ਪੰਜਾਬੀਓ.. ਇਹ ਗੂੰਗਾਪਣ ਆਖਰ ਕਦੋਂ ਤੱਕ..??

ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ
ਸੱਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ
ਨਵੀਂ ਪਟਾਰੀ ਵੇਖ ਕੇ ਵਿੱਸਰ ਜਾਵੀਂ ਨਾ
ਬੀਨਾਂ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ
ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ
ਨਵਿਆਂ ਨੇ ਵੀ ਵਰਤੇ ਲਾਗ ਪੁਰਾਣੇ ਨੇ
ਕਿਉਂ ਨਾ ਰੌਲ਼ਾ ਪਾਵਾਂ ਕਿਸਰਾਂ ਚੁੱਪ ਰਵਾਂ
ਆਣ ਫੜੀ ਏ ਜਿਹਨਾਂ ਵਾਗ ਪੁਰਾਣੇ ਨੇ
ਠਾਰਨ ਸਾਨੂੰ ਪਾਲ਼ੇ ਧੁੱਪਾਂ ਸਾੜਦੀਆਂ
ਇਹ ਤੇ ਬਾਬਾ ਸਾਡੇ ਭਾਗ ਪੁਰਾਣੇ ਨੇ
ਪੰਜਾਬ ਦੀ ਮੌਜੂਦਾ ਹਾਲਤ ‘ਤੇ ਬਾਬਾ ਨਜ਼ਮੀ ਸਾਹਿਬ ਦੀ ਇਹ ਇੰਨ ਬਿੰਨ ਢੁਕਦੀ ਹੈ, ਕਿ ਸਭ ਕੁਝ ਪਹਿਲਾਂ ਜਿਹਾ ਹੈ, ਹਾਕਮ ਬਦਲੇ ਹਾਲਾਤ ਨਹੀਂ ਬਦਲੇ,
ਪਰ ਪੰਜਾਬ ਦੀ ਫਿਕਰਮੰਦੀ ਚ ਰੌਲ਼ਾ ਪਾਉਣ ਵਾਲੇ ਵਾਲੇ ਘੱਟ ਨੇ ਬਾਕੀ ਘੇਸਲ ਵੱਟ ਕੇ ਬੈਠੇ ਨੇ, ਇਸ ਘੇਸਲੀ ਚੁੱਪ ‘ਤੇ ਜਸਪਾਲ ਸਿੰਘ ਹੇਰਾਂ ਨੇ ਸਵਾਲ ਕੀਤਾ ਹੈ ਕਿ ਪੰਜਾਬੀਓ.. ਇਹ ਗੂੰਗਾਪਣ ਆਖਰ ਕਦੋਂ ਤੱਕ..??
ਨਵੇਂ ਵਰੇ 2018 ‘ਚ ਕੀ ਹੋਵੇਗਾ? ਚੰਗਾ ਹੋਵੇਗਾ ਜਾਂ ਮਾੜਾ? ਇਸ ਸਬੰਧੀ ਵੱਖ-ਵੱਖ ਖੇਤਰਾਂ ਦੇ ਮਾਹਿਰ ਆਪੋ-ਆਪਣੀ ਸੋਚ ਦੇ ਘੋੜੇ ਭਜਾ ਰਹੇ ਹਨ। ਅਸੀਂ ਆਸ ਦਾ ਪੱਲਾ ਛੱਡਣਾ ਨਹੀਂ ਚਾਹੁੰਦੇ, ਕਿਉਂਕਿ ‘ਜੀਵੇ ਆਸਾ ਮਰੇ ਨਿਰਾਸ਼ਾ’ ਅਨੁਸਾਰ ਅਸੀਂ ਚੰਗੇ ਨਤੀਜੇ ਦੀ ਉਡੀਕ ਚ ਹਾਂ। ਪਰ ਜੋ ਕੁਝ ਹਕੀਕੀ ਰੂਪ ਚ ਵਾਪਰ ਰਿਹਾ ਹੈ, ਜਿਹੜਾ ਸੱਚ ਚੜਦੇ ਸੂਰਜ ਵਾਂਗੂੰ ਸਾਫ਼ ਹੈ, ਉਸ ਅਨੁਸਾਰ ਹਾਲੇ ਪੰਜਾਬ ਦੇ ”ਵੈਂਟੀਲੇਟਰ” ਤੋਂ ਲਾਹੇ ਜਾਣ ਦੀ ਕੋਈ ਉਮੀਦ ਨਹੀਂ। ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕੋਈ ਕਿਰਨ ਦੂਰ-ਦੂਰ ਤੱਕ ਨਜ਼ਰ ਨਹੀਂ ਪੈ ਰਹੀ। ਬਾਦਲਾਂ ਦਾ 10 ਸਾਲ ਦਾ ਰਾਜ ਪੂਰੀ ਤਰਾਂ ਲੁੱਟ-ਖਸੁੱਟ ਦਾ ਕਾਲ ਰਿਹਾ। ਪੰਜਾਬ ਦੀ ਤਬਾਹੀ ਦੀ ਭਿਆਨਕ ਦਾਸਤਾਨ ਲਿਖਣ ਦਾ ਸਮਾਂ ਰਿਹਾ। ਹਰ ਖੇਤਰ ਚ ਪੰਜਾਬ ਥੱਲੇ-ਥੱਲੇ ਹੀ ਗਿਆ। ਇਥੋਂ ਤੱਕ ਕਿ ਗੁਰੂ ਸਾਹਿਬ ‘ਤੇ ਨਿਰੰਤਰ ਹੱਲੇ ਸ਼ੁਰੂ ਹੋ ਗਏ। ਪਰ ਰੋਕਣ ਵਾਲਾ ਕੋਈ ਕਿਧਰੇ ਵਿਖਾਈ ਨਹੀਂ ਦਿੱਤਾ। ਉਲਟਾ ਜੇ ਪੰਜਾਬ ਦੇ ਲੋਕਾਂ ਨੇ ਬੇਅਦਬੀ ਰੋਕਣ ਲਈ ਰੋਸ ਪ੍ਰਗਟਾਇਆ ਤਾਂ ਉਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਜਿਸਨੇ ਸਾਫ਼ ਕਰ ਦਿੱਤਾ ਕਿ ਬਾਦਲਾਂ ਦੀ ਸਰਕਾਰ ਬੇਅਦਬੀ ਵਾਲਿਆਂ ਦੇ ਨਾਲ ਹੈ। ਬਾਦਲਾਂ ਦੀ ਲੋੜ ਤੋਂ ਵੱਧ ਹੈਂਕੜ, ਲੁੱਟ ਤੇ ਮਾੜੇ ਪ੍ਰਬੰਧ ਨੇ ਪੰਜਾਬ ਦੇ ਲੋਕਾਂ ਦੇ ਨੱਕ ‘ਚ ਦਮ ਕਰ ਛੱਡਿਆ ਸੀ। ਜਿਸਦਾ ਉਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਪ੍ਰੰਤੂ ਹੁਣ ਜਦੋਂ ਪੰਜਾਬ ਚੋਂ ਬਾਦਲਕੇ ਜਾ ਚੁੱਕੇ ਹਨ ਅਤੇ ਕੈਪਟਨਕਿਆਂ ਨੂੰ ਆਇਆਂ ਸਾਲ ਭਰ ਹੋ ਚੱਲਿਆ ਹੈ ਤਾਂ ਵੀ ਪੰਜਾਬ ਦੇ ਮਾੜੇ ਹਾਲਾਤਾਂ ਤੋਂ ਕੋਈ ਰਾਹਤ ਕਿਧਰੇ ਨਹੀਂ ਮਿਲੀ।
ਕੈਪਟਨ ਵੱਲੋਂ ਪਵਿੱਤਰ ਗੁੱਟਕਾ ਸਾਹਿਬ ਨੂੰ ਹੱਥ ‘ਚ ਲੈ ਕੇ ਖਾਧੀ ਸਹੁੰ ਕਿਧਰੇ ਛੂ-ਮੰਤਰ ਹੋ ਗਈ ਹੈ।
