ਡੀ ਸੀ ਸਾਬ ਨੂੰ ਪੁੱਛ ਲਓ..

ਆਪ ਦੇ ਫਲੈਕਸ ਪਾੜੇ, ਭਾਜਪਾ ਦੇ ਸ਼ਾਇਦ ਦਿਸੇ ਨਹੀਂ
-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ ਸਥਾਪਤ ਧਿਰਾਂ ਕੋਈ ਚੁਣੌਤੀ ਮੰਨਦੀਆਂ ਹੀ ਨਹੀਂ.. ਇਹ ਵੱਖਰੀ ਗੱਲ ਹੈ ਕਿ ਹਰੇਕ ਦੀ ਜ਼ੁਬਾਨ ‘ਤੇ ਆਪ ਤੇ ਕੇਜਰੀਵਾਲ ਦਾ ਨਾਮ ਹੈ। ਹੁਣ ਤਾਂ ਸਰਕਾਰੀ ਮਸ਼ੀਨਰੀ ਵੀ ਆਪ ਖਿਲਾਫ ਸਰਗਰਮ ਕਰ ਦਿੱਤੀ ਗਈ ਹੈ। ਨਹੀਂ ਯਕੀਨ ਤਾਂ ਚੱਲੋ ਦੀਨਾਨਗਰ .. ਜਿੱਥੇ ਆਪ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਦੀ ਫਲੈਕਸ ਲੱਗੀ ਹੋਈ ਸੀ, ਜੋ ਕਿਸੇ ਦਰੱਖਤ ‘ਤੇ ਨਾ ਟੰਗ ਕੇ ਛੀਨਾ ਹੁਰਾਂ ਨੇ ਵੱਖਰਾ ਫਰੇਮ ਬਣਵਾ ਕੇ ਲਾਈ ਸੀ, ਜਦਕਿ ਅਕਾਲੀਆਂ ਭਾਜਪਾਈਆਂ ਨੇ ਤਾਂ ਕੰਧਾਂ ਕੌਲੇ ਵੀ ਨਹੀਂ ਪ੍ਰਚਾਰ ਖੁਣੋਂ ਛੱਡੇ। ਕੱਲ ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਨੇ ਛੀਨਾ ਸਾਹਿਬ ਦੇ ਫਲੈਕਸ ਪਾੜ ਦਿੱਤੇ, ਪਰ ਓਥੇ ਹੀ ਲੱਗੇ ਭਾਜਪਾ ਦੇ ਬੋਰਡ, ਫਲੈਕਸਾਂ ਵੱਲ ਟੀਰੀ ਅੱਖ ਨਾਲ ਵੀ ਨਾ ਤੱਕਿਆ। ਜਦ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਇਸ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ, ਇਥੇ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਨੇ ਡੀ ਸੀ ਨੂੰ ਸ਼ਿਕਾਇਤ ਕੀਤੀ ਸੀ ਕਿ ਆਪ ਦੇ ਫਲੈਕਸ ਜੰਗਲਾਤ ਵਿਭਾਗ ਦੀ ਹੱਦ ਵਿੱਚ ਲੱਗੇ ਨੇ, ਲਾਹੇ ਜਾਣ, ਅਸੀਂ ਤਾਂ ਡੀ ਸੀ ਸਾਹਿਬ ਦਾ ਹੁਕਮ ਵਜਾਇਆ ਹੈ, ਤੇ ਜਦ ਮੁਲਾਜ਼ਮਾਂ ਦਾ ਧਿਆਨ ਭਾਜਪਾ ਦੇ ਪ੍ਰਚਾਰ ਬੋਰਡਾਂ ਤੇ ਫਲੈਕਸਾਂ ਵੱਲ ਦਿਵਾਇਆ ਗਿਆ ਤਾਂ ਉਹ ਆਂਹਦੇ ਡੀ ਸੀ ਸਾਬ ਨੂੰ ਪੁੱਛ ਲਓ..