ਮੋਦੀ ਦੀ ਸੋਨਾਬੰਦੀ ਤੇ ਪੰਜਾਂ ਦਾ ਤਵੀਤ

-ਅਮਨਦੀਪ ਹਾਂਸ
.. ਮੇਰੀਆਂ ਗੋਰੀਆਂ ਬਾਹਵਾਂ ਦਿਆ ਕੰਗਣਾ
ਪੰਜਾਂ ਦੇ ਤਵੀਤ ਬਦਲੇ
ਕਾਹਨੂੰ ਛੱਡ ਗਿਆ ਗਲ਼ੀ ਦੇ ਵਿਚੋਂ ਲੰਘਣਾ..
ਮਸ਼ੂਕ ਉਲਾਂਭਾ ਦੇ ਰਹੀ ਹੈ ਪ੍ਰੇਮੀ ਨੂੰ .. ਬਈ ਭਲਿਆਮਾਣਸਾ.. ਇਕ ਨਿੱਕੇ ਜਿਹੇ ਤਵੀਤ ਦੀ ਫਰਮਾਇਸ਼ ਕੀ ਕਰ ਲਈ ਤੂੰ ਤਾਂ ਗਲੀ ਦਾ ਰਾਹ ਹੀ ਛੱਡ ਦਿੱਤਾ..
ਪ੍ਰੇਮੀ ਵਿਚਾਰਾ ਤਾਂ ਹੁਣੇ ਹੁਣੇ ਹਾਕਮ ਜੀ ਦਾ ਫਰਮਾਨ ਸੁਣ ਕੇ ਆਇਆ ਤੇ ਮਸ਼ੂਕ ਦੀ ਗਲੀ ਛੱਡ ਦੂਜੇ ਰਾਹ ਪੈ ਗਿਆ, ਤਵੀਤ ਤਵੀਤੜੀ ਖਰੀਦਦੇ ਨੂੰ ਇਨਕਮ ਟੈਕਸ ਆਲੇ ਨਾ ਘੇਰ ਲੈਣ, ਓਨੀ ਬਦਨਾਮੀ ਇਸ਼ਕ ਨੇ ਨਹੀਂ ਕਰਾਉਣੀ ਜਿੰਨੀ ਗੋਰੀਏ ਤੇਰੇ ਤਵੀਤ ਕਰਕੇ ਮੋਦੀ ਹਕੂਮਤ ਨੇ ਕਰ ਦੇਣੀ ਆ.. ਕਿ ਕਿੱਥੋਂ ਆਇਆ, ਕੀਹਦੇ ਲਈ ਲਿਆਇਆ.. ਅਸੀਂ ਤਾਂ ਕਿਸੇ ਨੂੰ ਨੌਕਰੀ ਦਿੱਤੀ ਨਹੀਂ.. ਤੇਰੇ ਕੋਲ ਤਵੀਤ ਖਰੀਦਣ ਲਈ ਪੈਸੇ ਕਿੱਥੋਂ ਆਏ..
ਬੱਸ ਜੀ ਸੌ ਗਜ ਰੱਸਾ ਸਿਰੇ ਗੰਢ, ਸੋ ਪ੍ਰੇਮੀ ਨੇ ਮਸ਼ੂਕਾ ਦੀ ਨਰਾੜਗੀ ਸਹੇੜਨੀ ਮਨਜ਼ੂਰ ਕਰ ਲਈ ਹਕੂਮਤ ਨਾਲ ਪੰਗਾ ਕੌਣ ਲਵੇ..
ਤਵੀਤ ਨਾ ਮਿਲਣ ‘ਤੇ ਰੁੱਸੀ ਬੈਠੀ ਬੀਬਾ ਜੀ ਨੇ ਸ਼ਾਇਦ ਸਰਕਾਰ ਜੀ ਦਾ ਫਰਮਾਨ ਨਹੀਂ ਸੁਣਿਆ ਬਈ ਹੁਣ ਗਹਿਣੇ ਗੱਟੇ ਸਰਕਾਰ ਦੀ ਮਰਜ਼ੀ ਨਾਲ ਈ ਰੱਖਣੇ ਪਹਿਨਣੇ ਪੈਣਗੇ.. ਬੀਬੀਓ ਫਰਮਾਇਸ਼ਾਂ ਘਟਾ ਦਿਓ ਹੁਣ..
ਸੋਨਾ ਸਰਕਾਰ ਜੀ ਦੀ ਮਰਜ਼ੀ ਨਾਲ ਰੱਖਣ ਦੇ ਫਰਮਾਨ ਨਾਲ ਗੀਤਾਂ ਦੇ ਬੋਲ ਬਦਲ ਜਾਣੇ ਨੇ, ਹੁਣ ਕੋਈ ਮਸ਼ੂਕ ਨੂੰ ਸੋਨੇ ‘ਚ ਸਾਰੀ ਨੂੰ ਮੜਾਉਣ ਦੀ ਗੱਲ ਨਹੀਂ ਕਰੂ.. ਹੁਣ ਤਾਂ ਕੋਈ ਮਾਹੀ ਤੋਂ ਕੋਕਾ ਵੀ ਨਾ ਮੰਗੂ, ਰਾਣੀ ਹਾਰ ਦਾ ਗੱਲ ਈ ਦੂਰ ਦੀ ਹੋ ਜਾਣੀ ਐ..
