ.. ਪਰ  ਆਪਣੇ ਵਾਲੇ ‘ਸੰਤ’ ਭਾਵ ਡੇਰੇਦਾਰ ਕਿਉਂ ਮੂਰਤੇ ਖੜੇ ਕਰੀ ਜਾ ਰਹੇ ਨੇ। ਵੱਡੇ ਬੁੱਤ, ਵੱਡੀਆਂ ਮੂਰਤੀਆਂ। ਉਹ ਵੀ ਸ਼ਬਦ ਨੂੰ ਮਾਰਨਾ ਚਾਹੁੰਦੇ ਨੇ ਕਿਉਂਕਿ ਉਹ ਸ਼ਬਦ ਤੋਂ ਡਰਦੇ ਨੇ। ਸ਼ਬਦ ਦਾ ‘ਅਲਟਰਨੇਟਰ’  ਮੂਰਤੀ ਦੇ ਦਿੱਤੀ ਲੋਕਾਂ ਨੂੰ। ਉਸ ਨੂੰ ਪਤੈ ਸ਼ਬਦ ਸੋਝੀ ਪੈਦਾ ਕਰੇਗਾ, ਸੋਝੀ ਵਿਚੋਂ ਸਵਾਲ ਆਵੇਗਾ ਤੇ ਸਵਾਲ ਦਾ ਮੱਤਲਬ ਵਿਦਰੋਹ! ਵਿਦਰੋਹ ਡੇਰਾ ਨਹੀਂ  ਛੱਡੇਗਾ! ਉਹ ਮੇਰੇ ਠੰਡੇ ਭੋਰਿਆਂ ਤੱਕ ਪੁੱਟ ਮਾਰੇਗਾ।
ਡੇਰਾ ਕਹਿੰਦਾ ਸਾਡੇ ਬਾਬਾ ਜੀ ਕਹਿੰਦੇ ਬਹਿਸ ਨਹੀਂ  ਕਰਨੀ ਭਾਈ ਕਿਸੇ ਨਾਲ! ‘ਬਾਬਾ ਸਿਆਣਾ ਉਨ ਾਂ ਦਾ। ਬਹਿਸ ਯਾਣੀ ਸਵਾਲ! ਸਵਾਲ ਹੋਵੇਗਾ ਤਾਂ ਜਵਾਬ ਵੀ ਤਾਂ ਦੇਣਾ ਪਵੇਗਾ!’
ਦੋ ਤਰਾਂ ਦੇ ਲੋਕ ਸ਼ਬਦ ਤੋਂ ਡਰਦੇ ਨੇ ਯਾਣੀ ਸੋਝੀ ਤੋਂ ਡਰਦੇ ਨੇ। ਡੇਰਾ ਅਤੇ ਸਮੇਂ ਦੀ ਸਰਕਾਰ! ਦੋਵਾਂ ਦੇ ਹਿੱਤ ਸਾਂਝੇ ਨੇ। ਦੋਵੇਂ ਲੁਟੇਰੇ ਨੇ। ਦੋਵੇਂ ਲੋਕਾਂ ਉਪਰ ਨਿਰਭਰ ਹਨ। ਦੋਵਾਂ ਦਾ ਭਲਾ ਲੋਕਾਂ ਨੂੰ ਮੂਰਖ ਰੱਖਣ ਵਿਚ ਹੈ। ਪਰ ਸ਼ਬਦ ਮਨੁੱਖ ਨੂੰ ਮੂਰਖ ਹੋਣ ਤੋਂ ਬਚਾਉਂਦੈ। ਇਹਦੇ ਤੋਂ ਬਿਨਾ ਬੰਦਾ ਸੱਚਮੁੱਚ ਹੀ ਮੂਰਖ ਹੈ। ਜਿਸ ਕੋਲੇ ਸ਼ਬਦ ਵਿਚਾਰ ਨਹੀਂ ਉਸ ਵਿਚ ਤੇ ਪਸ਼ੂ ਵਿਚ ਕੋਈ ਫਰਕ ਨਹੀਂ।
ਧਾਰਮਿਕ ਦੁਨੀਆਂ ਵਿਚ ਵੀ ਅਤੇ ਦੁਨਿਆਵੀ ਵਿਚ ਵੀ ਸ਼ਬਦ ਦਾ ਬੋਲ ਬਾਲਾ ਰਿਹਾ ਅਤੇ ਰਹੇਗਾ। ਸਾਇੰਸ ਵੀ ਸਾਰੀ ਸਵਾਲ ਉਪਰ ਖੜੀ ਹੈ। ਕਿਉਂ, ਕਿਵੇਂ, ਕਿਥੇ? ਸਾਇੰਸ ਦਾ ਬੇਸ ਹੀ ਸਵਾਲ ਹੈ। ਅੱਜ ਜਿੰਨੀ ‘ਟੈਕਨੌਲਜੀ’ ਤੁਸੀਂ ਦੇਖ ਰਹੇ ਹੋ ਇਹ ਸਵਾਲ ਵਿਚੋਂ ਆਈ ਹੈ ਤੇ ਸਵਾਲ ਪੈਦਾ ਕਿਥੋਂ ਹੋਇਆ?
