ਮੋਗੇ ਵਾਲੀ ਰੈਲੀ ਪੰਜ-ਛੇ ਕਰੋੜ ਦੀ ਪਈ!!

-ਅਮਨਦੀਪ ਹਾਂਸ
ਮੋਗੇ ਵਾਲੀ ਰੈਲੀ ਪੰਜਾਬ ਨੂੰ ਬੱਸ ਪੰਜ-ਛੇ ਕੁ ਕਰੋੜ ਦੀ ਪਈ ਹੋਊ। ਦੋ ਸੌ ਏਕੜ ਜ਼ਮੀਨ ਕਿਰਾਏ ‘ਤੇ ਲਈ ਗਈ ਸੀ, ਜਿਸ ਦਾ 50 ਲੱਖ ਕਿਰਾਇਆ ਦੇਣਾ ਕੀਤਾ ਹੈ, 50 ਕੁ ਲੱਖ ਸਟੇਜ ਬਣਾਉਣ, ਟੈਂਟ ਲਾਉਣ ‘ਤੇ ਖਰਚਾ ਆਇਆ, ਡੂਢ ਕੁ ਕਰੋੜ ਰੁਪਈਆ ਪੰਜ ਹਜ਼ਾਰ ਗੱਡੀਆਂ ਬੱਸਾਂ ਦੇ ਤੇਲ ਭਾੜੇ ਦਾ, ਇਹਨਾਂ ‘ਚ 200 ਬੱਸਾਂ ਪੀ ਆਰ ਟੀ ਸੀ ਤੇ ਰੋਡਵੇਜ਼ ਦੀਆਂ ਸਨ, ਜੋ ਚੋਣ ਕਮਿਸ਼ਨ ਦੀ ਨਜ਼ਰੇ ਨਹੀਂ ਚੜੀਆਂ ਖੌਰੇ ਚਾਦਰ ਪਾ ਕੇ ਲਗਈਆਂ ਹੋਣ, 1200 ਪ੍ਰਾਈਵੇਟ ਬੱਸਾਂ ਸਨ, 3600 ਛੋਟੀਆਂ ਵੱਡੀਆਂ ਸਕੂਲ ਬੱਸਾਂ ਸਨ।
ਰੈਲੀ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਮੰਤਰੀ ਨੇਤਾ ਜਨ 4 ਦਿਨ ਲਗਾਤਾਰ ਫੇਰੀਆਂ ਪਾਉਂਦੇ ਰਹੇ, ਉਸ ‘ਤੇ ਵੀ ਅੰਦਾਜ਼ਨ 50 ਲੱਖ ਦਾ ਖਰਚਾ ਆਇਆ, ਪ੍ਰਬੰਧਕਾਂ ਦਾ ਤਿੰਨ ਦਿਨ ਦਾ ਖਾਣ ਪੀਣ ‘ਤੇ ਇਕ ਲੱਖ ਦਾ ਖਰਚਾ ਆਇਆ।
ਰੈਲੀ ਲਈ ਜੋ ਜ਼ੋਰਾਂ ਸ਼ੋਰਾਂ ‘ਤੇ ਪ੍ਰਚਾਰ ਕੀਤਾ ਜਾ ਰਿਹਾ ਸੀ, ਇਸ਼ਤਿਹਾਰਬਾਜ਼ੀ ਕੀਤੀ ਗਈ, ਉਸ ਦਾ ਖਰਚਾ ਵੱਖਰਾ ਹੈ, ਸਾਰਾ ਕੁਝ ਜੋੜ ਜਰਬਾਂ ਕਰ ਲਈਏ ਤਾਂ ਪੰਥ ਰਤਨ, ਫਖਰ ਏ ਕੌਮ ਕਿਸਾਨਾਂ ਦੇ ਮਸੀਹਾ ਸ. ਪਰਕਾਸ਼ ਸਿੰਘ ਬਾਦਲ ਦਾ ਹੈਪੀ ਵਾਲਾ ਬਰਥ ਡੇ ਪੰਜ ਛੀ ਕਰੋੜ ‘ਚ ਪਿਆ। ਵੱਡੇ ਨੇਤਾ ਜੀ ਨੇ ਐਨਾ ਕੁ ਤਾਂ ਜਾਇਜ਼ ਹੀ ਹਊ..।
ਦੱਸਦੇ ਨੇ ਕਿ ਕੱਲ ਸਕੂਲੀ ਬੱਚਿਆਂ ਦੇ ਇਮਤਿਹਾਨ ਵੀ ਸੀ, ਪਰ ਰੈਲੀ ਜ਼ਿਆਦਾ ਜ਼ਰੂਰੀ ਸੀ, ਪੜ ਕੇ ਕਿਹੜਾ ਜੁਆਕਾਂ ਨੇ ਡੀ ਸੀ ਲੱਗ ਜਾਣੈ.. ਸ਼ਾਇਦ ਇਸੇ ਕਰਕੇ ਸਰਕਾਰ ਜੀ ਦੇ ਹੁਕਮ ‘ਤੇ ਸਕੂਲਾਂ ਵਿੱਚ ਛੁੱਟੀ ਕਰਵਾ ਕੇ ਬੱਸਾਂ ਰੈਲੀ ਲਈ ਤੋਰੀਆਂ ਗਈਆਂ, ਇਹਦੇ ਬਾਵਜੂਦ ਲੁਧਿਆਣਾ ਤੋਂ ਕਈ ਬੱਸਾਂ ਜਮਾ ਈ ਖਾਲੀ ਗਈਆਂ।
