ਮਹਿੰਗਾਈ ਨੇ ਦਿੱਤਾ ਝੂਣਾ, ਚੱਟਣੀ ਹੋ ਗਈ ਦਾਲ ਸਲੂਣਾ

ਭਰਵੀਂ ਬਾਰਿਸ਼ ਨੇ ਸਬਜ਼ੀਆਂ ਦੇ ਭਾਅ ਦੁਗਣੇ ਤੋਂ ਵੀ ਵਧੇਰੇ ਕਰਵਾ ਦਿਤੇ ਅਤੇ ਮੱਧ ਵਰਗੀ ਪਰਿਵਾਰ ਲਈ ਚਟਣੀ ਦਾ ਸਵਾਦ ਵਧਾ ਦਿਤਾ , ਅੱਜ ਕੱਲ ਟਮਾਟਰ 100 ਰੁਪਏ, ਪਿਆਜ਼ 50 ਰੁਪਏ, ਕੱਦੂ 30 ਰੁਪਏ, ਭਿੰਡੀ 40 ਰੁਪਏ, ਟੀਂਡਾ 40 ਰੁਪਏ ਕਿਲੋ ਵਿਕ ਰਿਹਾ ਹੈ। ਬਹੁਤੇ ਪਰਿਵਾਰ ਚਟਣੀ ਨਾਲ ਗੁਜ਼ਾਰਾ ਕਰ ਰਹੇ ਹਨ।
ਵਿਚਕਾਰਲਾ ਬੰਦਾ ਦਰੜਿਆ ਹੀ ਜਾਂਦਾ , ਉਪਰਲੇ ਕੋਲ ਅੰਨਾ ਪੈਸਾ, ਹੇਠਲੇ ਕੋਲ ਕੋਈ ਵੀ ਨਾ। ਵਿਚਕਾਰਲਾ ਬੰਦਾ ਆਂਹਦਾ ਪੈਸਾ ਹੱਥਾਂ ਦੀ ਮੈਲ ਆ, ਆਈ ਚਲਾਈ ਹੁੰਦੀ ਰਹੂ। ਪਰ ਹੱਥਾਂ ਦੀ ਮੈਲ ਤਾਂ ਮੋਦੀ ਲਾਹੀ ਜਾਂਦਾ ਆ। ਕਦੇ ਨੋਟਬੰਦੀ ਲਿਆਕੇ ਵਿਚਕਾਰਲਿਆਂ ਦੀ ਨੌਕਰੀਆਂ ਗੁਆਈ ਜਾਂਦਾ ਆ ਅਤੇ ਕਦੇ ਜੀ ਐਸ ਟੀ ਲਾ ਕੇ ਲਾਲਿਆਂ ਦੀਆਂ ਹੱਟੀਆਂ ਨੂੰ ਤਾਲੇ ਲੁਆਈ ਜਾਂਦਾ ਆ। ਨਾ ਰਹੂ ਬਾਂਸ ਨਾ ਵੱਜੂ ਬਾਂਸਰੀ। ਨਾ ਰਹੂ ਨੌਕਰੀ, ਨਾ ਰਹੂ ਹੱਟੀ, ਨਾ ਰਹੂ ਧਨ। ਤਾਂ ਫਿਰ ਘਰ ਦੇ ਦੀਵੇ ਅੱਗੇ ਬੰਦਾ ਇਹ ਆਖਣ ਜੋਗਾ ਕਿਵੇਂ ਰਹੂ, ”ਦੀਵੜਿਆ ਘਰ ਜਾ ਆਪਣੇ, ਸੁੱਖ ਵਿਸਾਈਂ ਰਾਤ, ਗੱਡੇ ਲਿਆਂਵੀ ਧਨ ਦੇ, ਨਾਲ ਆਵੀਂ ਆਪ”
ਬਾਕੀ ਰਹਿੰਦੀ ਖੂੰਹਦੀ ਕਸਰ ਇੰਦਰ ਦੇਵਤਾ ਪੂਰੀ ਕਰੀ ਜਾਂਦਾ, ਮੋਦੀ ਮੈਲ ਲਾਹੀ ਜਾਂਦਾ, ਇੰਦਰ ਸੱਭੋ ਕੁੱਝ ਸਾਫ ਕਰੀ ਜਾਂਦਾ, ਸਬਜ਼ੀਆਂ ਵੀ, ਫਲ ਵੀ ਅਤੇ ਲੋਕ ਵਿਚਾਰੇ ਕਰਮਾਂ ਦੇ ਮਾਰੇ, ਬੱਸ ਕਿਸਮਤ ਨੂੰ ਝੂਰੀ ਜਾਂਦੇ ਆ। ਅਖੇ ”ਮਹਿੰਗਾਈ ਨੇ ਦਿੱਤਾ ਝੂਣਾ, ਚੱਟਣੀ ਹੋ ਗਈ ਦਾਲ ਸਲੂਣਾ”
ਇਹ ਹੈ ਸਭ ਕਾ ਸਾਥ ਸਭਕਾ ਵਿਕਾਸ!!!