ਪਤੀ ਦੇ ਸਸਕਾਰ ਲਈ ਪੁੱਤ ਗਹਿਣੇ ਰੱਖਣਾ ਪਿਆ

ਮੋਦੀ ਸਰਕਾਰ ਸ਼ੇਮ ਸ਼ੇਮ..
-ਅਮਨ
ਮੋਦੀ ਸਰਕਾਰ ਵਿਕਾਸ ਦੇ ਗੋਗੇ ਗਾਉਂਦੀ ਹੋਈ ਆਪਣੇ ਕਾਰਜਕਾਲ ਦੀ ਸਫਲਤਾ ਦੇ ਤਿੰਨ ਵਰੇ ਪੂਰੇ ਹੋਣ ‘ਤੇ ਜਸ਼ਨ ਮਨਾਉਣ ਵਿੱਚ ਰੁੱਝੀ ਹੋਈ ਹੈ। ਜਸ਼ਨਾਂ ਦੀਆਂ ਵੱਜ ਰਹੀਆਂ ਪੀਪਣੀਆਂ ਦੇ ਸ਼ੋਰ ‘ਚ ਸਰਕਾਰ ਕੋਲ ਇਹ ਖਬਰ ਕਿਵੇਂ ਪੁੱਜ ਸਕਦੀ ਹੈ ਦੇਸ਼ ਦਾ ਇਕ ਕਿਰਤੀ ਮਰ ਗਿਆ, ਜੀਹਦੇ ਅੰਤਮ ਸੰਸਕਾਰ ਲਈ ਉਸ ਦੇ ਟੱਬਰ ਕੋਲ ਧੇਲਾ ਵੀ ਨਹੀਂ ਸੀ। ਹਕੂਮਤਾਂ ਤਾਂ ਬੋਲ਼ੀਆਂ ਹੁੰਦੀਆਂ ਨੇ, ਆਓ ਆਪਾਂ ਰਲ ਕੇ ਇਹ ਦਰਦ ਸਾਂਝਾ ਕਰੀਏ, ਮਾਮਲਾ ਨਾਗਾਲੈਂਡ ਦਾ ਹੈ, ਜਿੱਥੇ ਦੀਮਾਪੁਰ ਦੇ ਰਹਿਣ ਵਾਲੇ ਇਕ ਕਿਰਤੀ ਦੀ ਬਿਮਾਰੀ ਕਾਰਨ ਮੌਤ ਹੋ ਗਈ, ਪਤਨੀ ਰੀਤਾ ਕੋਲ ਇਕ ਪੈਸਾ ਵੀ ਨਹੀਂ ਸੀ ਕਿ ਪਤੀ ਲਈ ਖੱਫਣ ਖਰੀਦ ਸਕਦੀ ਜਾਂ ਹੋਰ ਸਮਗਰੀ ਸਸਕਾਰ ਲਈ ਖਰੀਦ ਸਕਦੀ, ਕਿਸੇ ਨੇ ਮਦਦ ਵੀ ਨਾ ਕੀਤੀ, ਘਰ ਵਿੱਚ ਲਾਸ਼ ਛੱਡ ਕੇ ਆਪਣੇ ਤਿੰਨ ਜੁਆਕਾਂ ਵਿੱਚੋਂ ਪੰਜ ਸਾਲ ਪੁੱਤ ਨੂੰ ਇਕ ਮਹਾਜਨ ਕੋਲ 2 ਹਜਾਰ ਰੁਪਏ ਵਿੱਚ ਗਹਿਣੇ ਰੱਖ ਦਿੱਤਾ ਤੇ ਪਤੀ ਦਾ ਸਸਕਾਰ ਕਰਕੇ ਤਿੰਨ ਸਾਲ ਦੀ ਧੀ ਤੇ ਡੂਢ ਸਾਲ ਦੇ ਪੁੱਤ ਨੂੰ ਨਾਲ ਲੈ ਕੇ ਦਿਓਰ ਦੇ ਕਹਿਣ ‘ਤੇ ਮਜ਼ਦੂਰੀ ਲਈ ਆਗਰੇ ਚਲੀ ਗਈ, ਦਿਓਰ ਵੀ ਰਾਹ ਵਿੱਚ ਛੱਡ ਕੇ ਭੱਜ ਗਿਆ, ਦੋ ਜੁਆਕਾਂ ਨਾਲ ਰੀਤਾ ਆਗਰੇ ਵਿੱਚ ਭਟਕਦੀ ਰਹੀ, ਅੱਤ ਦੀ ਪੈ ਰਹੀ ਗਰਮੀ ਵਿੱਚ ਕਿਸੇ ਨੇ ਪੀਣ ਨੂੰ ਪਾਣੀ ਵੀ ਨਾ ਦਿੱਤਾ ਤਾਂ ਰੀਤਾ ਨੇ ਇਕ ਨਾਲੀ ਵਿਚੋਂ ਬੱਚਿਆਂ ਨੂੰ ਪਾਣੀ ਪਿਲਾਇਆ, ਦੇਖਣ ਵਾਲੇ ਉਸ ‘ਤੇ ਨਰਾਜ਼ ਹੋਏ, ਪਰ ਉਸ ਨੇ ਆਪਣੀ ਮਜਬੂਰੀ ਦੱਸੀ, ਭਾਸ਼ਾ ਦੀ ਸਮੱਸਿਆ ਕਾਰਨ ਕਿਸੇ ਨੂੰ ਸਮਝ ਵੀ ਨਾ ਆਇਆ, ਇਕ ਦੋਭਾਸ਼ੀਏ ਦੀ ਮਦਦ ਨਾਲ ਮਾਜਰੇ ਦਾ ਪਤਾ ਲੱਗਿਆ ਤਾਂ ਲੋਕਾਂ ਨੇ ਕੁਝ ਪੈਸੇ ਇਕੱਠੇ ਕਰਕੇ ਉਸ ਨੂੰ ਰਾਸ਼ਨ ਲੈ ਦਿੱਤਾ ਤੇ ਨਾਗਾਲੈਂਡ ਭੇਜਣ ਦਾ ਇੰਤਜ਼ਾਮ ਕਰ ਦਿੱਤਾ ਗਿਆ।
ਮੁਲਕ ਵਿੱਚ ਕਿਰਤੀਆਂ ਦੇ ਸਸਕਾਰ ਲਈ ਬੱਚੇ ਮੰਡੀਆਂ ਵਿੱਚ ਵਿਕ ਰਹੇ ਨੇ ਤੇ ਨੀਰੋ ਮਸਤ ਨਾਦ ਵਜਾ ਰਿਹਾ ਹੈ..।
ਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ
ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂਰ-ਬਾਬਾ ਨਜ਼ਮੀ