ਰੈਲੀ ਦੇ ਇਕੱਠ ਨੂੰ ਲੈ ਕੇ ਕਟਾਖਸ਼ ਹੋ ਰਹੇ ਨੇ ਕਿ ਸਰਕਾਰੀ ਮੁਲਾਜ਼ਮਾਂ ਤੇ ਦਿਹਾੜੀਦਾਰਾਂ ਜ਼ਰੀਏ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੇਰ ਵੀ ਸਫਲ ਨਹੀਂ ਹੋ ਸਕੇ। ਜਦਕਿ ਵੱਡੇ ਬਾਦਲ ਸਾਹਿਬ ਨੇ ਕੱਲ ਮੰਚ ਤੋਂ ਕਿਹਾ ਕਿ ਇਹ ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਭੀੜ ਹੈ, ਐਨਾ ਵੱਡਾ ਇਕੱਠ ਮੈਂ ਕਦੇ ਨਹੀਂ ਦੇਖਿਆ।
ਬਾਪੂ ਦਾ ਕੱਲ 90ਵਾਂ ਜਨਮ ਦਿਨ ਸੀ, ਸਾਡੇ ਘੀਲੇ ਨੇ ਤਾਂ 60 ਪਾਰ ਕਰਦਿਆਂ ਈ ਮੰਜਾ ਫੜ ਲਿਆ ਸੀ, ਕਬੀਲਦਾਰੀ ਕਿਉਂਟਦਿਆਂ ਉਹਦੇ ਤਾਂ ਗੋਡੇ ਗਿੱਟੇ ਘਿਸ ਗਏ ਸੀ, ਬਿਨਾ ਸਹਾਰੇ ਤੋਂ ਹਾਜਤ ਨੂੰ ਵੀ ਨਹੀਂ ਜਾ ਸਕਦਾ, ਪਰ ਇਥੇ ਤਾਂ ਸੱਤਾ ਵਾਲੀ ਖੁਰਾਕ ਦੀਆਂ ਬਰਕਤਾਂ ਨੇ ਕਿ ਕੱਲ ਜਦ 90 ਸਾਲਾ ਵੱਡੇ ਬਾਦਲ ਸਾਹਿਬ ਸੰਬੋਧਨ ਕਰਨ ਲਈ ਉਠੇ ਤਾਂ ਸੁਖਬੀਰ ਨੇ ਹੱਥ ਫੜ ਕੇ ਬਾਪੂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਬਾਪੂ ਨੇ ਜ਼ੋਰ ਦੀ ਹੱਥ ਝਟਕਾਅ ਕੇ ਮਾਰਿਆ ਤੇ ਆਪੇ ਉਠੇ ਤੇ ਮਾਈਕ ਤੱਕ ਗਏ ਤੇ ਅੱਧਾ ਘੰਟਾ ਭਾਸ਼ਣ ਦਿੱਤਾ। ਸੁਖਬੀਰ ਕੁਝ ਪਲ ਲਈ ਝੁੰਜਲਾ ਜਿਹਾ ਗਿਆ, ਕਿ ਜੇ ਐਤਕੀਂ ਜਿੱਤੇ ਤਾਂ ਸੀ ਐਮ ਦੀ ਕੁਰਸੀ ਫੇਰ ਨਹੀਂ ਮਿਲਦੀ, ਕਿਉਂਕਿ ਵੱਡੇ ਬਾਦਲ ਸਾਹਿਬ ਤਾਂ ਅਭੀ ਬੀ ਮੈਂ ਜਵਾਨ ਹੂੰ ਦਾ ਅਹਿਸਾਸ ਕਰਵਾ ਗਏ।
