• Home »
  • ਮਨੋਰੰਜਨ
  • » ‘ਰੰਗੂਨ’ ਨੇ ਡਿੱਗ ਚੁੱਕੇ ਸ਼ਾਹਿਦ ਕਪੂਰ ਨੂੰ ਦਿੱਤਾ ਮਜ਼ਬੂਤ ਠੁੰਮਣਾ

‘ਰੰਗੂਨ’ ਨੇ ਡਿੱਗ ਚੁੱਕੇ ਸ਼ਾਹਿਦ ਕਪੂਰ ਨੂੰ ਦਿੱਤਾ ਮਜ਼ਬੂਤ ਠੁੰਮਣਾ

‘ਰੰਗੂਨ’ ਫ਼ਿਲਮ ਨੇ ਡਿੱਗ ਚੁੱਕੇ ਸ਼ਾਹਿਦ ਕਪੂਰ ਨੂੰ ਮਜ਼ਬੂਤ ਠੁੰਮਣਾ ਦਿੱਤਾ ਹੈ ਤੇ ਪੂਰੀ ਸਰਗਰਮੀ ਨਾਲ ਉਹ ਇਤਿਹਾਸਕ ਫ਼ਿਲਮ ‘ਪਦਮਾਵਤੀ’ ਲਈ ਕੰਮ ਕਰ ਰਿਹਾ ਹੈ। ਨਾਲ ਹੀ ਉਹ ਆਪਣੀ ਧੀ ਰਾਣੀ ਮੀਸ਼ਾ ਨਾਲ ਸਮਾਂ ਬਤੀਤ ਕਰਕੇ ਪਰਿਵਾਰਕ ਜ਼ਿੰਮੇਵਾਰੀਆਂ ਤੇ ਬਾਪ ਦੇ ਫ਼ਰਜ਼ ਬਾਖੂਬੀ ਨਿਭਾਅ ਰਿਹਾ ਹੈ। ਆਪਣੀ ਪਤਨੀ ਮੀਰਾ ਵੱਲੋਂ ਮਾਵਾਂ ‘ਤੇ ਕੀਤੀ ਟਿੱਪਣੀ ‘ਤੇ ਉਸ ਜ਼ਿਆਦਾ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਮਸਲਾ ਸ਼ਾਂਤ ਹੈ, ਕਹਿ ਕੇ ਇਸ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਹਿਦ ਦੇ ਦਿਲ ਵਿਚ ਅਜੇ ਵੀ ਕਰੀਨਾ ਕਪੂਰ ਲਈ ਕੋਈ ਨਰਮ ਕੋਨਾ ਹੈ ਤੇ ਕਰੀਨਾ ਸਬੰਧੀ ਉਹ ਹਮੇਸ਼ਾ ਹੀ ਚੰਗਾ ਸੋਚਦਾ ਹੈ। ‘ਪਦਮਾਵਤੀ’ ਦੇ ਸਬੰਧ ਵਿਚ ਉਸ ਨੇ ਇਹੀ ਕਿਹਾ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾ ਰਹੀ ਹੈ। ‘ਪਦਮਾਵਤੀ’ ਲਈ ਸ਼ਾਹਿਦ ਦਿਲ ਤੋਂ ਜੁੜਿਆ ਹੋਇਆ ਹੈ। ਸ਼ਾਹਿਦ ਨੇ ਕਦੇ ਵੀ ਆਪਣੀ ਪਤਨੀ ਮੀਰਾ ਨੂੰ ਫ਼ਿਲਮਾਂ ਵਿਚ ਕੰਮ ਕਰਨ ਤੋਂ ਨਹੀਂ ਰੋਕਿਆ। ਹਾਲਾਂ ਕਿ ਮੀਰਾ ਜੋ ਵੀ ਫ਼ੈਸਲਾ ਲਵੇਗੀ ਉਹ ਸ਼ਾਹਿਦ ਦੀ ਸਲਾਹ ਨਾਲ ਹੀ ਹੋਏਗਾ। ਸ਼ਾਹਿਦ ਹੁਣ ਵੱਖਰੇ ਕਿਰਦਾਰ ਕਰ ਰਿਹਾ ਹੈ। ‘ਚਾਕਲੇਟੀ ਲੜਕੇ’ ਦੀ ਆਪਣੀ ਦਿੱਖ ਉਸ ਨੇ ਬਦਲ ਲਈ ਹੈ। ਸ਼ਾਹਿਦ ਹੁਣ ਸਾਧਾਰਨ ਤੇ ਹਲਕੇ-ਫੁਲਕੇ ਕੰਮ ਨੂੰ ਪਹਿਲ ਦੇ ਰਿਹਾ ਹੈ। ਚੰਗੀ ਫ਼ਿਲਮ ਚੰਗੀ ਨਹੀਂ ਚੱਲਦੀ, ਇਸ ਗੱਲ ਦਾ ਮਲਾਲ ਉਸ ਨੂੰ ਹੈ। ਗੱਲ ‘ਰੰਗੂਨ’ ਦੀ ਜੋ ਚੱਲੀ ਨਹੀਂ ਪਰ ਸ਼ਾਹਿਦ ਨੂੰ ਇਸ ਫ਼ਿਲਮ ਨੇ ਫਿਰ ਲੋਕਾਂ ਵਿਚ ਚਰਚਾ ਦਿੱਤੀ ਹੈ। ‘ਰੰਗੂਨ’ ਦੇ ਸਬੰਧ ਵਿਚ ਆਪ ਸ਼ਾਹਿਦ ਨੇ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨਾਲ ਸ਼ਾਹਿਦ ਦੇ ਪਿਆਰ ਦ੍ਰਿਸ਼ਾਂ ਦਾ ਉਲਟਾ ਪ੍ਰਚਾਰ ਉਲਟ ਪ੍ਰਭਾਵ ‘ਚ ਗਿਆ ਹੈ ਤੇ ਫ਼ਿਲਮ ਪਰਿਵਾਰਕ ਹੀ ਨਹੀਂ ਰਹੀ। ਇਸ ਤੋਂ ਇਲਾਵਾ ਸ਼ਾਹਿਦ ਕਪੂਰ ਦਾ ਮੰਨਣਾ ਹੈ ਕਿ ‘ਰੰਗੂਨ’ ਜ਼ਿਆਦਾ ਹੀ ਲੰਬੀ ਫ਼ਿਲਮ ਸੀ ਤੇ ਇਸ ਨੂੰ ਛੋਟੀ ਕਰਨ ਦੇ ਚੱਕਰ ਵਿਚ ਕਹਾਣੀ ਦਾ ਸਤਿਆਨਾਸ ਹੀ ਹੋ ਗਿਆ। ਫਿਰ ਵੀ ‘ਪਦਮਾਵਤੀ’ ਦੀ ਸ਼ੂਟਿੰਗ ਫ਼ਿਲਮੀ ਸਮਾਰੋਹਾਂ ‘ਚ ਸ਼ਾਹਿਦ ਕਪੂਰ ਦੀ ਸ਼ਿਰਕਤ ਤੇ ਪਤਨੀ ਮੀਰਾ ਦੀਆਂ ਗੱਲਾਂ ਸਭ ਦਾ ਲਾਭ ਉਸ ਨੂੰ ਹੋਇਆ ਹੈ, ਜਿਸ ਦੀ ਸਮੇਂ ਅਨੁਸਾਰ ਲੋੜ ਸੀ।