ਸੁਖਬੀਰ ਜੀ! ਜਬਰ ਕੀ ਹੁੰਦਾ…?

ਜਸਪਾਲ ਸਿੰਘ ਹੇਰਾਂ
ਬਾਦਲ ਅਕਾਲੀ ਦਲ ਨੇ ਪੰਜਾਬ ‘ਚ ਜਬਰ ਵਿਰੋਧੀ ਲਹਿਰ ਸ਼ੁਰੂ ਕੀਤੀ ਹੈ। ਬਾਦਲ ਨੇ ਇਸ ਲਹਿਰ ਦੀ ਆਰੰਭਤਾ ਦਾ ਕਾਰਣ ਕੈਪਟਨ ਸਰਕਾਰ ਵੱਲੋਂ ਬਾਦਲਕਿਆਂ ਵਿੱਰੁਧ ਸਿਆਸੀ ਬਦਲਾਖੋਰੀ ਦੀ ਭਾਵਨਾ ਅਧੀਨ ਜਬਰ ਕਰਨਾ ਦੱਸਿਆ ਹੈ। ਅਸੀਂ ਸਭ ਤੋਂ ਪਹਿਲਾਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਿਆਸੀ ਬਦਲਾਖੋਰੀ ਦੇ ਘੋਰ ਵਿਰੋਧੀ ਹਾਂ ਅਤੇ ਇਸਨੂੰ ਲੋਕਤੰਤਰ ਦਾ ਨੰਗਾ-ਚਿੱਟਾ ਘਾਣ ਮੰਨਦੇ ਹਾਂ। ਬਦਲਾ ਲੈਣ ਵਾਲੀ ਧਿਰ ਚਾਹੇ ਉਹ ਕੋਈ ਵੀ ਹੋਵੇ, ਅਸੀਂ ਉਸਦੀ ਹਮੇਸ਼ਾ ਸਖ਼ਤ ਵਿਰੋਧਤਾ ਕੀਤੀ ਹੈ। ਪ੍ਰੰਤੂ ਸੁਖਬੀਰ ਬਾਦਲ ਵੱਲੋਂ ਆਰੰਭੀ “ਜ਼ਬਰ ਵਿਰੋਧੀ ਲਹਿਰ” ਨੂੰ ਹਾਸੋਹੀਣੀ ਮੰਨਦੇ ਹਾਂ। ਪਿਛਲੇ 10 ਸਾਲ ਪੰਜਾਬ ‘ਚ ਸੁਖਬੀਰ ਸਿੰਘ ਦਾ ਰਾਜ ਰਿਹਾ। ਬਿਨਾਂ ਸ਼ੱਕ ਪੰਜਾਬ ਨੂੰ, ਪੰਜਾਬੀਆਂ ਨੂੰ ਦੱਬ ਕੇ ਲੁੱਟਿਆ ਗਿਆ। 10 ਵਰਿਆਂ ‘ਚ ਪੰਜਾਬ ‘ਚ ਵਿਰੋਧੀ ਧਿਰਾਂ ਤੇ ਕਿੰਨੇ ਪਰਚੇ ਦਰਜ ਕੀਤੇ ਗਏ, ਜੇ ਉਸਦਾ ਲੇਖਾ-ਜੋਖਾ ਪੇਸ਼ ਕੀਤਾ ਜਾਵੇ ਤਾਂ ਜ਼ਬਰ ਵਿਰੋਧੀ ਲਹਿਰ ‘ਚ ਭਾਗ ਲੈਣ ਵਾਲੇ ਬਾਦਲਕੇ ਵੀ ਖੁਦ ਹੀ ਸ਼ਰਮਸ਼ਾਰ ਹੋ ਜਾਣਗੇ। ਜਿਸ ਰਾਜ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੰਤਰ ਬੇਅਦਬੀ ਹੁੰਦੀ ਰਹੀ ਅਤੇ ਬੇਅਦਬੀ ਦਾ ਵਿਰੋਧ ਕਰਦੀਆਂ ਸਿੱਖ ਸੰਗਤਾਂ ਤੇ ਕਿੰਨੇ ਪਰਚੇ ਦਰਜ ਹੋਏ, ਕਿੰਨਿਆਂ ਨੂੰ ਲਾਠੀਆਂ ਅਤੇ ਅੱਥਰੂ ਗੈਸਾਂ ਦਾ ਸ਼ਿਕਾਰ ਹੋਣਾ ਪਿਆ, ਕਿੰਨਿਆ ਨੂੰ ਪੁਲਿਸ ਗੋਲੀ ਨਾਲ ਸ਼ਹੀਦ ਹੋਣਾ ਪਿਆ, ਉਸਦਾ ਲੇਖਾ- ਜੋਖਾ ਵੀ ਸੁਖਬੀਰ ਨੂੰ ਜ਼ਬਰ ਵਿਰੁੱਧ ਬੋਲਣ ਜੋਗਾ ਨਹੀਂ ਛੱਡਦਾ।
ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਸਮੇਂ ਪੁਲਿਸ ਤਸ਼ੱਦਦ ਦੀ ਕਹਾਣੀ, ਕਿਸੇ ਤੋਂ ਲੁਕੀ ਛੁਪੀ ਨਹੀਂ। ਇੱਕ 93 ਸਾਲ ਦੇ ਬਜ਼ੁਰਗ ਨੂੰ ਇਸਦਾ ਸ਼ਿਕਾਰ ਹੋਣਾ ਪਿਆ,ਉਸ ਨੂੰ ਕਿਹੜੇ ਜਬਰ ‘ਚ ਸ਼ਾਮਲ ਕੀਤਾ ਜਾ ਸਕਦਾ ਹੈ? ਕਾਂਗਰਸੀ ਵਰਕਰਾਂ ਤੇ ਤਾਂ ਸਥਾਨਿਕ ਪੱਧਰ ਦੀ ਕਿੜਬਾਜ਼ੀ ਕੱਢਣ ਲਈ ਪਰਚੇ ਦਰਜ ਹੋਏ ਹੋਣਗੇ, ਪ੍ਰੰਤੂ ਪੰਥਕ ਤੇ ਪੰਜਾਬ ਦੇ ਹਕੀਕੀ ਮੁੱਦਿਆਂ ਨੂੰ ਦਬਾਉਣ ਲਈ ਜਿਹੜਾ ਜਬਰ, ਸੁਖਬੀਰ ਦੀ ਹੈਂਕੜ ਕਾਰਣ ਹੋਇਆ। ਉਹ ਕਿਵੇਂ ਭੁਲਾਇਆ ਜਾ ਸਕਦਾ ਹੈ? ਪੰਜਾਬੀ ਦੀ ਕਹਾਵਤ ਹੈ ਕਿ “ਛੱਜ ਤਾਂ ਬੋਲੇ, ਛਾਣਨੀ ਕੀ ਬੋਲੈ?” ਸਰਕਾਰੀ ਹੈਂਕੜ ਕਾਰਣ ਵਿਰੋਧੀਆਂ ਦੇ ਮੂੰਹ ਨੂੰ ਬੰਦ ਕਰਨ ਲਈ, ਸੁਖਬੀਰ ਦੇ ਜਬਰ ਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਅਸੀਂ ਇਹ ਵੀ ਨਹੀਂ ਆਖਾਂਗੇ ਕਿ “ਜਿਹਾ ਬੀਜੋਗੇ, ਤੇਹਾ ਵੱਢੋਗੇ” ਕਿਉਂਕਿ ਸਿਆਸੀ ਬਦਲਾਖੋਰੀ ਨੂੰ ਅਸੀਂ ਕਿਵੇਂ ਵੀ ਹਮਾਇਤ ਨਹੀਂ ਕਰ ਸਕਦੇ। ਪ੍ਰੰਤੂ ਅੱਜ ਜਦੋਂ ਸੁਖਬੀਰ ਬਾਦਲ “ਜਬਰ ਵਿਰੋਧੀ ਰੈਲੀਆਂ” ਜਿਨਾਂ ‘ਚ ਮੂੰਹ ਮੁਲਾਹਜ਼ੇ ਵਾਲੇ ਬਾਦਲ ਦਲੀਏ ਹੀ ਸ਼ਾਮਿਲ ਹੁੰਦੇ ਹਨ, ਉਹਨਾਂ ਰੈਲੀਆਂ ‘ਚ ਸਰਕਾਰੀ ਜ਼ਬਰ ਦਾ ਰੋਣਾ ਰੋਂਦਾ ਹੈ ਤਾਂ ਕਿਤੇ ਨਾ ਕਿਤੇ ਉਸਨੂੰ ਆਪਣੀਆਂ ਕੀਤੀ ਵੀ ਯਾਦ ਆਉਂਦੀਆਂ ਹੋਣਗੀਆਂ।
ਦੂਸਰਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹਰ ਚੜਦੇ ਸੂਰਜ ਪੰਜਾਬ ‘ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਹੋ ਰਹੀਆਂ ਘੱਟੋ-ਘੱਟ ਤਿੰਨ-ਚਾਰ ਖੁਦਕੁਸ਼ੀਆਂ ਦੀ ਹੈ। ਪੰਜਾਬ ਦਾ ਕਿਸਾਨ ਜਿਸਨੂੰ ਅੰਨਦਾਤਾ ਆਖਿਆ ਜਾਂਦਾ ਹੈ, ਅੱਜ ਸਿਵਿਆਂ ਦੇ ਰਾਹ ਤੁਰਿਆ ਹੋਇਆ ਹੈ। ਪੰਜਾਬ ‘ਚ ਚਾਰੇ ਪਾਸੇ ਸੱਥਰ ਵਿਛੇ ਹੋਏ ਹਨ ਤੇ ਵੈਣਾਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਗੁਰੂਆਂ ਦੇ ਨਾਮ ਹੱਸਦਾ-ਵੱਸਦਾ ਪੰਜਾਬ ਆਖ਼ਰ ਸਿਵਿਆਂ ਦੇ ਰਾਹ ਕਿਉਂ ਪੈ ਗਿਆ? ਸੁਖਬੀਰ ਨੇ 10 ਸਾਲ ਪੰਜਾਬ ‘ਤੇ ਰਾਜ ਕੀਤਾ ਉਸਦੇ ਰਾਜ ‘ਚ ਵੀ ਖ਼ਾਸ ਕਰਕੇ ਉਸਦੇ ਆਪਣੇ ਜਿਲਿਆਂ ਵਿਚ ਖੁਦਕੁਸ਼ੀਆਂ ਨਿਰੰਤਰ ਹੁੰਦੀਆਂ ਰਹੀਆਂ। ਨਾ ਤਾਂ ਉਸਨੇ ਕੱਲ ਜਦੋਂ ਉਹ ਹਾਕਮ ਸੀ, ਉਦੋਂ ਕਿਸਾਨਾਂ ਦੇ ਚਿੜੀਆਂ ਵਾਂਗੂੰ ਮਰਨ ਦੀ ਚਿੰਤਾ ਕੀਤੀ ਤੇ ਨਾ ਹੀ ਉਹ ਅੱਜ ਕਰਦਾ ਜਾਪਦਾ ਹੈ। ਜੇ ਉਸਨੂੰ ਪੰਜਾਬ ‘ਚ ਖੁਦਕਸ਼ੀਆਂ ਦੀ ਭਿਆਨਕ, ਦੁਖਦਾਈ ਖੁਦਕੁਸ਼ੀ ਲਹਿਰ ਦਾ ਥੋੜਾ ਜਿੰਨਾਂ ਵੀ ਅਹਿਸਾਸ ਹੁੰਦਾ ਤਾਂ ਉਹ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਮੋੜਨ ਲਈ ਉਨਾਂ ਦਾ ਸਹਾਰਾ ਬਣਨ ਲਈ ”ਆਓ! ਜੀਵੀਏ” ਦੀ ਲਹਿਰ ਅਰੰਭਦਾ। ਕਿਸਾਨਾਂ ‘ਚ ਨਿਰਾਸ਼ਤਾ ਦੂਰ ਕਰਕੇ, ਜਿੳੂਣ ਦੀ ਚਾਹਤ ਪੈਦਾ ਕਰਦਾ। ਪ੍ਰੰਤੂ ਸਿਆਸੀ ਆਗੂਆਂ ਨੇ ਸਿਰਫ਼ ਸਿਆਸੀ ਖੇਡ  ਖੇਡਣੀ ਹੁੰਦੀ ਹੈ। ਉਨਾਂ ਨੇ ਆਪਣੇ ਲਈ ਰਾਜਸੀ ਲਾਹਾ ਲੱਭਣਾ ਹੁੰਦਾ ਹੈ।
ਉਹ ਭਾਵੇਂ ਲਾਸ਼ਾਂ ‘ਚੋਂ ਲੱਭੇ ਜਾਂ ਤਬਾਹੀ ‘ਚੋਂ ਕੋਈ ਫ਼ਰਕ ਨਹੀਂ ਪੈਂਦਾ। ਸਿਆਸੀ ਆਗੂਆਂ ਦੀ ਚਮੜੀ ਵੀ ਮੋਟੀ ਹੁੰਦੀ ਹੈ। ਸ਼ਰਮ ਉਨਾਂ ਦੇ ਨੇੜਿਓ ਨਹੀਂ ਲੰਘਦੀ। ਇਸ ਕਾਰਣ ਸੁਖਬੀਰ ਨੂੰ ਸ਼ਾਇਦ ਕਦੇ ਅਹਿਸਾਸ ਨਹੀਂ ਹੋਇਆ ਕਿ ਉਸਦੀ ਹਮਦਰਦੀ ਆਮ ਲੋਕਾਂ ਨੂੰ ਮਗਰਮੱਛ ਦੇ ਹੰਝੂਆਂ ਤੋਂ ਵੱਧ ਕੇ ਕੁਝ ਨਹੀਂ ਲੱਗਦੀ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਜੇ ਬਾਦਲਕਿਆਂ ਨਾਲ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਕਾਰਣ ਕੋਈ ਜ਼ਬਰ ਹੁੰਦਾ ਹੈ ਤਾਂ ਉਸਦਾ ਹਰ ਪੰਜਾਹੀ ਵਿਰੋਧ ਕਰੇਗਾ। ਪ੍ਰੰਤੂ ਸਿਆਸੀ ਨੋਟੰਕੀ ਦਾ ਕਿਸੇ ‘ਤੇ ਕੋਈ ਪ੍ਰਭਾਵ ਪੈਣ ਵਾਲਾ ਨਹੀਂ। ਸਿਆਸੀ ਚਾਪਲੂਸਾਂ ਨੇ ਤਾਂ ਚਾਪਲੂਸੀ ਕਰਨ ਲਈ ਆਪਣੇ ਆਗੂ ਦੇ ਹਰ ਕਦਮ ਦੀ ਬੱਲੇ-ਬੱਲੇ ਕਰਨੀ ਹੁੰਦੀ ਹੈ। ਪ੍ਰੰਤੂ ਅਸਲੀਅਤ ‘ਚ ਆਮ ਲੋਕਾਂ ‘ਚ ਅਜਿਹੇ ਰਾਜਸੀ ਡਰਾਮਿਆਂ ਦਾ ਕੀ ਪ੍ਰਭਾਵ ਜਾਂਦਾ ਹੈ, ਇਹ ਸ਼ੋਸ਼ਲ ਮੀਡੀਏ ‘ਤੇ ਆਉਂਦੀਆਂ ਟਿੱਪਣੀਆਂ ਬਾਖ਼ੂਬੀ ਸਾਫ਼ ਕਰ ਦਿੰਦੀਆਂ ਹਨ। ਹਾਰ ਤੋਂ ਬਾਅਦ ਸੁਖਬੀਰ ਨੇ ਖੁਦ ਮੰਨਿਆ ਸੀ ਕਿ ”ਆਪਾਂ ਵੀ ਹੁਣ ਵਿਹਲੇ ਹੀ ਵਿਹਲੇ ਆਂ” ਇਸ ਲਈ ਚੰਗਾ ਹੋਵੇ ਜੇ ਸੁਖਬੀਰ ਸ਼ੋਸ਼ਲ ਮੀਡੀਏ ‘ਤੇ ਪੈਂਦੀਆਂ ਅਜਿਹੀਆਂ ਟਿੱਪਣੀਆਂ ਨੂੰ ਖ਼ੁਦ ਪੜ ਲਿਆ ਕਰੇ। ਭਾਵੇਂ ਪੰਜਾਬ ਦੇ ਲੋਕਾਂ ਨੇ ਤਾਂ ਬਾਦਲਕਿਆਂ ਨੂੰ ਵਿਰੋਧੀ ਧਿਰ ਦੇ ਰੁਤਬੇ ਦੇ ਵੀ ਯੋਗ ਨਹੀਂ ਸਮਝਿਆ। ਪ੍ਰੰਤੂ ਸਾਬਕਾ ਸੱਤਾਧਾਰੀ ਧਿਰ ਹੋਣ ਵਜੋਂ ਵੀ ਬਾਦਲਕੇ ਪੰਜਾਬ ਦੀਆਂ ਸਮੱਸਿਆਵਾਂ ਲਈ ਸੱਚੇ ਮਨੋਂ ਲੜਦੇ ਹਨ ਤਾਂ ਸ਼ਾਇਦ ਸਮਾਂ ਪਾ ਕੇ ਪੰਜਾਬ ਦੇ ਲੋਕ ਉਨਾਂ ਦੇ ਵਿਰੋਧ ਨੂੰ ਵਿਰੋਧ ਮੰਨਣ ਹੀ ਲੱਗ ਪੈਣ। ਫ਼ਿਲਹਾਲ ਤਾਂ ਆਮ ਲੋਕ ਇਸ ਨੂੰ ਸਿਰਫ਼ ਸਿਆਸੀ ਡਰਾਮਾ ਮੰਨਦੇ ਹਨ ਤੇ ਡਰਾਮੇ ਵਾਲਾ ਮਨੋਰੰਜਨ ਪ੍ਰਾਪਤ ਕਰਨ ਤੋਂ ਵੱਧ ਇਸ ਜ਼ਬਰ ਵਿਰੋਧੀ ਲਹਿਰ ਨੂੰ ਹੋਰ ਕੁਝ ਸਮਝਦੇ ਨਹੀਂ। ਜਦੋਂ ਤੱਕ ਤੁਹਾਨੂੰ ਲੋਕ ਛਾਨਣੀ ਮੰਨਦੇ ਹਨ ਉਦੋਂ ਤੱਕ ਤੁਸੀਂ ਲੱਖ ਯਤਨ ਕਰ ਲਵੋ ਛੱਜ ਨਹੀਂ ਬਣ ਸਕੋਗੇ। ਇਸ ਹਕੀਕਤ ਨੂੰ ਜੇ ਸੁਖਬੀਰ ਬਾਦਲ ਸਮਝ ਲਵੇ ਤਾਂ ਚੰਗਾ ਹੈ।