ਲੀਡਰਾਂ ਕੋਲ ਕਾਹਨੂੰ ‘ਘੀਲੇ’ ਕੋਲ ਐ ਸਾਰਾ ਕਾਲਾ ਧਨ??

-ਅਮਨਦੀਪ ਹਾਂਸ
ਸਾਡਾ ਘੀਲਾ ਬੜੇ ਫਿਕਰਾਂ ‘ਚ ਹੈ, ਸਾਹ ਵੀ ਹਲਕ ‘ਚ ਸੁੱਕ ਰਿਹੈ ਤੇ ਦੂਜੇ ਪਾਸੇ ਨੇਤਾ ਦਮਦਾਰ ਸਿਹੁੰ ਦਾ ਦਮ ਦੂਣਾ ਚੌਣਾ ਹੋ ਗਿਐ.. ਫੈਸਲੇ ਹੀ ਸਰਕਾਰ ਜੀ ਨੇ ਕੁਝ ਐਹੋ ਜਿਹੇ ਕਰ ਦਿੱਤੇ ਨੇ..
ਨੋਟਬੰਦੀ ਦੇ ਚੱਲਦਿਆਂ ਪੂਰੇ ਮੁਲਕ ਦੇ ਆਮ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ, ਕਿਹਾ ਜਾ ਰਿਹਾ ਹੈ ਕਿ ਜੇ ਨੋਟਬੰਦੀ ਤੋਂ ਬਾਅਦ ਤੁਹਾਡੇ ਖਾਤਿਆਂ ਵਿੱਚ 2 ਲੱਖ ਰੁਪੇ ਵੀ ਜਮਾ ਹੋਏ ਤਾਂ ਵੀ ਇਨਕਮ ਟੈਕਸ ਵਿਭਾਗ ਤੁਹਾਡੀਆਂ ਜਾਂਚ ਪੜਤਾਲ ਕਰਦਿਆਂ ਨੱਕ ਨਾਲ ਲਕੀਰਾਂ ਕਢਵਾ ਕੇ ਛੱਡੂ..
ਪਰ ਲੀਡਰ ਲੋਕ ਚੈਨ ਨਾਲ ਸੌਂ ਸਕਦੇ ਨੇ, ਸਿਆਸੀ ਪਾਰਟੀਆਂ ਦੇ ਖਾਤਿਆਂ ਦੀ ਜਾਂਚ ਨਹੀਂ ਹੋਣੀ.. ਨੋਟਬੰਦੀ ਵਾਲੇ ਫੈਸਲੇ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਖਾਤਿਆਂ ਵਿੱਚ ਕਿੰਨੀ ਰਕਮ ਜਮਾ ਹੋਈ, ਇਸ ਦਾ ਤਾਂ ਰੌਲਾ ਹੀ ਕੋਈ ਨਹੀਂ. ਰੌਲਾ ਤਾਂ ਮਹਾਤੜਾਂ ਤਮਾਹਤੜਾਂ ਦੀ ਹੱਕ ਹਲਾਲ ਦੀ ਕਮਾਈ ਦਾ ਹੈ।
ਕਾਲੇ ਧਨ ਵਾਲਿਆਂ ਨੂੰ ਸਰਕਾਰ ਨੇ 31 ਮਾਰਚ ਤੱਕ ਦਾ ਮੌਕਾ ਦਿੱਤਾ ਹੈ, ਜੋ ਅੱਜ 17 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ, ਸਰਕਾਰ ਜੀ ਕਹਿੰਦੀ 50 ਫੀਸਦੀ ਟੈਕਸ ਭਰੋ ਤੇ ਬਲੈਕ ਨੂੰ ਵਾਈਟ ਕਰੋ, ਕੁੱਲ ਰਕਮ ਦਾ 25 ਫੀਸਦੀ ਚਾਰ ਸਾਲ ਤੱਕ ਬਿਨਾ ਵਿਆਜ ਬਲੌਕ ਰਹੂ, ਫੇਰ ਕਢਵਾ ਸਕਦੇ ਹੋ..
ਮਲਾਈ ਸਰਕਾਰ ਖਾ ਵੀ ਲਵੇ ਤਾਂ ਵੀ ਕਲੈਸਟਰੋਲ ਮੁਕਤ ਦੁੱਧ ਤਾਂ ਬਚ ਹੀ ਰਹੂ..। ਨਾਲੇ ਸਿਹਤ ਫਿੱਟ ਰਹੂ..।
ਰੈਵੇਨਿਊ ਸੈਕਟਰੀ ਹਸਮੁਖ ਅਢੀਆ ਜੀ ਆਂਹਦੇ ਸਿਆਸੀ ਦਲਾਂ ਨੂੰ ਟੈਕਸ ਤੋਂ ਛੋਟ ਹੈ, ਇਸ ਕਰਕੇ ਇਹਨਾਂ ਦੇ ਖਾਤਿਆਂ ਦੀ ਜਾਂਚ ਦੀ ਲੋੜ ਨਹੀਂ ਹੈ। ਕਾਲਾ ਧਨ ਚਿੱਟਾ ਕਰਵਾਉਣ ਵਾਲਿਆਂ ਦੀ ਵੀ ਹਰ ਜਾਣਕਾਰੀ ਗੁਪਤ ਰੱਖੀ ਜਾਵੇਗੀ। ਤੇ ਜੇ ਸਰਕਾਰ ਨੇ ਛਾਪਾਮਾਰੀ ਕਰਕੇ ਕਾਲਾ ਧਨ ਫੜਿਆ ਤਾਂ ਵੱਧ ਨੁਕਸਾਨ ਹੋਊ, ਫੇਰ ਸਰਕਾਰ ਕੁੱਲ ਰਕਮ ‘ਤੇ 83.25 ਫੀਸਦੀ ਤੋਂ ਲੈ ਕੇ 137.25 ਫੀਸਦੀ ਤੱਕ ਟੈਕਸ ਲਾ ਸਕਦੀ ਹੈ।
ਨੋਟਬੰਦੀ ਤੋਂ ਹੁਣ ਤੱਕ ਦੇਸ਼ ਵਿੱਚ 291 ਛਾਪੇ ਮਾਰੇ ਗਏ ਨੇ, 2600 ਕਰੋੜ ਦੀ ਬੇਨਾਮੀ ਜਾਇਦਾਦ ਦਾ ਪਤਾ ਲੱਗਿਆ ਹੈ।
ਨੋਟਬੰਦੀ ਨੇ ਲੀਡਰਾਂ, ਵੱਡੇ ਕਾਰੋਬਾਰੀਆਂ ਨੂੰ ਛੱਡ ਕੇ ਬਾਕੀ ਸਾਰਾ ਮੁਲਕ ਬੈਂਕਾਂ ਮੂਹਰੇ ਕਤਾਰਾਂ ਵਿੱਚ ਲਿਆ ਖੜਾਇਆ ਹੈ, ਹੱਥ, ਤੇ ਜੇਬਾਂ ਖਾਤਿਆਂ ਵਿੱਚ ਪੈਸੇ ਹੋਣ ਦੇ ਬਾਵਜੂਦ ਫੇਰ ਵੀ ਖਾਲੀ ਨੇ।