ਸਰਕਾਰ ਜੀ ਕਹਿੰਦੀ ਜੇ ਕਿਸੇ ਨੂੰ ਸੋਨੇ ਦਾ ਗਿਫਟ ਵੀ ਮਿਲਿਆ ਹੈ ਤਾਂ ਗਿਫਟ ਦੇਣ ਵਾਲੇ ਦੀ ਗਿਫਟ ਡੀਡ ਦਿਖਾਓ.. ਜੇ ਘਰ ਵਿੱਚ ਨਬਾਲਗ ਬੱਚਿਆਂ ਕੋਲ ਸੋਨੇ ਦਾ ਕੋਈ ਸਮਾਨ ਹੈ, ਨਾਨਕਿਆਂ ਦਾਦਕਿਆਂ ਨੇ ਜੰਮਣ ਵੇਲੇ ਕੰਗਣ, ਚੈਨੀਆਂ, ਮੁੰਦਰੀਆਂ, ਆਦਿ ਦਿੱਤੇ ਨੇ ਤਾਂ ਉਹ ਮਾਪਿਆਂ ਦੀ ਜਾਇਦਾਦ ਮੰਨੇ ਜਾਣਗੇ, ਤੇ ਜੇ ਮਿਥੀ ਮਿਕਦਾਰ ਤੋਂ ਵੱਧ ਪਾਏ ਗਏ ਤਾਂ ਜ਼ਬਤ ਹੋਣਗੇ ਜਾਂ ਫੇਰ ਮੋਟਾ ਟੈਕਸ ਭਰਵਾਇਆ ਜਾਊ।
ਜੇ ਕਿਸੇ ਬੀਬੀ ਕੋਲ ਸਰਕਾਰ ਜੀ ਦੇ ਕਹਿਣ ਮੁਤਾਬਕ 500 ਗ੍ਰਾਮ ਸੋਨਾ ਹੈ, ਤੇ ਬੀਬੀ ਚੜਾਈ ਕਰ ਗਈ ਤਾਂ ਇਹ ਸੋਨਾ ਪਤੀ ਕੋਲ ਆ ਗਿਆ, ਤਾਂ ਪਤੀ ਦੇਵ ਨੂੰ ਬੀਵੀ ਦਾ ਮੌਤ ਦਾ ਸਰਟੀਫਿਕੇਟ ਪੇਸ਼ ਕਰਨ ਦੇ ਨਾਲ ਨਾਲ ਇਹ ਵੀ ਸਾਬਤ ਕਰਨਾ ਪਊ ਕਿ ਪਤਨੀ ਨੇ ਸੋਨਾ ਕਿੱਥੋਂ ਤੇ ਕਿਵੇਂ ਲਿਆ ਸੀ।
ਖਾਨਦਾਨੀ ਮਿਲਿਆ ਸੋਨਾ ਸਾਬਤ ਕਰਨ ਲਈ ਜੱਦੀ ਜਾਇਦਾਦ ਦਾ ਤੇ ਸਹੂਲਤਾਂ ਸਮਾਨ ਦਾ ਵੇਰਵਾ ਵੀ ਦੇਣਾ ਪਊ ਕਿ ਐਨਾ ਸੋਨਾ ਖਰੀਦਣ ਰੱਖਣ ਦੀ ਔਕਾਤ ਵੀ ਰੱਖਦੇ ਸੀ ਪਿਓ ਦਾਦੇ.. ਕਿ ਕਾਲਾ ਧਨ ਹੀ ਹੈ।
ਜੇ ਸੋਨਾ ਕੈਸ਼ ਖਰੀਦਿਆ ਹੈ ਤਾਂ ਸਰੋਤ ਦੱਸਣੇ ਪੈਣਗੇ, ਜੇ ਚੈਕ ਦਿੱਤਾ ਤਾਂ ਚੈਕ ਦੀ ਕਾਪੀ ਰੱਖਣੀ ਪਊ।
ਸਰਕਾਰ ਨੇ ਇਹ ਫਰਮਾਨ ਜਾਰੀ ਕਿਉਂ ਕੀਤਾ, ਇਸ ਸਵਾਲ ‘ਤੇ ਸਰਕਾਰੀ ਖੇਮੇ ਦਾ ਕਹਿਣਾ ਹੈ ਕਿ ਪਤਾ ਲੱਗਿਆ ਹੈ ਕਿ ਬਹੁਤ ਸਾਰੇ ਲੋਕ ਕਾਲਾ ਧਨ ਖਪਾਉਣ ਲਈ ਸੋਨਾ ਖਰੀਦ ਕੇ ਰੱਖਦੇ ਨੇ, ਇਸ ਕਰਕੇ ਸਖਤੀ ਕੀਤੀ ਜਾ ਰਹੀ ਹੈ। ਪਰ ਇਹ ਨਿਯਮ ਓਥੇ ਸ਼ਾਇਦ ਹੀ ਲਾਗੂ ਹੋਣ, ਜਿੱਥੇ ਸੋਨੇ ਦੀ ਕਮੀਜ਼, ਸੋਨੇ ਦੀਆਂ ਤਾਰਾਂ ਵਾਲੀ ਸਾੜੀ, ਪਹਿਨੀ ਜਾਂਦੀ ਹੈ .. ਸੋਨੇ ਦੀਆਂ ਥਾਲੀਆਂ, ਚਮਚੇ ਵਰਤੇ ਜਾਂਦੇ ਨੇ..।
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ.. ਜਨਤਾ ਦੀ ਹਰ ਧੜਕਣ ਇਹੀ ਕਿਹਾ ਕਰੂ..।