ਸਾਧ ਦਾ ਇਕ ਪਪੀਤਾ ਪੰਜ ਹਜ਼ਾਰ ਦਾ ਵਿਕਦਾ ਸੀ..!!

-ਅਮਨ
ਜੈਕੁਰ ਨੂੰ ਮਿਹਣਾ ਮਾਰਿਆ ਜਾਂਦੈ ਕਿ ਤੇਰਾ ਤਾਂ ਪਾਣੀ ਵੀ ਵਿੱਕਦੈ, ਤੇ ਮਾਹਤੜਾਂ ਦਾ ਦੁੱਧ ਵੀ ਨਹੀਂ..
ਜੈਕੁਰ ਦਾ ਪਾਣੀ ਵਿਕਦੈ ਜਾਂ ਨਹੀਂ ਇਹ ਤਾਂ ਇਹ ਲੋਕ ਬੋਲੀ ਘੜਨ ਵਾਲੇ ਜਾਣਦੇ ਹੋਣਗੇ, ਪਰ ਡੇਰਾ ਸਿਰਸਾ ਦੇ ਸਾਧ ਰਾਮ ਰਹੀਮ ਦੀ ਹਰੀ ਮਿਰਚ  ਹਜ਼ਾਰ ਰੁਪਏ ਦੀ ਵਿਕਦੀ ਸੀ, ਸ਼ਰਧਾ ‘ਚ ਅੰਨੇ ਹੋਏ ਭਗਤਾਂ ਨੂੰ ਬਾਬੇ ਦੇ ਹੱਥ ਲੱਗੀ ਚੀਜ਼ ਵਸਤ ਸੋਨੇ ਦੇ ਭਾਅ ਵੇਚੀ ਜਾਂਦੀ ਸੀ..
ਬਾਬੇ ਵਲੋਂ ਖੁਦ ਉਗਾਈ ਦਾ ਪ੍ਰਚਾਰ ਕਰਕੇ ਹਰੀ ਮਿਰਚ ਹਜ਼ਾਰ ਦੀ, ਮਟਰਾਂ ਦੇ 10 ਦਾਣੇ ਦੋ ਹਜ਼ਾਰ ਦੇ, 3 ਹਜ਼ਾਰ ਦਾ ਇਕ ਬੈਂਗਣ, 1 ਪਪੀਤਾ ਪੰਜ ਹਜ਼ਾਰ ਦਾ ਵੇਚਿਆ ਜਾਂਦਾ ਸੀ। ਬਾਬਾ ਤਾਂ ਜੁਆਕਾਂ ਤੇ ਜਵਾਨਾਂ ਦੀ ਯਾਦਦਾਸ਼ਤ ਵਧਾਉਣ ਲਈ ਆਯੁਰਵੈਦਿਕ ਟਾਨਿਕ ਵੀ ਵੇਚਦਾ ਸੀ। ਡੇਰੇ ਦੇ 151 ਪ੍ਰੋਡਕਟਸ 150-200 ਥਾਵਾਂ ‘ਤੇ ਵਿਕਦੇ ਸਨ। ਡੇਰੇ ਵਿੱਚ ਹਰ ਰੋਜ਼ ਹਜ਼ਾਰਾਂ ਪੈਰੋਕਾਰਾਂ ਲਈ ਲੰਗਰ ਬਣਦਾ ਸੀ, ਜਿਸ ਵਿੱਚ ਦਾਲ, ਸਬਜ਼ੀ, ਰੋਟੀ ਪਰੋਸੀ ਜਾਂਦੀ, ਚਾਹ ਦੇ ਨਾਲ ਬਿਸਕੁਟ ਤੇ ਹੋਰ ਲਜ਼ੀਜ਼ ਪਕਵਾਨ ਸਵੇਰੇ ਸ਼ਾਮ ਵਰਤਾਏ ਜਾਂਦੇ। ਸਾਰਾ ਸਮਾਨ ਡੇਰੇ ਵਿੱਚ ਹੀ ਤਿਆਰ ਹੁੰਦਾ।
ਡੇਰੇ ਵਿੱਚ ਆਉਂਦੇ ਮਰੀਜ਼ਾਂ ਲਈ ਵੱਖਰਾ ਡਾਈਟ ਚਾਰਟ ਤਿਆਰ ਹੁੰਦਾ, ਮਰੀਜ਼ਾਂ ਤੇ ਪੈਰੋਕਾਰਾਂ ਲਈ ਮਾਸ ਤੇ ਅੰਡੇ ਖਾਣ ਦੀ ਮਨਾਹੀ ਸੀ, ਡੇਰੇ ਦਾ ਤਰਕ ਸੀ ਕਿ ਜਦ ਸ਼ਾਕਾਹਾਰੀ ਖਾਣੇ ਵਿੱਚ ਸਾਰੇ ਪੌਸ਼ਟਿਕ ਤੱਤ ਮੌਜੂਦ ਹਨ, ਤਾਂ ਫੇਰ ਜੀਵ ਹੱਤਿਆ ਕਿਉਂ?
