ਕਪਤਾਨ ਸਰਕਾਰ ਐਨਾ ਪੈਸਾ ਲਿਆਊ ਕਿੱਥੋਂ??

-ਅਮਨਦੀਪ ਹਾਂਸ
ਤੂੰ ਕਿਉਂ ਰੋਨੀ ਏਂ ਰੰਗੜ ਦੀਏ ਮਾਏ ਰੋਣਗੇ ਉਹ ਜਿਹਨਾਂ ਰੰਗੜ ਕਾਮੇ ਲਾਏ..
ਪੰਜਾਬ ਦੇ ਸਾਢੇ 19 ਲੱਖ ਕਿਸਾਨਾਂ ਦੇ ਸਿਰ 59 ਹਜ਼ਾਰ ਕਰੋੜ ਦਾ ਫਸਲੀ ਕਰਜ਼ਾ ਹੈ, ਇਸ ਤੋਂ ਬਿਨਾ 14 ਹਜ਼ਾਰ ਕਰੋੜ ਦਾ ਲੰਬੀ ਮਿਆਦ ਦਾ ਕਰਜ਼ਾ ਹੈ, 13 ਹਜਾਰ ਕਰੋੜ ਦਾ ਆੜਤੀਆਂ ਦਾ ਕਰਜ਼ਾ ਹੈ, ਸਰਕਾਰ ਨੇ ਪੰਜ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਨੂੰ 2-2 ਲੱਖ ਤੱਕ ਦਾ ਕਰਜ਼ਾ ਮਾਫ ਕਰਨ ਦੀ ਰਾਹਤ ਦਿੱਤੀ ਹੈ। ਆੜਤੀਆਂ ਤੇ ਨੈਸ਼ਨਲ ਬੈਂਕਾਂ ਦਾ ਕਰਜ਼ਾ ਮਾਫੀ ਵਾਲੇ ਐਲਾਨ ਵਿੱਚ ਸ਼ਾਮਲ ਨਹੀਂ, ਸਿਰਫ ਕੋਆਪ੍ਰੇਟਿਵ ਢਾਂਚੇ ਨੂੰ ਹੀ ਮਾਫੀ ਵਾਲੀ ਸਕੀਮ ਨਾਲ ਸੰਨ ਲਾਈ ਜਾ ਰਹੀ ਹੈ। ਖੇਤੀ ਮਸ਼ੀਨਰੀ ਜਾਂ ਹੋਰ ਕਾਰਜ ਲਈ ਲਿਆ ਕਰਜਾ ਵੀ ਉਵੇਂ ਜਿਵੇਂ ਰਹੂ।
ਦਲਿਤ ਪਰਿਵਾਰਾਂ ਦਾ ਵੀ ਐਸ ਸੀ ਕਾਰਪੋਰੇਸ਼ਨ ਤੋਂ ਲਿਆ 50 ਹਜ਼ਾਰ ਤੱਕ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੈ।
ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਸਾਰਾ ਕਰਜਾ ਮਾਫ ਕਰਨ ਦਾ ਐਲਾਨ ਕਰ ਦਿੱਤਾ ਹੈ।
ਕਰਜ਼ਾ ਤਾਂ ਆਪਣੇ ਘੀਲੇ ਨੇ ਵੀ ਵਾਹਵਾ ਦੇਣੈ, ਉਹਦੇ ਹਿੱਸੇ ਪੰਜ ਏਕੜ ਤੋਂ ਫਰਲਾਂਗ ਕੁ ਵੱਧ ਜ਼ਮੀਨ ਆਉਂਦੀ ਐ. ਉਹ ਮਾਫੀ ਵਾਲੀ ਸੂਚੀ ‘ਚੋਂ ਬਾਹਰ ਹੋ ਗਿਐ.. ਕੱਲ ਦਾ ਕਪਤਾਨ ਸਾਬ ਦੇ ਐਲਾਨ ਵੇਲੇ ਤੋਂ ਸੋਚੀਂ ਪਿਆ ਪਿਛਲੀ ਸਬਾਤ ਵਿੱਚ ਬਾਪੂ ਦੇ ਡਾਹੇ ਮੰਜੇ ਕੋਲ ਗੇੜੇ ਤੇ ਗੇੜੇ ਮਾਰ ਰਿਹੈ.. ਕਪਤਾਨ ਸਾਬ ਨੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਦਾ ਸਾਰਾ ਕਰਜ਼ਾ ਮਾਫ ਕਰਨ ਦਾ ਐਲਾਨ ਜੁ ਕੀਤੈ..।
ਬਾਪੂ ਦੇ ਮੰਜੇ ਕੋਲ ਗੇੜੇ ਕੱਢਦੇ ਘੀਲੇ ਦੇ ਦਿਮਾਗ ‘ਚ ਮੋਦੀ ਸਾਬ ਵਾਂਗੂ  ਚੱਲ ਕੀ ਰਿਹੈ, ਇਹ ਤਾਂ ਉਹੀ ਜਾਣੇ, ਪਰ ਘੀਲੇ ਦਾ 70 ਨੂੰ ਢੁਕਿਆ ਬਾਪੂ ਬੇਹੱਦ ਡਰਿਆ ਹੋਇਐ..