ਪਸ਼ੂ ਕੋਲੇ ਸ਼ਬਦ ਨਹੀਂ ਅਤੇ ਉਹ ਜੋ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਸੀ ਉਹੀ ਅੱਜ ਹੈ। ਉਸ ਦੇ ਜੀਵਨ ਢੰਗ ਵਿਚ ਕੋਈ ਵਿਕਾਸ ਨਹੀਂ  ਹੋਇਆ ਕਿਉਂਕਿ ਉਹ ਗੂੰਗਾ ਹੈ। ਗੂੰਗੀਆਂ ਕੌਮਾਂ ਦਾ ਕੋਈ ਵਿਕਾਸ ਨਹੀਂ  ਹੋ ਸਕਦਾ। ਹਿੰਦੋਸਤਾਨ ਪਛੜਿਆ ਕਿਉਂ? ਕਿਉਂਕਿ ਸ਼ਬਦ ਦੀ ਅਜਾਰੇਦਾਰੀ ਕੇਵਲ ਤੇ ਕੇਵਲ ਬ੍ਰਾਹਮਣ ਦੇ ਹੱਥ ਸੀ। ਬਾਕੀ ਪੂਰੀ ਖਲਕਤ ਗੂੰਗੀ ਬਣਾਈ ਹੋਈ ਸੀ।
ਕਿਸੇ ਵੀ ਕ੍ਰਾਂਤੀ ਜਾਂ ਵਿਦਰੋਹ ਨੂੰ ਮਾਰਨਾ ਹੈ ਤਾਂ ਸ਼ਬਦ ਨੂੰ ਮਾਰ ਦਿਓ। ਇਤਿਹਾਸ ਗਵਾਹ ਹੈ ਕਿ ਕੌਮਾਂ ਨੂੰ ਮਾਰਨ ਲਈ ਹਮੇਸ਼ਾਂ ਉਨਾਂ ਦੀਆਂ ਲਾਇਬ੍ਰੇਰੀਆਂ ਤਬਾਹ ਕੀਤੀਆਂ ਜਾਦੀਆਂ ਰਹੀਆਂ। ਕਿਤਾਬਾਂ ਨੇ ਕਿਹੜੇ ਹਥਿਆਰ ਚੁੱਕਣੇ ਹੁੰਦੇ ਨੇ, ਪਰ ਕਿਉਂਕਿ ਉਥੈ ਸਬਦ ਹਨ ਉਨਾਂ ਸ਼ਬਦਾਂ ਵਿਚ ਬਗਾਵਤ ਹੈ। ਨਾਦਰ ਸ਼ਾਹ ਦਾ ਰਾਹ ਰੋਕਣ ਵਾਲੇ ਕੋਈ ਰਾਤੋ ਰਾਤ ਨਹੀਂ ਪੈਦਾ ਹੋ ਗਏ। ਅਬਦਾਲੀ ਨੂੰ ਭਾਜੜਾਂ ਪਾਉਣ ਵਾਲਿਆਂ ਦੀ ਜੁਅਰਤ ਕਿਸੇ ਬੁੱਤ ਵਿਚੋਂ ਨਹੀਂ ਸੀ ਆਈ।

ਸ਼ਬਦ ਵਿਚਾਰ ਨੇ ਲੁੱਟ ਹੋਇਆਂ ਅੰਦਰਲੀ ਸੋਝੀ ਨੂੰ ਜਗਾਇਆ,  ਕਿ ਇਹ ਕਿਉਂ ਲੁਟੱਣ ਵਾਲੇ ਤੇ ਮੈਂ ਕਿਉਂ ਲੁੱਟਿਆ ਜਾਣ ਵਾਲਾ?
ਜਿੱਥੇ ਵੀ ਸ਼ੂਦਰ ਨੂੰ ਸ਼ਬਦ ਵਿਚਾਰ ਦੀ ਜਾਗ ਲੱਗੀ, ਤਾਂ ਉਸ ਨੇ ਸਵਾਲ ਕੀਤਾ, ਮੈਂ ਨੀਚ ਕਿਵੇਂ ਆਹ ਪੰਡੀਆ ਕਿਵੇਂ ਉੱਚਾ। ਵਾਕਿਆ ਹੀ ਇਸ ਦੇ ਕਿਹੜੇ ਸਿੰਗ ਲੱਗੇ ਜਿਹੜੇ ਮੇਰੇ ਨਹੀਂ ।
ਸ਼ਬਦ ਨੇ ਸਵਾਲ ਦਾ ਹਥਿਆਰ ਦਿੱਤਾ। ਜਦ ਹਥਿਆਰ ਆ ਜਾਏ ਤੁਸੀਂ ਦਲੇਰ ਹੋ ਜਾਂਦੇ ਹੋਂ। ਉਹ ਦਲੇਰੀ ਜਦ ਵਿਦਰੋਹ ਵਿਚ ਬਦਲੀ ਤਾਂ ਵਿਦਰੋਹ ਬਰਛਾ ਗੱਡ ਕੇ ਖੜ ਗਿਆ। ਉਨਾਂ ਗਜ਼ਨਵੀਆਂ ਅੱਗੇ, ਜਿਹੜੇ ਕੇਵਲ ਪੰਜ ਪੰਜ ਸੌ ਪੂਰੇ ਮੁਲਖ ਨੂੰ ਭੇਡਾਂ ਵਾਂਗ ਮੂਹਰੇ ਲਾਈ ਫਿਰਦੇ ਸਨ।
ਅੱਜ ਦੇ ਗਜਨਵੀਆਂ ਭਾਵ ਡੇਰਿਆਂ ਦੇ ਸੰਤਾਂ ਦੀ ਗੱਲ ਕਰੀਏ ਤਾਂ ਅੱਜ ਇਹਨਾਂ ਨੂੰ ਹਕੂਮਤਾਂ ਕਿਉਂ ਥਾਪੜਾ ਦਿੰਦੀਆਂ। ਹਿੰਦੋਸਤਾਨ ਵਿਚ ਉਨੇ ਅਵਾਰਾ ਪਸ਼ੂ ਨਹੀਂ  ਜਿੰਨੇ ਸਾਧ ਬੂਬਨੇ ਨੇ,  ਜਿਹੜੇ ਮਨੁੱਖ ਨੂੰ ਸ਼ਬਦ ਵਿਚਾਰ  ਤੋਂ ਦੂਰ ਕਰਦੇ ਨੇ। ਉਹ ਮੂਰਤੀਆਂ ਦਾ, ਗੱਪਾਂ ਦਾ, ਝੂਠਾਂ ਦਾ, ਦਰਗਾਹਾਂ ਤੇ ਸੱਚਖੰਡਾਂ ਦਾ ਅਜਿਹਾ ਜਾਲ ਮਨੁੱਖ ਦੁਆਲੇ ਬੁਣਦੇ ਨੇ ਕਿ ਉਹ ਸ਼ਬਦ ਵਿਚਾਰ ਵਾਲੇ ਪਾਸੇ ਜਾਣੋ ਹੀ ਹਟ ਜਾਂਦਾ ਹੈ। ਸਾਧ ਲਾਣਾ ਮਨੁੱਖ ਨੂੰ ਸੰਮੋਹਣ ਕਰ ਲੈਂਦਾ ਹੈ। ਉਸ ਦੇ ਮਨੁੱਖ ਨੂੰ ਦਿਖਾਏ ਜਾ ਰਹੇ ਸੁਪਨੇ ਇਨੇ ਸੰਮੋਹਿਕ ਹੁੰਦੇ ਕਿ ਮਨੁੱਖ ਸਿਰ ਤੋਂ ਭਾਰ ਚੁੱਕ ਲੈਂਦਾ। ਉਸ ਨੂੰ ਜਾਪਦਾ ਹੁੰਦਾ ਕਿ ਹੌਲਾ ਹੋ ਰਿਹਾਂ। ਸ਼ਾਂਤੀ! ਮੈਡੀਟੇਸ਼ਨ! ਸਾਹ ਅੰਦਰ! ਸਾਹ ਬਾਹਰ! ਵਾਹ ਨਾਲ ਅੰਦਰ! ਗੁਰੂ ਨਾਲ ਬਾਹਰ! ਪਰ ਉਸ ਨੂੰ ਪਤਾ ਨਹੀਂ  ਕਿ ਇਹ ਤਾਂ ਨੀਂਦ ਸੀ। ਤਾਂ ਨੀਂਦ ਲਈ ਇਨੇ ਯੱਭਾਂ ‘ਚ ਪੈਣ ਦੀ ਕੀ ਲੋੜ ਸੀ ਇਕ ਗੋਲ਼ੀ ਖਾਂਦਾ ਸੌਂ ਜਾਂਦਾ।

ਜੇ ਕਿਸੇ ਕੌਮ ਨੂੰ ਤੁਸੀਂ ਮਾਰਨਾ ਤਾਂ ਉਸ ਨੂੰ ਸ਼ਬਦ ਵਿਚਾਰ ਤੋਂ ਦੂਰ ਕਰ ਦਿਓ। ਉਸ ਹੱਥ ਟੱਲੀਆਂ ਫੜਾ ਦਿਓ। ਉਸ ਦੀਆਂ ਅੱਖਾਂ ਬੰਦ ਕਰ ਦਿਓ। ਆਹ ਇਕੋਤਰ ਸੌ ਸਿਮਰਨਾਂ ਵਾਲੇ, ਚੁਪਹਿਰਿਆਂ ਤੇ ਦੁਪਹਿਰਿਆਂ ਵਾਲੇ, ਕੋਤਰੀਆਂ ਤੇ ਸੰਪਟਾਂ ਵਾਲੇ, ਮੂਰਤੀਆਂ ਤੇ ਭੋਗਾਂ ਵਾਲੇ, ਅੱਖਾਂ ਹੀ ਤਾਂ ਬੰਦ ਕਰ ਰਹੇ ਨੇ ਤੁਹਾਡੀਆਂ। ਸ਼ਾਂਤੀ ਦੇ ਨਾਂ ‘ਤੇ ਵਿਦਰੋਹ ਮਾਰ ਰਹੇ ਨੇ ਕੌਮ ਵਿਚੋਂ! ਨਹੀਂ ਤਾਂ ਕਿਹੜਾ ਰੱਬ ਹੈ, ਜਿਹੜਾ ਬੱਤੀਆਂ ਬੰਦ ਕਰਨ ‘ਤੇ ਈ ਮਿਲਦਾ, ਕਿਹੜੇ ਰੱਬ ਦੀਆਂ ਅੱਖਾਂ ਚਾਨਣ ਨਾਲ ਚੁਧਿੰਆਈ ਜਾਂਦੀਆਂ ਨੇ, ਜਿਹੜਾ ਰੱਬ ਐ ਜਿਹੜਾ ਲੋਹੇ ਦੇ ਬਾਟਿਆਂ ਵਿਚ ਕੁਝ ਖਾਣ ਨਾਲ ਮਿਲਦੇ, ਪਰ ਮਿੱਟੀ ਕੱਚ ਦੇ ਭਾਂਡਿਆਂ ‘ਚ ਖਾਣ ਨਾਲ ਦੂਰ ਨੱਸਦੈ..??

ਅਸਲ ਗੱਲ ਤਾਂ ਮਿੱਤਰੋ ਮਨੁੱਖ ਦੀ ਸਿਆਣਪ ਮਾਰ ਕੇ ਉਸ ਦੇ ਅੰਦਰ ਦੇ ਸਵਾਲ ਤੇ ਫੇਰ ਸਵਾਲਾਂ ਵਿਚੋਂ ਉਠਿਆ ਵਿਦਰੋਹ ਮਾਰਨ ਦੀ ਹੈ..
ਤੁਸੀਂ ਕਦੇ ਸਾਧ ਦੇ ਚੇਲੇ ਨੂੰ ਸਵਾਲ ਕਰਦਾ ਦੇਖਿਆ? ਤੇ ਸਾਧ ਜਵਾਬ ਦਿੰਦਾ ਦੇਖਿਆ?
ਸਵਾਲ ਕਰਨ ਵਾਲੇ ਨੂੰ ਗਿਆਨੀ ਕਹਿ ਕੇ ਮਖੌਲ ਉਡਾਇਆ ਜਾਂਦੈ, ਗਿਆਨੀ ਮਤਲਬ ਨਾਸਤਿਕ!
ਆਖਰ ਵਿੱਚ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਾਗੋ,, ਵਿਚਾਰਾਂ ਦੇ ਲੜ ਲੱਗੋ..
ਵਿਚਾਰ ਮਰ ਰਿਹੈ, ਕੌਮ ਵਿਚੋਂ ਵਿਦਰੋਹ ਮਰ ਰਿਹੈ ਕਿਉਂਕਿ ਮੂਰਤੀਆਂ ਵਧ ਰਹੀਆਂ ਨੇ। ਟੱਲੀਆਂ ਦਾ ਸ਼ੋਰ ਵਧ ਰਿਹੈ। ਚਿਮਟੇ-ਢੋਲਕੀਆਂ ਦਾ ਖੌਰੂ ਉੱਚਾ ਹੋ ਰਿਹੈ। ਬੱਤੀਆਂ ਬੰਦ ਹੋਈ ਜਾਦੀਆਂ ਨੇ ਤੇ ਕਦੇ ਹਨੇਰਿਆਂ ਵਿਚੋਂ ਵੀ ਵਿਦਰੋਹ ਹੁੰਦੇ ਸੁਣੇ ਨੇ..??