ਮਰੀਜ਼ਾਂ ਲਈ ਤਰਬੂਜ਼, ਖਰਬੂਜ਼ਾ, ਸੰਤਰਾ, ਸੇਬ, ਮੌਸੱਮੀ, ਅਨਰਾ ਆਦਿ ਫਲ ਮੁਹੱਈਆ ਕਰਵਾਏ ਜਾਂਦੇ, ਸਭ ਕੁਝ ਡੇਰੇ ਦੇ ਅੰਦਰ ਹੀ ਉਗਾਇਆ ਹੋਣ ਦਾ ਦਾਅਵਾ ਕੀਤਾ ਜਾਂਦਾ।
ਯੋਗਗੁਰੂ ਰਾਮਦੇਵ ਵਾਂਗ ਰਾਮ ਰਹੀਮ ਆਪਣੇ ਪ੍ਰੋਡਕਟਸ ਦੀ ਮਸ਼ਹੂਰੀ ਵੀ ਆਪ ਕਰਦਾ, ਦਵਾਈਆਂ ਦੀ ਬ੍ਰਾਂਡਿੰਗ ਵੀ ਕਰਦਾ ਸੀ। ਮੋਟਾਪਾ ਘਟਾਉਣ ਦੀ ਦਵਾਈ ਵੀ ਦਿੰਦਾ।
ਉਹ ਯਾਦਦਾਸ਼ਤ ਵਧਾਉਣ ਦਾ ਟੌਨਿਕ ਆਪ ਤਿਆਰ ਕਰਵਾਉਂਦਾ..
ਸਾਧ ਆਲਾ ਨੁਸਖਾ ਆਪਾਂ ਵੀ ਦੱਸ ਦਿੰਦੇ ਆਂ ਜੀਹਨੂੰ ਲੋੜ ਪਈ ਖਰਲ ਕਰ ਲਵੇ..
50 ਗ੍ਰਾਮ ਲੈ ਲਿਓ ਮੱਖਣ,
2 ਖਜੂਰਾਂ,
2-3 ਛੋਟੀ ਇਲਾਚੀਆਂ
10-15 ਬਦਾਮ
ਤੇ ਇਕ ਗ੍ਰਾਮ ਤਵਾਸੀਰ ਲੈ ਕੇ ਰਗੜ ਲਿਓ.. ਵਰਤ ਕੇ ਦੇਖ ਲਿਓ, ਜੇ ਨਾ ਫਰਕ ਪਿਆ ਤਾਂ ਸਾਧ ਖਿਲਾਫ ਲੋਕਾਂ ਨੂੰ ਗੁਮਰਾਹ ਕਰਨ ਦਾ ਇਕ ਹੋਰ ਮਾਮਲਾ ਬਣ ਸਕਦੈ..
ਮੋਟਾਪੇ ਦੇ ਮਰੀਜ਼ਾਂ ਲਈ ਬਣਿਆ ਡਾਈਟ ਚਾਰਟ ਵੀ ਹੈਗਾ. . ਪਰ ਉਹ ਕਦੇ ਫੇਰ ਸਾਂਝਾ ਕਰਾਂਗੇ..
ਇਹ ਵੀ ਮਾਮਲਾ ਵਾਹਵਾ ਚਰਚਾ ਵਿੱਚ ਹੈ ਕਿ ਸਾਧ 10 ਲੱਖ ਰੁਪਏ ਦੀ ਕੀਮਤ ਵਾਲੇ ਬੈਡ ਤੇ ਸੌਂਦਾ ਸੀ, ਚਾਦਰਾਂ ਤੇ ਸਿਰਾਹਣੇ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਸੀ,
ਵਕਤ ਵਕਤ ਦੀ ਗੱਲ ਹੈ, ਅੱਜ ਉਹਨੂੰ ਵਾਣ ਦਾ ਮੰਜਾ ਵੀ ਨਸੀਬ ਨਹੀਂ ਹੋ ਰਿਹਾ।