ਸਰਕਾਰ ਬਦਲਣ ਨਾਲ ਹੋਰ ਕੋਈ ਅੰਤਰ ਤਾਂ ਕਿਧਰੇ ਵੀ ਵਿਖਾਈ ਨਹੀਂ ਦਿੱਤਾ। ਇੱਕ ਅੰਤਰ ਜ਼ਰੂਰ ਆਇਆ ਹੈ ”ਪੰਜਾਬ ਗੂੰਗਾ ਹੋ ਗਿਆ”, ਅੱਗੇ ਬਾਦਲਕਿਆਂ ਦੀ ਲੁੱਟ-ਖਸੁੱਟ ਦਾ ਮਾੜਾ-ਮੋਟਾ ਵਿਰੋਧ ਹੁੰਦਾ ਸੀ, ਚਾਹੇ ਉਹ ਮੀਡੀਏ ਵੱਲੋਂ ਹੋਵੇ, ਚਾਹੇ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਹੋਵੇ, ਚਾਹੇ ਕਿਸਾਨ-ਮਜ਼ਦੂਰਾਂ ਵੱਲੋਂ, ਚਾਹੇ ਬੇਰੁਜ਼ਗਾਰਾਂ ਵੱਲੋਂ ਹੋਵੇ, ਵਿਰੋਧ ਜ਼ਰੂਰ ਹੁੰਦਾ ਸੀ।
ਇਸ ਵਿਰੋਧ ‘ਤੇ ਭਾਵੇਂ ਬਾਦਲਕੇ ਘੇਸਲ ਹੀ ਵੱਟ ਛੱਡਦੇ ਸਨ, ਪਰ ਵਿਰੋਧ ਜ਼ਰੂਰ ਹੁੰਦਾ ਸੀ। 2017 ‘ਚ ਸਰਕਾਰ ਦੀ ਬਦਲੀ ਤੋਂ ਬਾਅਦ ਪੰਜਾਬ ‘ਚ ਲੁੱਟ-ਖਸੁੱਟ, ਭ੍ਰਿਸ਼ਟਾਚਾਰ, ਮਹਿੰਗਾਈ, ਅਫ਼ਸਰਸ਼ਾਹੀ ਰਾਜ, ਮਾਫ਼ੀਏ ਦੀ ਚਾਂਦੀ ਸਾਰਾ ਕੁਝ ਅੱਗੇ ਵਾਂਗੂੰ ਹੈ। ਕਈ ਖੇਤਰਾਂ ‘ਚ ਤਾਂ ਸਗੋਂ ਅੱਗੇ ਤੋਂ ਕਈ ਗੁਣਾਂ ਵੱਧ ਹੋ ਗਿਆ ਹੈ। ਪਰ ਇਸਦੇ ਬਾਵਜੂਦ ਵੀ ਪੰਜਾਬ ਪੂਰੀ ਤਰਾਂ ”ਗੂੰਗਾ”  ਹੈ।
ਮਰਦੇ ਪੰਜਾਬ ਨੂੰ ਆਕਸੀਜਨ ਦੇਣ ਲਈ ਤਾਂ ਕਿ ਉਹ ਵੈਂਟੀਲੇਟਰ ਤੋਂ ਲਾਹ ਲਿਆ ਜਾਵੇ, ਕੋਈ ਤਿਆਰ ਨਹੀਂ। ਹਾਕਮ ਧਿਰ ਬੁਰੀ ਤਰਾਂ ਫੇਲ ਹੋ ਗਈ ਹੈ। ਪੰਜਾਬ ‘ਚ ਸਰਕਾਰ ਨਾਮ ਦੀ ਕੋਈ ਚੀਜ਼ ਕਿਧਰੇ ਵਿਖਾਈ ਨਹੀਂ ਦਿੰਦੀ। ਇਸ ਲਈ ਸੱਤਾ ਧਿਰ ਤਾਂ ਕੁਝ ਬੋਲਣ ਜੋਗੀ ਹੈ ਨਹੀਂ। ਵਿਰੋਧੀ ਧਿਰ ‘ਚ ਆਮ ਆਦਮੀ ਪਾਰਟੀ ਬੈਠੀ ਹੈ। ਪੰਜਾਬ ਵਾਂਗੂੰ ਇਹ ਪਾਰਟੀ ਤਾਂ ਆਪ ਹੀ ਵੈਂਟੀਲੇਟਰ ‘ਤੇ ਹੈ। ਚੌਧਰ ਦੀ ਭੁੱਖ ਨੇ ਇਸ ਪਾਰਟੀ ਨੂੰ ਖਾ ਲਿਆ ਹੈ। ਤੀਜੀ ਧਿਰ ਬਾਦਲਕੇ ਹਨ, ਉਹ ਵੀ ਕੁਝ ਬੋਲਣ ਜੋਗੇ ਨਹੀਂ ਕਿਉਂਕਿ ਉਨਾਂ ਦੇ ਮੂੰਹ ਖੁੱਲਣ ‘ਤੇ ਝੱਟ ਠਾਹ ਸੋਟਾ ਵੱਜਦਾ ਹੈ- ਕਿ  ”ਆਪਣਾ ਵੇਲਾ ਭੁੱਲ ਗਏ” ਪਹਿਲਾਂ ਆਪਣੀ ਪੀੜੀ ਹੇਠ ਸੋਟਾ ਤਾਂ ਫੇਰ ਲਓ। ਪੰਜਾਬ ‘ਚ ਚਾਰੇ ਪਾਸੇ ਹਾਹਾਕਾਰ ਹੈ, ਪਰ ਨਾ ਤਾਂ ਕਿਧਰੇ ਕੋਈ ਹਾਅ ਦਾ ਨਾਅਰਾ ਮਾਰਨ ਵਾਲਾ ਵਿਖਾਈ ਦਿੰਦਾ ਹੈ ਅਤੇ ਨਾ ਹੀ ਕਿਧਰੇ ਕੋਈ ਵਿਰੋਧ ਪ੍ਰਗਟਾਉਣ ਵਾਲਾ। ਪੰਜਾਬ ”ਵੈਂਟੀਲੇਟਰ” ‘ਤੇ ਸਿਰਫ਼ ਆਪਣੀ ਮੌਤ ਉਡੀਕ ਰਿਹਾ ਹੈ। ਕਿਉਂਕਿ ਇਲਾਜ ਕਰਨ ਵਾਲੇ ਡਾਕਟਰ ਨੂੰ ਇਲਾਜ ‘ਚ ਕੋਈ ਦਿਲਚਸਪੀ ਹੀ ਨਹੀਂ ਰਹੀ। ਕਿਸੇ ਦੇ ਚੂੰਢੀ ਵੱਢੀ ਜਾਵੇ ਤਾਂ ਵੀ ਉਹ ਪੀੜਾਂ ਨਾਲ ਭਰ ਕੇ ਚੀਖ਼ ਮਾਰਦਾ ਹੈ। ਪਰ ਇੱਥੇ ਤਾਂ ਪੰਜਾਬ ਦਾ ਗ਼ਲਾ ਘੁੱਟਿਆ ਜਾ ਰਿਹਾ ਹੈ। ਪਰ ਮਰਨ ਵਾਲਾ ਘੁੱਟਦੇ ਸਾਹ ਚ ਲੱਤਾਂ ਵੀ ਮਾਰਨੀਆਂ ਛੱਡ ਚੁੱਕਾ ਹੈ। ਅਣਖ਼ੀਲੇ ਪੰਜਾਬ ਦਾ ਜ਼ੋਰ-ਜਬਰ, ਬੇਇਨਸਾਫ਼ੀ, ਧੱਕੇਸ਼ਾਹੀ ਤੇ ਲੁੱਟ-ਖਸੁੱਟ ਵਿਰੁੱਧ ਖ਼ਾਮੋਸ਼ ਹੋ ਜਾਣਾ, ਗਾਂਧੀ ਦੇ ਬਾਂਦਰਾਂ ਵਾਂਗੂੰ, ਉਲਟਾ ਅੱਖ, ਕੰਨ ਤੇ ਮੂੰਹ ਬੰਦ ਕਰ ਲੈਣਾ, ਬੇਹੱਦ ਹੈਰਾਨੀਜਨਕ ਹੈ ਕਿਉਂਕਿ ਪੰਜਾਬ ਦੀ ਇਹ ਵਿਰਾਸਤ ਨਹੀਂ। ਪੰਜਾਬ ਦਾ ਜ਼ੁਲਮ ਵਿਰੁੱਧ  ਗੂੰਗਾ ਹੋ ਜਾਣਾ, ਪੰਜਾਬ ਦੀ ਸੰਘਰਸ਼ ਭਰੀ ਵਿਰਾਸਤ ਦੇ ਮੱਥੇ ‘ਤੇ ਕਲੰਕ ਹੈ।
ਪਰ ਜਦ ਤਕੱ ਸਾਸ ਤਦ ਤੱਕ ਆਸ, ਅਸੀਂ ਫ਼ਿਰ ਵੀ ਉਡੀਕ ਕਰ ਰਹੇ ਹਾਂ ਕਿ ਇਸ ਕਲੰਕ ਨੂੰ ਮਿਟਾਉਣ ਲਈ ਪੰਜਾਬ ਦੀ ਮਿੱਟੀ ‘ਚ ਵੰਗਾਰ ਜ਼ਰੂਰ ਪੈਦਾ ਹੋਵੇਗੀ।