ਰੈਲੀ ਵਿੱਚ ਸੁਖਬੀਰ ਸਾਹਿਬ ਜਦ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਤਾਂ ਜਨਤਾ ਖਾਮੋਸ਼ ਰਹੀ, ਹਜ਼ਾਰਾਂ ਦਾ ‘ਕੱਠ ਹੋਵੇ ਤੇ ਸਰਕਾਰ ਜੀ ਦੀਆਂ ਪ੍ਰਾਪਤੀਆਂ ਤੇ ਕੋਈ ਜੈਕਾਰਾ ਨਾ ਵੱਜੇ, ਮੰਚ ‘ਤੇ ਬੈਠੇ ਲੀਡਰ ਵੀ ਹੈਰਾਨ ਹੋ ਰਹੇ ਸੀ। ਮੌਕਾ ਸਾਂਭਦਿਆਂ ਡਾ ਦਲਜੀਤ ਚੀਮਾ ਜੀ ਨੇ ਮਾਈਕ ਫੜ ਕੇ ਜਨਤਾ ਤੋਂ ਜੈਕਾਰੇ ਲਵਾਏ, ਫੇਰ ਸੁਖਬੀਰ ਜੀ ਨੇ ਭਾਸ਼ਣ ਜਾਰੀ ਰੱਖਦਿਆਂ ਕਿਹਾ 12 ਹਜ਼ਾਰ ਪਿੰਡਾਂ ‘ਚ ਸੀਵਰੇਜ, ਪਾਣੀ, ਸਟ੍ਰੀਟ ਲਾਈਟ , ਗਰੀਬਾਂ ਨੂੰ 5 ਲੱਖ ਘਰ ਬਣਾ ਕੇ ਦੇਵਾਂਗੇ, ਸਕਿੱਲ ਸੈਂਟਰ ਖੋਲਣ ਤੇ ਕਾਰੋਬਾਰ ਲਈ 10 ਲੱਖ ਰੁਪੇ ਦੇਵਾਂਗੇ, ਜਨਤਾ ਫੇਰ ਚੁੱਪ..
ਫੇਰ ਦੁਬਾਰਾ ਚੀਮਾ ਜੀ ਨੂੰ ਮਾਈਕ ਫੜ ਕੇ ਜੈਕਾਰੇ ਲਵਾਉਣੇ ਪਏ।
ਭਾਜਪਾ ਦੇ ਪੰਜਾਬ ਪ੍ਰਧਾਨ ਵਿਜੈ ਸਾਂਪਲਾ ਜੀ ਕਹਿੰਦੇ -ਬਾਦਲ ਸਾਹਿਬ ਜਿੱਥੇ ਥੋਡਾ ਪਸੀਨਾ ਡੁਲੂ ਆਪਾਂ ਲਹੂ ਵਹਾ ਦਿਆਂਗੇ।
ਮੋਗਾ ਰੈਲੀ ‘ਤੇ ਕਟਾਖਸ਼ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰੈਲੀ ਪਾਣੀ ਬਚਾਓ ਰੈਲੀ ਥੋੜਾ ਸੀ, ਇਹ ਤਾਂ ਬਾਦਲ ਬਚਾਓ ਰੈਲੀ ਸੀ।
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਚੋਣਾਵੀ ਫਾਇਦੇ ਲਈ ਬੱਚਿਆਂ ਨੂੰ ਪੜਨ ਤੋਂ ਰੋਕ ਰਹੀ ਹੈ। ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਗਿਆ ਹੈ।
ਉਂਝ ਤਾਂ ਰੈਲੀ ਲਈ 200 ਸਰਕਾਰੀ ਬੱਸਾਂ ਗਈਆਂ ਸਨ, ਪਰ ਕਈ ਡਰਾਇਵਰਾਂ ਨੇ ਰੈਲੀ ਲਈ ਬੱਸਾਂ ਲਿਜਾਣ ਤੋਂ ਮਨਾ ਕਰ ਦਿੱਤਾ ਸੀ ਤਾਂ ਰੋਡਵੇਜ਼-ਹਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੂੰ ਪੁਲਿਸ ਨੇ ਚੁੱਕ ਲਿਆ, ਸਾਥੀਆਂ ਵਲੋਂ 18 ਡੀਪੂਆਂ ‘ਤੇ 1900 ਬੱਸਾਂ ਦਾ ਚੱਕਾ ਜਾਮ ਕਰਕੇ ਧਰਨੇ ਮਾਰੇ ਗਏ ਤਾਂ ਜਾ ਕੇ ਪ੍ਰਧਾਨ ਨੂੰ ਛੱਡਿਆ, ਬਾਅਦ ਵਿੱਚ ਪੁਲਿਸ ਕਹਿੰਦੀ ਸਕਿਓਰਿਟੀ ਪਰਪਜ਼ ਕਰਕੇ ਫੜਿਆ ਸੀ।