ਕਿਸਾਨੀ ਕਰਜ਼ਾ, ਸਸਤੀ ਚਾਹਪੱਤੀ ਤੇ ਖੰਡ ਦੇਣ, 18-35 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ, ਨਰਸਰੀ ਤੋਂ ਐਲ ਕੇ ਜੀ ਤੱਕ ਮੁਫਤ ਕਿਤਾਬਾਂ, ਅੰਗਰੇਜ਼ੀ ਦੀ ਪੜਾਈ, ਕੁੜੀਆਂ ਨੂੰ ਪੀ ਐਚ ਡੀ ਤੱਕ ਮੁਫਤ ਪੜਾਈ ਕਰਵਾਉਣ ਦੇ ਐਲਾਨ, ਇੰਡਸਟਰੀ ਨੂੰ ਸਸਤੀ ਬਿਜਲੀ ਦੇਣ ਦੇ ਐਲਾਨ ਕਰਨ ਵਾਲੀ ਕਪਤਾਨ ਸਰਕਾਰ ਨੂੰ ਪਿਛਲੀ ਬਾਦਲ ਸਰਕਾਰ ਨੇ 2 ਲੱਖ 8 ਹਜ਼ਾਰ ਕਰੋੜ ਦਾ ਕਰਜ਼ਾ ਵਿਰਾਸਤ ਵਿੱਚ ਦਿੱਤਾ, ਅਸੀਂ ਸਾਰੇ ਪੰਜਾਬ ਵਾਸੀ ਕੀ ਨਿਆਣੇ ਤੇ ਕੀ ਸਿਆਣੇ 70-70 ਹਜ਼ਾਰ ਰੁਪਏ ਦੇ ਕਰਜ਼ੇ ਥੱਲੇ ਹਾਂ। ਜੋ ਸਹੂਲਤਾਂ ਦੇ ਗੱਫੇ ਕਪਤਾਨ ਸਰਕਾਰ ਐਲਾਨ ਕਰ ਰਹੀ ਹੈ, ਉਸ ਵਾਸਤੇ ਪੈਸੇ ਕਿੱਥੋਂ ਆਉਣਗੇ, ਸ਼ਾਇਦ ਸਾਡੀਆਂ ਹੀ ਜੇਬਾਂ ਵਿਚੋਂ ਨਿਕਲਣਗੇ।
ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਹੋਰ ਸੂਬਿਆਂ ਤੇ ਕੇਂਦਰ ਨਾਲੋਂ ਕਿਤੇ ਵੱਧ ਹਨ, ਇਹਨਾਂ ਦੇ ਭੁਗਤਾਨ ‘ਤੇ ਹਰ ਸਾਲ 27 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਨੇ।  ਸੂਬੇ ਦੀ ਆਰਥਿਕਤਾ ਦੀ ਹਾਲਤ ਇਹ ਬਣੀ ਪਈ ਹੈ ਕਿ ਦੋ ਸਾਲਾਂ ਤੋਂ ਮੁਲਾਜਮਾਂ ਦੇ ਡੀ ਏ ਦੇ ਏਰੀਅਰ ਦਾ 2773 ਕਰੋੜ ਦਾ ਬਕਾਇਆ ਹੈ, ਸਸਤੇ ਆਟਾ ਦਾਲ ਸਕੀਮ ਦਾ ਸਰਕਾਰੀ ਏਜੰੰਸੀਆਂ ਦਾ 1747 ਕਰੋੜ ਬਕਾਇਆ ਹੈ, ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦਾ ਪਾਵਰਕਾਮ ਨੂੰ ਸਬਸਿਡੀ ਦਾ ਅਜੇ 2342 ਕਰੋੜ ਰੁਪਿਆ ਸਰਕਾਰ ਨੇ ਦੇਣਾ ਹੈ। ਮੌਜੂਦਾ ਸਰਕਾਰ ਨੇ ਵਾਈਟ ਪੇਪਰ ਲਿਆ ਕੇ ਕਿਹਾ ਹੈ ਕਿ ਪਿਛਲੀ ਸਰਕਾਰ ਨੇ ਕਰਜ਼ੇ ਲੈਂਦਿਆਂ ਸਭ ਹੱਦਾਂ ਤੋੜ ਦਿੱਤੀਆਂ, ਪੀ ਆਈ ਡੀ ਬੀ ਤੇ ਪੁੱਡਾ ਵਰਗੀਆਂ ਸਰਕਾਰੀ ਏਜੰਸੀਆਂ ਦੀ ਅਗਲੇ ਪੰਜ ਸਾਲਾਂ ਦੀ ਕਮਾਈ ਗਹਿਣੇ ਰੱਖ ਕੇ ਕਰਜ਼ੇ ਲਏ..
ਮੌਜੂਦਾ ਸਰਕਾਰ ਕਰੂ ਕੀ, ਕਿਸੇ ਨੂੰ ਕੁਝ ਨਹੀਂ ਪਤਾ।